ਨਵੀਂ ਦਿੱਲੀ : ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਹਾਰ ਪਿੱਛੇ ਭੂਪੇਸ਼ ਬਘੇਲ ਸਰਕਾਰ ਦੇ ਪੇਂਡੂ ਇਲਾਕਿਆਂ ’ਤੇ ਬਹੁਤ ਜ਼ਿਆਦਾ ਫੋਕਸ, ਭਾਜਪਾ ਦੀ ਸੰਪਦਾਇਕ ਲਾਮਬੰਦੀ ਅਤੇ ਪਾਰਟੀ ’ਚ ਲੰਮੇ ਤੋਂ ਚਲੇ ਆ ਰਹੇ ਅੰਦਰੂਨੀ ਕਲੇਸ਼ ਨੂੰ ਕਾਰਨ ਦੱਸਿਆ ਗਿਆ ਹੈ। ਕਾਂਰਗਸ ਪਾਰਟੀ ਦੀ ਟਾਪ ਲੀਡਰਸ਼ਿਪ ਨੇ ਛੱਤੀਸਗੜ੍ਹ ਦੇ ਨੇਤਾਵਾਂ ਨਾਲ ਹਾਰ ’ਤੇ ਲੰਮਾ ਵਿਚਾਰ ਮੰਥਨ ਕੀਤਾ, ਜਿਸ ’ਚ ਇਹ ਰਾਏ ਸਾਹਮਣੇ ਆਈ। ਕਾਂਗਰਸ ਪ੍ਰਮੁੱਖ ਮਲਿਕਾਰਜੁਨ ਖੜਗੇ ਦੀ ਪ੍ਰਧਾਨਗੀ ’ਚ ਮੱਧ ਪ੍ਰਦੇਸ਼ ਚੋਣਾਂ ’ਚ ਚਾਰ ਦੀ ਸਮੀਖਿਆ ਵੀ ਹੋਈ। ਇਸ ਮੀਟਿੰਗ ’ਚ ਰਾਹੁਲ ਗਾਂਧੀ, ਕਮਲਨਾਥ, ਦਿਗਵਿਜੈ ਸਿੰਘ ਅਤੇ ਰਣਦੀਪ ਸੂਰਜੇਵਾਲਾ ਸਮੇਤ ਸੀਨੀਅਰ ਨੇਤਾ ਸ਼ਾਮਲ ਹੋਏ। ਮੀਟਿੰਗ ’ਚ ਈ ਵੀ ਐੱਮ ਦੀ ਭੂਮਿਕਾ ’ਤੇ ਸਵਾਲ ਉਠਾਏ ਗਏ। ਕੁਝ ਨੇਤਾਵਾਂ ਨੇ ਮਹਿਸੂਸ ਕੀਤਾ ਕਿ ਮੱਧ ਪ੍ਰਦੇਸ਼ ’ਚ ਕਾਂਗਰਸ ਦਾ ਧਿਆਨ ਸਿਰਫ਼ ਇੱਕ ਵਿਅਕਤੀ ਕਮਲਨਾਥ ’ਤੇ ਸੀ, ਜਿਸ ਕਾਰਨ ਪਾਰਟੀ ਨੇ ਭਾਜਪਾ ਖਿਲਾਫ਼ ਭਾਈਚਾਰਕ ਨੇਤਾਵਾਂ ਨੰ ਖੜਾ ਕਰਨ ਦਾ ਕੰਮ ਨਹੀਂ ਕੀਤਾ। ਇਹ ਵੀ ਨੋਟ ਕੀਤਾ ਗਿਆ ਕਿ ਭਾਜਪਾ ਨੇ ਓ ਬੀ ਸੀ ਦਬਦਬੇ ਵਾਲੀਆਂ 80 ਸੀਟਾਂ ਜਿੱਤੀਆਂ ਅਤੇ ਸ਼ਹਿਰੀ ਇਲਾਕੇ ’ਚ ਲੋਕਾਂ ਨੇ ਭਾਜਪਾ ਨੂੰ ਵੋਟ ਦਿੱਤਾ। ਇਹ ਕਿਹਾ ਗਿਆ ਕਿ ਇਹ ਕਾਫ਼ੀ ਹੱਦ ਤੱਕ ਐੱਸ ਸੀ/ਐੱਸ ਟੀ ਅਤੇ ਘੱਟ ਗਿਣਤੀਆਂ ਦਾ ਮਜ਼ਬੂਤ ਸਮਰਥਨ ਸੀ, ਜਿਸ ਕਾਰਨ ਕਾਂਗਰਸ ਨੇ ਆਪਣੇ 2018 ਦੇ ਚੋਣਾਂ ਦੇ ਵੋਟ ਸ਼ੇਅਰ ਨੂੰ ਬਰਕਰਾਰ ਰੱਖਿਆ। ਕਾਂਗਰਸ ਦੀ ਇਸ ਮੀਟਿੰਗ ’ਚ ਜਾਤੀ ਜਨਗਣਨਾ ’ਤੇ ਚਰਚਾ ਨਹੀਂ ਹੋਈ, ਪਰ ਇਸ ਗੱਲ ’ਤੇ ਫੋਕਸ ਸੀ ਕਿ ਕਾਂਗਰਸ 18 ਸ਼ਹਿਰੀ ਸੀਟਾਂ ’ਚੋਂ ਦੋ ਛੱਡ ਕੇ ਬਾਕੀ ਸਾਰੀਆਂ ਸੀਟਾਂ ਹਾਰ ਗਈ। ਖਾਸ ਕਰਕੇ ਰਾਏਪੁਰ ਇਲਾਕਿਆਂ ’ਚ ਉਸ ਦੀ ਕਰਾਰੀ ਹਾਰ ਹੋਈ, ਜਿਸ ਨੂੰ ਮੁੱਖ ਮੰਤਰੀ ਬਘੇਲ ਦਾ ਗੜ੍ਹ ਮੰਨਿਆ ਜਾਂਦਾ ਹੈ। ਚੋਣਾਂ ਤੋਂ ਬਾਅਦ ਸਥਾਨਕ ਵਿਸ਼ਲੇਸ਼ਕਾਂ ਨੇ ਸ਼ਹਿਰੀ ਇਲਾਕਿਆਂ ’ਚ ਕਾਂਗਰਸ ਦੇ ਖਰਾਬ ਪ੍ਰਦਰਸ਼ਨ ਲਈ ਹਿੰਦੂਤਵ ਅਭਿਆਨ ਅਤੇ ਜਾਤੀ ਜਨਗਣਨਾ ’ਤੇ ਪਾਰਟੀ ਦੇ ਜ਼ੋਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਾਲਾਂਕਿ ਮੀਟਿੰਗ ’ਚ ਦੇਖਿਆ ਗਿਆ ਕਿ ਸਰਕਾਰ ਦਾ ਪਿੰਡਾਂ ’ਤੇ ਫੋਕਸ ਸ਼ਹਿਰਾਂ ’ਚ ਅਸਫ਼ਲਤਾ ਦਾ ਇੱਕ ਕਾਰਨ ਦੱਸਿਆ ਜਾ ਰਿਹਾ ਹੈ।
ਆਈ ਈ ਸੀ ਸੀ ਦੀ ਛੱਤੀਸਗੜ੍ਹ ਇੰਚਾਰਜ ਜਨਰਲ ਸਕੱਤਰ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਅਸੀਂ ਨਿਰਾਸ਼ ਹਾਂ, ਪਰ ਹਾਰੇ ਨਹੀਂ ਅਤੇ ਲੋਕ ਸਭਾ ਚੋਣਾਂ ਮਿਲ ਕੇ ਲੜਾਂਗੇ ਤੇ ਜਿੱਤਾਂਗੇ। ਉਨ੍ਹਾ ਕਿਹਾ ਕਿ ਪਾਰਟੀ ਨੇ ਆਪਣਾ ਵੋਟ ਸ਼ੇਅਰ ਨਹੀਂ ਗੁਆਇਆ ਅਤੇ ਉਹ ਸੂਬਿਆਂ ’ਚ ਚੋਣ ਨਤੀਜਿਆਂ ’ਤੇ ਵਿਸ਼ਲੇਸ਼ਣ ਕਰੇਗੀ। ਕਾਂਗਰਸ ਜਨਰਲ ਸਕੱਤਰ ਰਣਦੀਪ ਸਿੰਘ ਸੂਰਜੇਵਾਲਾ ਨੇ ਕਿਹਾ ਕਿ ਇਸ ਦੌਰਾਨ ਮੱਧ ਪ੍ਰਦੇਸ਼ ’ਚ ਪਾਰਟੀ ਦੀ ਹਾਰ ਦੇ ਕਾਰਨਾਂ ’ਤੇ ਵੀ ਚਰਚਾ ਹੋਈ। ਉਨ੍ਹਾ ਕਿਹਾਅਸੀਂ ਪਾਰਟੀ ਦੀ ਹਾਰ ਦੇ ਕਾਰਨਾਂ ’ਤੇ ਖੁੱਲ੍ਹ ਕੇ ਚਰਚਾ ਕੀਤੀ। ਉਨ੍ਹਾ ਮੱਧ ਪ੍ਰਦੇਸ਼ ਦੇ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪਾਰਟੀ ਮੱਧ ਪ੍ਰਦੇਸ਼ ’ਚ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਕੰਮ ਕਰਦੀ ਰਹੇਗੀ।





