ਨਵੀਂ ਦਿੱਲੀ : ਬਹੁਜਨ ਸਮਾਜ ਪਾਰਟੀ (ਬਸਪਾ) ਨੇ ਆਪਣੇ ਸਾਂਸਦ ਦਾਨਿਸ਼ ਅਲੀ ’ਤੇ ਪਾਰਟੀ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਹੋਣ ਦਾ ਦੋਸ਼ ਲਾਉਂਦੇ ਹੋਏ ਪਾਰਟੀ ’ਚ ਕੱਢ ਦਿੱਤਾ। ਲੋਕ ਸਭਾ ਸਾਂਸਦ ਦਾਨਿਸ਼ ਅਲੀ ਨਾਲ ਕੁਝ ਮਹੀਨੇ ਪਹਿਲਾਂ ਸਦਨ ’ਚ ਭਾਜਪਾ ਨੇਤਾ ਰਮੇਸ਼ ਬਿਧੂੜੀ ਨੇ ਦੁਰਵਿਹਾਰ ਕੀਤਾ ਸੀ, ਉਨ੍ਹਾ ਨੂੰ ਅੱਪਸ਼ਬਦ ਕਹੇ ਸਨ। ਦਾਨਿਸ਼ ਅਲੀ ਨੇ ਲੋਕ ਸਭਾ ’ਚ ਮੁਅੱਤਲ ਤਿ੍ਰਣਮੂਲ ਕਾਂਗਰਸ ਨੇਤਾ ਮਹੂਆ ਮੋਇਤਰਾ ਲਈ ਇਨਸਾਫ਼ ਦੀ ਮੰਗ ਕਰਨ ਲਈ ਸ਼ੁੱਕਰਵਾਰ ਸੰਸਦ ਦੇ ਬਾਹਰ ਵਿਰੋਧ ਪ੍ਰਦਰਸ਼ਨ ਵੀ ਕੀਤਾ ਸੀ। ਦਾਨਿਸ਼ ਅਲੀ ਨੇ ਗਲੇ ’ਚ ਇੱਕ ਤਖ਼ਤੀ ਲਟਕੀ ਹੋਈ ਸੀ, ਜਿਸ ’ਤੇ ਲਿਖਿਆ ਸੀ, ‘ਪੀੜਤ ਨੂੰ ਅਪਰਾਧੀ ਨਾ ਬਣਾਓ।’ ਬਸਪਾ ਵੱਲੋਂ ਇਸ ਸੰਬੰਧ ’ਚ ਜਾਰੀ ਚਿੱਠੀ ’ਚ ਲਿਖਿਆ ਗਿਆ, ‘ਦਾਨਿਸ਼ ਅਲੀ ਬੀ ਐੱਸ ਪੀ ਲੋਕ ਸਭਾ ਸਾਂਸਦ ਅਮਰੋਹਾ (ਯੂ ਪੀ) ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਅੱਜ 9 ਦਸੰਬਰ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।’ ਅੱਗੇ ਲਿਖਿਆ ਹੈ, ‘ਤੁਹਾਨੂੰ ਕਈ ਵਾਰ ਕਿਹਾ ਗਿਆ ਕਿ ਤੁਸੀਂ ਪਾਰਟੀ ਦੀਆਂ ਨੀਤੀਆਂ, ਵਿਚਾਰਧਾਰਾ ਅਤੇ ਅਨੁਸ਼ਾਸ਼ਨ ਖਿਲਾਫ ਕੋਈ ਵੀ ਬਿਆਨ ਜਾਂ ਕਾਰਵਾਈ ਨਾ ਦਿਓ, ਪਰ ਇਸ ਤੋਂ ਬਾਅਦ ਵੀ ਤੁਸੀਂ ਲਗਾਤਾਰ ਪਾਰਟੀ ਖਿਲਾਫ਼ ਕੰਮ ਕਰਦੇ ਰਹੇ।’



