ਸ਼ਾਹਕੋਟ (ਗਿਆਨ ਸੈਦਪੁਰੀ)-ਪਿੰਡ ਕਾਸੂਪੁਰ ਦੇ ਵੱਡੇ ਖੇਡ ਮੈਦਾਨ ਵਿੱਚ ਇੱਕ ਪਾਸੇ ਗਤਕੇ ਦੇ ਕਰਤੱਬਾਂ ਰਾਹੀਂ ਸਿੰਘਾਂ ਦੇ ਬਹਾਦਰੀ ਭਰੇ ਇਤਿਹਾਸ ਨੂੰ ਰੂਪਮਾਨ ਕੀਤਾ ਜਾ ਰਿਹੈ ਤੇ ਦੂਸਰੇ ਪਾਸੇ ਵਾਲੀਬਾਲ ਦੀ ਖੇਡ ਦਾ ਕਲਾਤਮਕ ਪ੍ਰਦਰਸ਼ਨ ਹੋ ਰਿਹਾ ਹੈ | ਕੁਲਫੀਆਂ ਚੂਪਦੇ ਤੇ ਜਲੇਬੀਆਂ ਖਾਂਦੇ ਮੇਲੀਆਂ ਦੇ ਕੰਨੀਂ ਡੋਲੀ ਸਿੰਘ ਦੀ ਮਖਮਲੀ ਆਵਾਜ਼ ਵਿੱਚ ‘ਕਣਕਾਂ ਨੂੰ ਲੱਗ ਗਈਆਂ ਬੱਲੀਆਂ ਵੇ ਬੇਲੀਆ ਪਾ ਭੰਗੜੇ..’ ਦੇ ਬੋਲ ਰਸ ਘੋਲਦੇ ਹਨ ਤਾਂ ਵਿਸਾਖੀ ਦੇ ਮੇਲੇ ਦਾ ਸਿਖਰ ‘ਤੇ ਪਹੁੰਚਣ ਦਾ ਅਹਿਸਾਸ ਮਨਾਂ ਅੰਦਰ ਤਰੰਗਾਂ ਪੈਦਾ ਕਰ ਰਿਹਾ ਹੰਦਾ ਹੈ | ਉਕਤ ਸਤਰਾਂ ਪਿੰਡ ਕਾਸੂਪੁਰ ਵਿੱਚ 2017 ਨੂੰ ਵਿਸਾਖੀ ਮੇਲੇ ਦੀ ਹੋਈ ਸ਼ੂਟਿੰਗ ਉਪਰੰਤ ਲਿਖੇ ਗਏ ਲੇਖ ਦੀ ਭੂਮਿਕਾ ਵਿੱਚ ਹਨ | ਇਹ ਸਤਰਾਂ 9 ਅਤੇ 10 ਦਸੰਬਰ ਨੂੰ ਹੋ ਰਹੇ ਸ. ਚਾਨਣ ਸਿੰਘ ਚੰਦੀ ਸ. ਪ੍ਰਦੁੱਮਣ ਸਿੰਘ ਚੰਦੀ ਯਾਦਗਾਰੀ ਖੇਡ ਮੇਲੇ ਦੇ ਸੰਦਰਭ ਵਿੱਚ ਲਿਖੀਆਂ ਗਈਆਂ ਹਨ | ਇਨ੍ਹਾਂ ਸਤਰਾਂ ਦੇ ਲਿਖਣ ਦਾ ਮੰਤਵ ਇਹ ਦਰਸਾਉਂਦਾ ਹੈ ਕਿ ਇੱਥੋਂ ਦਾ ਖੇਡ ਮੇਲਾ ਕਬੱਡੀ ਅਤੇ ਵਾਲੀਬਾਲ ਦੀ ਖੇਡ ਨੂੰ ਉਤਸ਼ਾਹਤ ਕਰਕੇ ਖਿਡਾਰੀਆਂ ਨੂੰ ਅੰਬਰੀਂ ਉਡਣ ਦਾ ਮੌਕਾ ਮੁਹੱਈਆ ਤਾਂ ਕਰਦਾ ਹੀ ਹੈ ਸਗੋਂ ਇਹ ਸੱਭਿਆਚਾਰਕ, ਸਾਹਿਤਕ, ਸੰਗੀਤਕ ਤੇ ਸਮਾਜਕ ਸਰੋਕਾਰਾਂ ਦੇ ਫਿਕਰਾਂ ਦੀ ਬਾਂਹ ਵੀ ਫੜਦਾ ਹੈ | ਸ. ਹਰਬੰਸ ਸਿੰਘ ਚੰਦੀ ਹੁਰਾਂ 1993 ਵਿੱਚ ਆਪਣੇ ਪਿਤਾ ਸ. ਚਾਨਣ ਸਿੰਘ ਚੰਦੀ ਦੀ ਮਿੱਠੀ ਯਾਦ ਨੂੰ ਸਦੀਵੀ ਬਣਾਉਣ ਦੇ ਸਾਰਥਿਕ ਯਤਨ ਵਜੋਂ ਖੇਡ ਮੇਲਾ ਸ਼ੁਰੂ ਕੀਤਾ ਸੀ | ਤਿੰਨ ਦਹਾਕਿਆਂ ਦੇ ਸ਼ਾਨਦਾਰ ਸਫਰ ਤਾੋ ਬਾਅਦ ਅੱਜ ਇਹ ਉਸ ਮੁਕਾਮ ‘ਤੇ ਪਹੁੰਚਿਆ ਹੈ, ਜਿੱਥੇ ਪਹੁੰਚਣ ਦਾ ਫਖਰ ਵਿਰਲੇ ਟਾਵੇਂ ਸਮਾਗਮਾਂ ਨੂੰ ਹੀ ਮਿਲਦਾ ਹੈ | ਉਪਰ ਜ਼ਿਕਰ ਸ਼ੂਟ ਹੋਇਆ ਵਿਸਾਖੀ ਮੇਲਾ ਦੂਰਦਰਸ਼ਨ ਜਲੰਧਰ ਤੋਂ ਟੈਲੀਕਾਸਟ ਹੋਇਆ ਸੀ ਤੇ ਇਸ ਨੇ ਭਰਪੂਰ ਪ੍ਰਸੰਸਾ ਖੱਟੀ ਸੀ | ਇੱਥੇ ਲੱਗਦੇ ਖੇਡ ਮੇਲਿਆਂ ਵਿੱਚੋਂ ਇੱਕ ਹੋਰ ਮੇਲੇ ਦੇ ਲੇਖ ਦੀ ਭੂਮਿਕਾ ਦਾ ਜ਼ਿਕਰ ਕੁਥਾਂ ਨਹੀ ਹੋਵੇਗਾ | ‘ਜ਼ਿਲ੍ਹਾ ਜਲੰਧਰ ਦੀ ਸਬ-ਡਵੀਜ਼ਨ ਸ਼ਾਹਕੋਟ, ਸਬ-ਡਵੀਜ਼ਨ ਦਾ ਪਿੰਡ ਕਾਸੂਪੁਰ | ਇੱਥੇ ਉਸਾਰੇ ਗਏ ਸ. ਚਾਨਣ ਸਿੰਘ ਚੰਦੀ ਯਾਦਗਾਰੀ ਖੇਡ ਸਟੇਡੀਅਮ ਵਿੱਚ ਹਰ ਸਾਲ ਕਰਵਾਈਆਂ ਜਾਂਦੀਆਂ ਖੇਡਾਂ ਦੀ ਇਬਾਰਤ ਹੁਣ ਭਾਰਤ ਪੱਧਰ ਦੀ ਕੈਨਵਸ ‘ਤੇ ਲਿਖੀ ਜਾਣ ਲੱਗ ਪਈ ਹੈ | ਗੱਲ ਭਾਵੇਂ ਪੰਜਾਬ ਦੀਆਂ ਰਵਾਇਤੀ ਖੇਡਾਂ ਦੀ ਹੋਵੇ, ਪੰਜਾਬੀਆਂ ਦੀ ਹਰਮਨ-ਪਿਆਰੀ ਖੇਡ ਕਬੱਡੀ ਦੀ ਤੇ ਭਾਵੇਂ ਪੰਜਾਬੀਆਂ ਦੀ ਇੱਕ ਹੋਰ ਮਨਪੰਸਦ ਖੇਡ ਵਾਲੀਬਾਲ ਦੀ ਹੋਵੇ, ਇਨ੍ਹਾਂ ਦਾ ਇੱਥੇ ਇੱਕ ਜਸ਼ਨ ਵਾਂਗ ਪ੍ਰਦਰਸ਼ਨ ਹੁੰਦਾ ਹੈ |
