ਡੇਰਾ ਇਸਮਾਈਲ ਖਾਨ ’ਚ 25 ਪਾਕਿਸਤਾਨੀ ਫੌਜੀ ਤੇ 27 ਦਹਿਸ਼ਤਗਰਦ ਮਾਰੇ ਗਏ

0
180

ਪੇਸ਼ਾਵਰ : ਖੈਬਰ-ਪਖਤੂਨਖਵਾ ਸੂਬੇ ਦੇ ਡੇਰਾ ਇਸਮਾਈਲ ਖਾਨ ਜ਼ਿਲ੍ਹੇ ਵਿਚ ਦਹਿਸ਼ਤਗਰਦਾਂ ਨੇ ਮੰਗਲਵਾਰ ਤੜਕੇ 23 ਫੌਜੀ ਮਾਰ ਦਿੱਤੇ। ਦੱਖਣੀ ਵਜ਼ੀਰਿਸਤਾਨ ਕਬਾਇਲੀ ਜ਼ਿਲ੍ਹੇ ਨਾਲ ਲੱਗਦੇ ਡੇਰਾ ਇਸਮਾਈਲ ਖਾਨ ਜ਼ਿਲ੍ਹੇ ਦੇ ਦਰਬਾਨ ਇਲਾਕੇ ਵਿਚ ਦਹਿਸ਼ਤਗਰਦ ਜਦੋਂ ਪੁਲਸ ਚੌਕੀ ਵਿਚ ਦਾਖਲ ਹੋਣ ਵਿਚ ਨਾਕਾਮ ਰਹੇ ਤਾਂ ਉਨ੍ਹਾਂ ਵਿਸਫੋਟਕਾਂ ਦਾ ਟਰੱਕ ਲਿਆ ਕੇ ਮਾਰਿਆ। ਇਸ ਤੋਂ ਬਾਅਦ ਉਨ੍ਹਾਂ ਫਿਦਾਈਨ ਹਮਲਾ ਵੀ ਕੀਤਾ। ਇਸ ਨਾਲ ਇਮਾਰਤ ਢਹਿ ਗਈ ਅਤੇ ਕਈ ਮਾਰੇ ਗਏ ਜਾਂ ਜ਼ਖਮੀ ਹੋ ਗਏ। ਪੁਲਸ ਮੁਤਾਬਕ ਮਿ੍ਰਤਕਾਂ ਦੀ ਗਿਣਤੀ ਵਧ ਸਕਦੀ ਹੈ। ਉਧਰ ਫੌਜ ਨੇ ਵੱਖ-ਵੱਖ ਥਾਵਾਂ ’ਤੇ 27 ਦਹਿਸ਼ਤਗਰਦ ਮਾਰਨ ਦਾ ਦਾਅਵਾ ਕੀਤਾ ਹੈ।
ਫੌਜ ਦੇ ਮੀਡੀਆ ਵਿੰਗ ਨੇ ਕਿਹਾ ਕਿ ਹਮਲਾ ਛੇ ਦਹਿਸ਼ਤਗਰਦਾਂ ਨੇ ਕੀਤਾ ਤੇ ਫੌਜੀ ਕਾਰਵਾਈ ਵਿਚ ਉਹ ਸਾਰੇ ਮਾਰੇ ਗਏ। ਹਮਲੇ ਦੀ ਜ਼ਿੰਮੇਵਾਰੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਨਵੇਂ ਸਾਥੀ ਗਰੁੱਪ ਤਹਿਰੀਕ-ਏ-ਜਿਹਾਦ ਪਾਕਿਸਤਾਨ ਨੇ ਲਈ ਹੈ। ਇਸ ਦੇ ਬੁਲਾਰੇ ਮੁੱਲ੍ਹਾ ਕਾਸਿਮ ਨੇ ਹਮਲੇ ਨੂੰ ਫਿਦਾਈਨ ਮਿਸ਼ਨ ਦੱਸਿਆ। ਚਾਰ ਨਵੰਬਰ ਨੂੰ ਇਸੇ ਗਰੁੱਪ ਨੇ ਲਾਹੌਰ ਤੋਂ 300 ਕਿੱਲੋਮੀਟਰ ਦੂਰ ਮੀਆਂਵਾਲੀ ਵਿਚ ਏਅਰ ਫੋਰਸ ਦੇ ਟਰੇਨਿੰਗ ਬੇਸ ’ਤੇ ਹਮਲਾ ਕੀਤਾ ਸੀ। ਉਦੋਂ ਵੀ ਸਾਰੇ ਹਮਲਾਵਰ ਮਾਰੇ ਗਏ ਸਨ।
ਜੁਲਾਈ ਵਿਚ ਇਸ ਗਰੁੱਪ ਨੇ ਬਲੋਚਿਸਤਾਨ ਸੂਬੇ ਵਿਚ ਜ਼ੋਬ ਗੈਰੀਸਨ ਵਿਚ ਹਮਲਾ ਕਰਕੇ ਚਾਰ ਫੌਜੀ ਮਾਰ ਦਿੱਤੇ ਸਨ। ਇਸੇ ਦੌਰਾਨ ਪਾਕਿਸਤਾਨੀ ਫੌਜ ਨੇ ਕਿਹਾ ਹੈ ਕਿ ਡੇਰਾ ਇਸਮਾਈਲ ਖਾਨ ਦੇ ਦੱਰਾ ਜ਼ਿੰਦਾ ਇਲਾਕੇ ਵਿਚ 17 ਦਹਿਸ਼ਤਗਰਦ ਮਾਰ ਦਿੱਤੇ ਗਏ। ਚਾਰ ਹੋਰ ਦਹਿਸ਼ਤਗਰਦ ਕੁਲਾਚੀ ਇਲਾਕੇ ਵਿਚ ਮਾਰੇ ਗਏ। ਇਥੇ ਦੋ ਜਵਾਨ ਵੀ ਮਾਰੇ ਗਏ।

LEAVE A REPLY

Please enter your comment!
Please enter your name here