ਤਿਰੁਅਨੰਤਪੁਰਮ : ਸਰਕਾਰੀ ਮੈਡੀਕਲ ਕਾਲਜ ਦੀ ਨੌਜਵਾਨ ਡਾਕਟਰ ਨੇ ਖੁਦਕੁਸ਼ੀ ਕਰ ਲਈ ਜਦੋਂ ਉਸ ਦਾ ਸਾਥੀ ਡਾਕਟਰ, ਜਿਸ ਨਾਲ ਉਸ ਨੇ ਵਿਆਹ ਕਰਾਉਣਾ ਸੀ, ਪਰਵਾਰ ਦੀ ਦਾਜ ਦੀ ਮੰਗ ਪੂਰੀ ਨਾ ਹੋਣ ’ਤੇ ਮੁੱਕਰ ਗਿਆ। ਜਦੋਂ ਸ਼ਾਹਾਨਾ ਬੀਤੇ ਸੋਮਵਾਰ ਡਿਊਟੀ ’ਤੇ ਨਾ ਆਈ ਤਾਂ ਸਾਥੀਆਂ ਨੇ ਦੇਖਿਆ ਕਿ 28 ਸਾਲਾ ਸ਼ਾਹਾਨਾ ਪੋਸਟ-ਗ੍ਰੈਜੂਏਟ ਸਟੂਡੈਂਟਸ ਹੋਸਟਲ ਵਿਚ ਬੇਸੁਰਤ ਪਈ ਹੈ। ਬਾਅਦ ਵਿਚ ਉਸ ਨੇ ਦਮ ਤੋੜ ਦਿੱਤਾ। ਸ਼ੁਰੂ ਵਿਚ ਪੁਲਸ ਨੇ ਗੈਰ-ਕੁਦਰਤੀ ਮੌਤ ਦਾ ਕੇਸ ਦਰਜ ਕੀਤਾ ਸੀ ਪਰ ਸ਼ਾਹਾਨਾ ਦੇ ਕਮਰੇ ਵਿੱਚੋਂ ਮਿਲੇ ਖੁਦਕੁਸ਼ੀ ਨੋਟ, ਜਿਸ ਵਿਚ ਉਸ ਨੇ ਸੰਕੇਤ ਦਿੱਤਾ ਹੈ ਕਿ ਰੁਵਾਈਜ਼ ਨੇ ਉਸ ਦੇ ਘਰਦਿਆਂ ਤੋਂ ਹੱਦੋਂ ਵੱਧ ਦਾਜ ਮੰਗਿਆ ਸੀ, ਤੋਂ ਬਾਅਦ ਕੇਸ ਵਿਚ ਦਾਜ ਰੋਕੂ ਕਾਨੂੰਨ ਤੇ ਖੁਦਕੁਸ਼ੀ ਲਈ ਉਕਸਾਉਣ ਦੀ ਧਾਰਾ ਲਾਉਣੀ ਪਈ।
ਪੁਲਸ ਨੇ ਮਾਮਲੇ ਵਿਚ ਰੈਜ਼ੀਡੈਂਟ ਟਰੇਨੀ ਡਾਕਟਰ ਈ ਏ ਰੁਵਾਈਜ਼, ਜੋ ਕਿ ਕੇਰਲਾ ਦੇ ਰੈਜ਼ੀਡੈਂਟ ਟਰੇਨੀ ਡਾਕਟਰਾਂ ਦੀ ਜਥੇਬੰਦੀ ਕੇਰਲਾ ਮੈਡੀਕਲ ਪੋਸਟ-ਗ੍ਰੈਜੂਏਟ ਐਸੋਸੀਏਸ਼ਨ ਦਾ ਪ੍ਰਧਾਨ ਵੀ ਹੈ, ਨੂੰ ਹਿਰਾਸਤ ’ਚ ਲੈ ਲਿਆ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਐਸੋਸੀਏਸ਼ਨ ਨੇ ਰੁਵਾਈਜ਼ ਨੂੰ ਪ੍ਰਧਾਨਗੀ ਤੋਂ ਹਟਾ ਦਿੱਤਾ। ਪੁਲਸ ਨੇ ਦੱਸਿਆ ਕਿ ਸ਼ਾਹਾਨਾ ਤੇ ਰੁਵਾਈਜ਼ ਦੋਸਤ ਸਨ ਤੇ ਉਨ੍ਹਾਂ ਵਿਆਹ ਕਰਾਉਣ ਦਾ ਫੈਸਲਾ ਕੀਤਾ ਸੀ, ਪਰ ਤਿਰੁਅਨੰਤਪੁਰਮ ਦੇ ਵਨਜਾਰਾਮੂਡੂ ’ਚ ਰਹਿੰਦੇ ਸ਼ਾਹਾਨਾ ਦੇ ਪਰਵਾਰ ਵੱਲੋਂ ਦਾਜ ਦੀ ਮੰਗ ਪੂਰੀ ਕਰਨ ਤੋਂ ਅਸਮਰੱਥਾ ਜ਼ਾਹਰ ਕਰਨ ’ਤੇ ਵਿਆਹ ਤੋਂ ਮੁੱਕਰ ਗਿਆ। ਸ਼ਾਹਾਨਾ ਦੇ ਪਿਤਾ ਅਬਦੁਲ ਅਜ਼ੀਜ਼, ਜਿਸ ਨੇ ਕਈ ਸਾਲ ਮੱਧ-ਪੂਰਬ ਵਿਚ ਕੰਮ ਕੀਤਾ, ਦੀ ਦੋ ਸਾਲ ਪਹਿਲਾਂ ਮੌਤ ਹੋ ਗਈ ਸੀ। ਉਨ੍ਹਾਂ ਦੇ ਗਵਾਂਢੀ ਅਤੇ ਨੇਲਾਂਦ ਪਿੰਡ ਦੇ ਪੰਚ ਐਡਵੋਕੇਟ ਐੱਸ ਸੁਧੀਰ ਨੇ ਦੱਸਿਆ ਕਿ ਰੁਵਾਈਜ਼ ਪਿਛਲੇ ਮਹੀਨੇ ਵਿਆਹ ਦੀ ਤਜਵੀਜ਼ ਲੈ ਕੇ ਸ਼ਾਹਾਨਾ ਦੇ ਘਰ ਆਇਆ ਸੀ। ਫਿਰ ਸ਼ਾਹਾਨਾ ਦਾ ਪਰਵਾਰ ਰੁਵਾਈਜ਼ ਦੇ ਕੋਲਮ ਸਥਿਤ ਘਰ ਗਿਆ। ਵਿਆਹ ਤੈਅ ਹੋ ਗਿਆ ਸੀ ਤੇ ਸ਼ਾਹਾਨਾ ਬਹੁਤ ਖੁਸ਼ ਹੋਈ ਸੀ। ਸ਼ਾਹਾਨਾ ਦਾ ਪਰਵਾਰ 50 ਲੱਖ ਰੁਪਏ, 50 ਸੌਵਰੇਨ ਸੋਨਾ (ਇਕ ਸੌਵਰੇਨ 8 ਗਰਾਮ ਦਾ) ਤੇ ਕਾਰ ਦੇਣ ਲਈ ਤਿਆਰ ਹੋ ਗਿਆ ਸੀ, ਪਰ ਰੁਵਾਈਜ਼ ਨੇ 150 ਸੌਵਰੇਨ ਸੋਨਾ, 15 ਏਕੜ ਜ਼ਮੀਨ ਤੇ ਬੀ ਐੱਮ ਡਬਲਿਊ ਕਾਰ ਮੰਗੀ। ਸ਼ਾਹਾਨਾ ਦਾ ਪਰਵਾਰ ਏਨੀ ਮੰਗ ਪੂਰੀ ਨਹੀਂ ਕਰ ਸਕਦਾ ਸੀ, ਕਿਉਕਿ ਉਨ੍ਹਾਂ ਦੀ ਕਮਾਈ ਦਾ ਕੋਈ ਵਸੀਲਾ ਨਹੀਂ ਸੀ, ਸਿਰਫ 15 ਏਕੜ ਜ਼ਮੀਨ ਵਿਚ ਇਕ ਘਰ ਹੀ ਸੀ। ਮਾਂ ਧੀ ਦੇ ਵਿਆਹ ਲਈ ਜ਼ਮੀਨ ਵੀ ਵੇਚ ਸਕਦੀ ਸੀ। ਜਦੋਂ ਰੁਵਾਈਜ਼ ਨੇ ਦਾਜ ਦੀ ਮੰਗ ਪੂਰੀ ਨਾ ਹੋਣ ’ਤੇ ਵਿਆਹ ਤੋਂ ਨਾਂਹ ਕਰ ਦਿੱਤੀ ਤਾਂ ਸ਼ਾਹਾਨਾ ਮਾਨਸਿਕ ਤੌਰ ’ਤੇ ਹਿੱਲ ਗਈ। ਵਿਆਹ ਦਾ ਰੌਲਾ ਪੈ ਚੁੱਕਾ ਸੀ, ਇਸ ਕਰਕੇ ਸ਼ਾਹਾਨਾ ਹੋਰਨਾਂ ਨੂੰ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਹੀ ਸੀ। ਪਤਾ ਲੱਗਾ ਹੈ ਕਿ ਰੁਵਾਈਜ਼ ਨੇ ਹੋਰਨਾਂ ਵਿਦਿਆਰਥੀਆਂ ਅੱਗੇ ਸ਼ਾਹਾਨਾ ਦੀ ਜਨਤਕ ਤੌਰ ’ਤੇ ਬੇਇੱਜ਼ਤੀ ਵੀ ਕੀਤੀ ਸੀ। ਸਿਹਤ ਮੰਤਰੀ ਵੀਨਾ ਜਾਰਜ ਨੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਤੋਂ ਮਾਮਲੇ ’ਚ ਰਿਪੋਰਟ ਮੰਗੀ ਹੈ।
ਕੇਰਲਾ ਦੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਪੀ ਸਤੀਦੇਵੀ ਨੇ ਸ਼ਾਹਾਨਾ ਦੇ ਘਰ ਦਾ ਦੌਰਾ ਕੀਤਾ ਤੇ ਕਿਹਾ ਕਿ ਨੌਜਵਾਨ ਕੁੜੀਆਂ ਨੂੰ ਹਿੰਮਤ ਦਿਖਾਉਣੀ ਚਾਹੀਦੀ ਹੈ ਤੇ ਦਾਜ ਮੰਗਣ ਵਾਲਿਆਂ ਨੂੰ ਵਿਆਹ ਤੋਂ ਨਾਂਹ ਕਰ ਦੇਣੀ ਚਾਹੀਦੀ ਹੈ।