ਵਸੁੰਧਰਾ ਵੀ ਲਾਂਭੇ, ਭਜਨ ਲਾਲ ਸ਼ਰਮਾ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ

0
200

ਜੈਪੁਰ : ਸਾਂਗਾਨੇਰ ਤੋਂ ਪਹਿਲੀ ਵਾਰ ਵਿਧਾਇਕ ਚੁਣੇ ਗਏ ਭਜਨ ਲਾਲ ਸ਼ਰਮਾ (56) ਰਾਜਸਥਾਨ ਦੇ ਨਵੇਂ ਮੁੱਖ ਮੰਤਰੀ ਹੋਣਗੇ। ਦੀਆ ਕੁਮਾਰੀ ਤੇ ਪ੍ਰੇਮ ਚੰਦ ਬੈਰਵਾ ਉਪ ਮੁੱਖ ਮੰਤਰੀ ਦਾ ਅਹੁਦਾ ਸੰਭਾਲਣਗੇ। ਵਾਸੂਦੇਵ ਦੇਵਨਾਨੀ ਸਪੀਕਰ ਬਣਨਗੇ। ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਲਈ ਗਈ ਗਰੁੱਪ ਫੋਟੋ ਦੌਰਾਨ ਸ਼ਰਮਾ ਸਭ ਤੋਂ ਮਗਰਲੀ ਕਤਾਰ ਵਿਚ ਖੜ੍ਹੇ ਸਨ। ਸਭ ਤੋਂ ਵੱਡੀ ਦਾਅਵੇਦਾਰ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਨੇ ਹੀ ਵਿਧਾਇਕ ਦਲ ਦੀ ਮੀਟਿੰਗ ਵਿਚ ਸ਼ਰਮਾ ਦਾ ਨਾਂਅ ਪੇਸ਼ ਕੀਤਾ, ਜਿਸ ਨੂੰ ਸਭ ਨੇ ਪ੍ਰਵਾਨ ਕਰ ਲਿਆ। ਭਜਨ ਲਾਲ ਆਰ ਐੱਸ ਐੱਸ ਤੇ ਭਾਜਪਾ ਦੇ ਪ੍ਰਧਾਨ ਜੇ ਪੀ ਨੱਢਾ ਦੇ ਕਰੀਬੀ ਹਨ। ਵਿਧਾਇਕ ਬਣਨ ਤੋਂ ਪਹਿਲਾਂ ਉਹ ਭਾਜਪਾ ਦੇ ਚਾਰ ਵਾਰ ਜਨਰਲ ਸਕੱਤਰ ਰਹੇ। ਉਨ੍ਹਾ ਕਾਂਗਰਸ ਉਮੀਦਵਾਰ ਪੁਸ਼ਪੇਂਦਰ ਭਾਰਦਵਾਜ ਨੂੰ 48081 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਇਸ ਤੋਂ ਪਹਿਲਾਂ ਭਾਜਪਾ ਨੇ ਮੋਹਨ ਯਾਦਵ ਨੂੰ ਮੱਧ ਪ੍ਰਦੇਸ਼ ਅਤੇ ਵਿਸ਼ਣੂ ਦਿਓ ਸਾਏ ਨੂੰ ਛੱਤੀਸਗੜ੍ਹ ਦਾ ਮੁੱਖ ਮੰਤਰੀ ਬਣਾ ਕੇ ਸਭ ਨੂੰ ਹੈਰਾਨ ਕੀਤਾ ਸੀ। ਵਸੰੁਧਰਾ ਨੇ ਕਈ ਦਿਨ ਵਿਧਾਇਕਾਂ ਦੀ ਲਾਮਬੰਦੀ ਕੀਤੀ, ਪਰ ਹਾਈਕਮਾਨ ਨੇ ਉਨ੍ਹਾ ਦੀ ਚੱਲਣ ਨਹੀਂ ਦਿੱਤੀ।
ਨਵੇਂ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਇਸ ਤੋਂ ਪਹਿਲਾਂ ਭਾਜਪਾ ਤੋਂ ਬਾਗੀ ਹੋ ਕੇ ਵੀ ਚੋਣ ਲੜੀ ਸੀ, ਪਰ ਜ਼ਮਾਨਤ ਜ਼ਬਤ ਕਰਵਾ ਬੈਠੇ ਸਨ। ਉਪ ਮੁੱਖ ਮੰਤਰੀ ਬਣਾਈ ਗਈ ਦੀਆ ਕੁਮਾਰੀ ਵਿਦਿਆਧਰ ਨਗਰ ਵਿਧਾਨ ਸਭਾ ਸੀਟ ਤੋਂ 158516 ਵੋਟਾਂ ਹਾਸਲ ਕਰਕੇ ਜਿੱਤੀ ਹੈ।
ਜੈਪੁਰ ਦੀ ਰਾਜਕੁਮਾਰੀ ਦੀਆ ਕੁਮਾਰੀ ਮਰਹੂਮ ਬਿ੍ਰਗੇਡੀਅਰ ਭਵਾਨੀ ਸਿੰਘ ਅਤੇ ਮਹਾਰਾਣੀ ਪਦਮਣੀ ਦੇਵੀ ਦੀ ਬੇਟੀ ਹੈ। ਉਸ ਨੇ 10 ਸਾਲ ਪਹਿਲਾਂ ਸਿਆਸਤ ’ਚ ਕਦਮ ਰੱਖਿਆ ਅਤੇ 2013 ’ਚ ਸਵਾਈ ਮਾਧੋਪੁਰ ਤੋਂ ਵਿਧਾਇਕ ਚੁਣੀ ਗਈ। ਦੀਆ ਨੇ 2019 ’ਚ ਰਾਜਸਮੰਦ ਤੋਂ ਲੋਕ ਸਭਾ ਦੀ ਚੋਣ ਜਿੱਤੀ ਸੀ। ਭਾਜਪਾ ਨੇ ਜਦੋਂ ਵਿਦਿਆਧਰ ਨਗਰ ਵਿਧਾਨ ਸਭਾ ਸੀਟ ਤੋਂ ਟਿਕਟ ਦਿੱਤੀ ਤਾਂ ਇਹੀ ਚਰਚਾ ਰਹੀ ਕਿ ਉਹ ਮੁੱਖ ਮੰਤਰੀ ਬਣੇਗੀ। ਉਸ ਨੇ ਲੰਡਨ ਦੇ ਚੇਲਸੀ ਸਕੂਲ ਆਫ਼ ਆਰਟਸ ਤੋਂ ਪੜ੍ਹਾਈ ਕੀਤੀ ਹੈ। ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਹੋਣ ਕਾਰਨ ਉਹ ਆਪਣੀ ਦਾਦੀ ਰਾਜ ਮਾਤਾ ਗਾਇਤਰੀ ਦੇਵੀ ਦੀ ਦੇਖਰੇਖ ’ਚ ਪਲੀ।

LEAVE A REPLY

Please enter your comment!
Please enter your name here