ਤੀਹਾਂ ਸਾਲਾਂ ਦੇ ਅਰਸੇ ਦੌਰਾਨ ਕੁਝ ਬੇਹੱਦ ਅਣਸੁਖਾਵੀਆਂ ਘਟਨਾਵਾਂ ਕਾਰਨ ਦੋ ਵਾਰ ਇੱਥੇ ਖੇਡ ਮੇਲਾ ਨਹੀਂ ਲੱਗ ਸਕਿਆ | 29 ਸਾਲਾਂ ਦੀ ਲਗਾਤਾਰਤਾ ਆਪਣੇ ਆਪ ਵਿੱਚ ਇੱਕ ਇਤਿਹਾਸਕ ਮੀਲ ਪੱਥਰ ਹੈ | ਇਨ੍ਹਾਂ ਸਾਲਾਂ ਦੌਰਾਨ ਖੇਡ ਮੇਲੇ ਦਾ ਹਿੱਸਾ ਬਣਦੀਆਂ ਰਹੀਆਂ ਮਹੱਤਵਪੂਰਨ ਸ਼ਖਸੀਅਤਾਂ ਦੀ ਲਿਸਟ ਬੜੀ ਲੰਬੀ ਹੈ | ਇੱਥੇ ਸਿਰਫ ਕੁਝ ਕੁ ਸ਼ਖਸੀਅਤਾਂ ਦਾ ਹੀ ਜ਼ਿਕਰ ਹੋ ਸਕੇਗਾ | ਵੇਲੇ ਦੇ ਗਵਰਨਰ ਲੈਫਟੀਨੈਂਟ ਜਨਰਲ (ਰਿਟਾ.) ਬੀ. ਕੇ. ਐੱਨ. ਛਿੱਬਰ ਖੇਡ ਮੇਲੇ ਦੇ ਮੁੱਖ ਮਹਿਮਾਨ ਬਣ ਕੇ ਆਏ ਤਾਂ ਉਹ ਸਟੇਡੀਅਮ ਦਾ ਮਾਹੌਲ ਦੇਖ ਕੇ ਇੰਨੇ ਪ੍ਰਭਾਵਿਤ ਹੋਏ ਕਿ ਨਿਰਧਾਰਤ ਸਮੇਂ ਤੋਂ ਵੱਧ ਸਮਾਂ ਗੁਜ਼ਾਰ ਕੇ ਗਏ | ਪੁੱਡੀਚਰੀ ਦੇ ਸਾਬਕਾ ਲੈਫਟੀਨੈਂਟ ਗਵਰਨਰ ਡਾ. ਇਕਬਾਲ ਸਿੰਘ ਤਾਂ ਇਸ ਖੇਡ ਮੇਲੇ ਦੀ ਰੂਹ ਰਹੇ ਹਨ | ਪੱਤਰਕਾਰਤਾ ਦੀ ਦੁਨੀਆ ਅਤੇ ਸਿਆਸੀ ਵਿਸ਼ਲੇਸ਼ਕਾਂ ਵਿੱਚ ਵੱਖਰਾ ਨਿਆਰਾ ਸਥਾਨ ਰੱਖਣ ਵਾਲੇ ਕਾਮਰੇਡ ਜਗਜੀਤ ਸਿੰਘ ਆਨੰਦ ਕਾਸੂਪੁਰ ਦੇ ਖੇਡ ਮੇਲੇ ਦੇ ਹਰ ਪਹਿਲੂ ਨੂੰ ਨੇੜਿਓਾ ਤੱਕਦੇ ਰਹੇ ਹਨ | ਵੇਲੇ ਦੇ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਦੇ ਨਿੱਜੀ ਸਹਾਇਕ ਸ਼੍ਰੀਮਤੀ ਰਸ਼ਮੀ ਚੌਧਰੀ ਵੀ ਇੱਕ ਮੇਲੇ ਵਿੱਚ ਆਪਣੀ ਭਰਵੀਂ ਹਾਜ਼ਰੀ ਲਗਵਾ ਕੇ ਗਏ ਸਨ | ਪੰਜਾਬੀ ਗਾਇਕੀ ਦਾ ਮੂੰਹ ਮੁਹਾਂਦਰਾ ਰਹੀ ਗਾਇਕਾ ਸ਼੍ਰੀਮਤੀ ਸੁੱਖੀ ਬਰਾੜ ਸੰਗੀਤਕ ਸੁਰਾਂ ਰਾਹੀਂ ਮੇਲੇ ਨਾਲ ਇੱਕ ਸੁਰ ਹੁੰਦੀ ਰਹੀ ਹੈ | ਕਸ਼ਮੀਰੀ ਤਹਿਜ਼ੀਬ ਦੀ ਜਿਊਾਦੀ ਜਾਗਦੀ ਤਸਵੀਰ ਜਨਾਬ ਅਸ਼ੋਕ ਜੇਲਖਾਨੀ ਅਤੇ ਸੱਯਾਦ ਸ਼ਹਿਰਯਾਰ ਕਾਸੂਪੁਰ ਦੇ ਮੇਲੇ ਨਾਲ ਜੁੜ ਕੇ ਆਪਣੇ ਆਪ ਨੂੰ ਧੰਨ ਸਮਝਿਆ ਕਰਦੇ ਸਨ | ਧਾਰਮਿਕ ਸ਼ਖਸੀਅਤਾਂ ਵਿੱਚ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਹੁਰਾਂ ਦਾ ਸ਼ੁਰੂ ਤੋਂ ਹੀ ਇਸ ਖੇਡ ਮੇਲੇ ਨੂੰ ਆਸ਼ੀਰਵਾਦ ਪ੍ਰਾਪਤ ਰਿਹਾ ਹੈ |
ਹਾਕੀ ਦੇ ਅੰਬਰ ਦਾ ਸਿਤਾਰਾ ਪਦਮਸ਼੍ਰੀ ਪਰਗਟ ਸਿੰਘ ਕਈ ਵਾਰ ਮੇਲੇ ਵਿੱਚ ਹਾਜ਼ਰੀ ਭਰ ਕੇ ਇਸ ਦੇ ਮਹੱਤਵ ਨੂੰ ਵਧਾਉਂਦੇ ਰਹੇ ਹਨ | ਬਹੁਪੱਖੀ ਸ਼ਖਸੀਅਤ ਅਤੇ ਸਾਬਕਾ ਡਿਪਟੀ ਡਾਇਰੈਕਟਰ ਦੂਰਦਰਸ਼ਨ ਸ਼ਿਮਲਾ ਮਨੋਹਰ ਸਿੰਘ ਭਾਰਜ ਖੇਡ ਮੇਲੇ ਦੇ ਪ੍ਰਵਾਰਕ ਮੈਂਬਰ ਵਜੋਂ ਵਿਚਰਦੇ ਰਹੇ ਹਨ | ਸਰਦਾਰ ਅੰਜੁਮ ਕਾਸੂਪੁਰ ਦੇ ਖੇਡ ਸਟੇਡੀਅਮ ਵਿੱਚ ਸ਼ਾਇਰੀ ਦੇ ਰੰਗ ਬਿਖੇਰਦੇ ਰਹੇ ਹਨ | ‘ਹਸੰਦਿਆ ਖੇਲੰਦਿਆ ਪੈਨੰਦਿਆ ਖਵੰਦਿਆ ਵਿਚੇ ਹੋਵੈ ਮੁਕਤਿ¨ ਗੁਰਬਾਣੀ ਦੇ ਫਰਮਾਨ ਦਾ ਇਹ ਮੇਲਾ ਅਨੁਸਾਰੀ ਰਹੇਗਾ | ਅੱਜ ਇਸ ਮੇਲੇ ਦੀਆਂ ਉਦਘਾਟਨੀ ਰਸਮਾਂ ਵੇਖਣਯੋਗ ਹੋਣਗੀਆਂ |