ਨਵੀਂ ਦਿੱਲੀ : ਕੇਂਦਰੀ ਜਲ ਊਰਜਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਵੀਰਵਾਰ ਕਿਹਾ ਕਿ ਕੇਂਦਰ ਸਰਕਾਰ ਰਾਜਾਂ ਵਿਚਾਲੇ ਆਪਸੀ ਸਮਝੌਤਿਆਂ ਦੇ ਆਧਾਰ ’ਤੇ ਦਰਿਆਵਾਂ ਨੂੰ ਆਪਸ ਵਿਚ ਜੋੜਨ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਵਿਚਾਰ ਨੂੰ ਪੂਰਾ ਕਰਨ ਲਈ ਵਚਨਬੱਧ ਹੈ।
ਉਨ੍ਹਾ ਲੋਕ ਸਭਾ ’ਚ ਪ੍ਰਸ਼ਨ ਕਾਲ ’ਚ ਇਹ ਵੀ ਕਿਹਾ ਕਿ ਜੇ ਸਾਰੇ ਸੂਬੇ ਸਹਿਮਤ ਹੋਣ ਅਤੇ ਦਰਿਆਵਾਂ ਨਾਲ ਸੰਬੰਧਤ ਸਾਰੇ ਲਿੰਕ ਜੁੜ ਜਾਣ ਤਾਂ ਸਦੀਆਂ ਲਈ ਜਲ ਸਰੋਤਾਂ ਦੀ ਕਮੀ ਦੀ ਚੁਣੌਤੀ ਨਾਲ ਨਜਿੱਠਿਆ ਜਾ ਸਕਦਾ ਹੈ। ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ ਦੇਸ਼ ’ਚ ਦਰਿਆਵਾਂ ਨੂੰ ਆਪਸ ਵਿੱਚ ਜੋੜਨ ਦੇ ਸੰਬੰਧ ’ਚ ਪੰਜ ਤਰਜੀਹੀ ਪ੍ਰਾਜੈਕਟਾਂ ਦੀ ਪਛਾਣ ਕੀਤੀ ਗਈ ਹੈ, ਜਿਸ ’ਚ ਯੂ ਪੀ ਅਤੇ ਮੱਧ ਪ੍ਰਦੇਸ਼ ਦਰਮਿਆਨ ਸਮਝੌਤਾ ਹੋਇਆ ਹੈ ਅਤੇ ਪੜਾਅ-1 ਪੂਰਾ ਹੋ ਗਿਆ ਹੈ। ਪੜਾਅ-2 ਲਈ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਇਸੇ ਤਰ੍ਹਾਂ ਮੱਧ ਪ੍ਰਦੇਸ਼ ਅਤੇ ਰਾਜਸਥਾਨ ਨੂੰ ਵੀ ਅਜਿਹੇ ‘ਲਿੰਕ’ ਪ੍ਰਾਜੈਕਟ ’ਤੇ ਸਹਿਮਤੀ ਬਣਾਉਣ ਲਈ ਬੇਨਤੀ ਕੀਤੀ ਗਈ ਹੈ। ਉਨ੍ਹਾ ਕਿਹਾ ਕਿ 2014 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਬਣਨ ਤੋਂ ਬਾਅਦ ਦੇਸ਼ ’ਚ 31 ਅਜਿਹੇ ‘ਲਿੰਕ’ ਦੀ ਸ਼ਨਾਖਤ ਕੀਤੀ ਗਈ ਸੀ, ਜਿੱਥੇ ਪਾਣੀ ਦੀ ਬਹੁਤਾਤ ਹੈ ਅਤੇ ਜਿੱਥੋਂ ਘਾਟ ਵਾਲੇ ਇਲਾਕਿਆਂ ’ਚ ਪਾਣੀ ਪਹੁੰਚਾਇਆ ਜਾ ਸਕਦਾ ਹੈ।