ਟੋਰਾਂਟੋ : ਕੈਨੇਡਾ ’ਚ ਪਰਵਾਸੀਆਂ ਨੂੰ ਰਹਿਣ-ਸਹਿਣ ਦੀ ਵਧ ਰਹੀ ਲਾਗਤ ਨੇ ਵਖ਼ਤ ਪਾ ਦਿੱਤਾ ਹੈ। ਕਿਰਾਏ ਵਧਣ ਤੇ ਮਕਾਨ ਬਣਾਉਣ ਲਈ ਲਏ ਕਰਜ਼ਿਆਂ ਦੀਆਂ ਵਿਆਜ ਦਰਾਂ ਵਧਣ ਕਾਰਨ ਉਨ੍ਹਾਂ ਨੂੰ ਗੁਜ਼ਾਰਾ ਚਲਾਉਣਾ ਮੁਸ਼ਕਲ ਹੋ ਗਿਆ ਹੈ, ਜਿਸ ਦੇ ਸਿੱਟੇ ਵਜੋਂ ਕਾਫੀ ਪਰਵਾਸੀਆਂ ਨੇ ਵਤਨਾਂ ਵੱਲ ਚਾਲੇ ਪਾ ਦਿੱਤੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਦੇਸ਼ ਵਿਚ ਘਟ ਰਹੀ ਆਬਾਦੀ ਤੇ ਹੋਰ ਚੁਣੌਤੀਆਂ ਨੂੰ ਦੂਰ ਕਰਨ ਲਈ ਪਰਵਾਸ ਨੀਤੀ ਨੂੰ ਮੁੱਖ ਹਥਿਆਰ ਬਣਾਇਆ ਸੀ ਤੇ ਇਸ ਨੇ ਆਰਥਕ ਵਿਕਾਸ ਦਰ ਵਧਾਉਣ ਵਿਚ ਮਦਦ ਵੀ ਕੀਤੀ ਸੀ, ਪਰ ਸਟੈਟਿਕਸ ਕੈਨੇਡਾ ਅਨੁਸਾਰ ਅਜੋਕੇ ਸਮੇਂ ਕੈਨੇਡਾ ਦੀ ਆਬਾਦੀ ਪਿਛਲੇ ਛੇ ਦਹਾਕਿਆਂ ਦੇ ਸਮੇਂ ਵਿਚ ਸਭ ਤੋਂ ਤੇਜ਼ੀ ਨਾਲ ਵਧ ਗਈ ਹੈ। ਕੈਨੇਡਾ ਵਿਚ ਰੋਜ਼ਮਰ੍ਹਾ ਲਈ ਵਧਦੇ ਖਰਚਿਆਂ ਕਾਰਨ ਇਥੇ ਆਏ ਪਰਵਾਸੀਆਂ ਨੇ ਪਰਤਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਸਮੇਂ ਵਿਚ ਇਹ ਰੁਝਾਨ ਹੌਲੀ-ਹੌਲੀ ਵਧ ਰਿਹਾ ਹੈ। 2023 ਦੇ ਪਹਿਲੇ ਛੇ ਮਹੀਨਿਆਂ ਵਿਚ ਲਗਭਗ 42 ਹਜ਼ਾਰ ਲੋਕਾਂ ਨੇ ਕੈਨੇਡਾ ਛੱਡ ਦਿੱਤਾ ਹੈ, ਜਦਕਿ ਸਾਲ 2022 ਵਿਚ 93,818 ਤੇ ਉਸ ਤੋਂ ਸਾਲ ਪਹਿਲਾਂ 85,927 ਲੋਕਾਂ ਨੇ ਦੇਸ਼ ਛੱਡਿਆ ਸੀ।



