ਚੰਡੀਗੜ੍ਹ : ਪੰਜਾਬ ਸੀਪੀਆਈ ਨੇ ਇਥੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਦੋਸ਼ ਲਾਇਆ ਹੈ ਕਿ ਉਹ ਪੰਜਾਬ ਦੇ ਹਿੱਸੇ ਆਉਂਦੇ 8 ਹਜ਼ਾਰ ਕਰੋੜ ਰੁਪਏ ਤੋਂ ਵਧ ਦੇ ਫੰਡਾਂ ਉਤੇ ਰੋਕ ਲਾਈ ਬੈਠੀ ਹੈ ਅਤੇ ਇਹ ਫੈਡਰਲ ਢਾਂਚੇ ’ਤੇ ਹਮਲਾ ਹੈ। ਪੰਜਾਬ ਸੀਪੀਆਈ ਦੇ ਸਕੱਤਰ ਸਾਥੀ ਬੰਤ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਦੇ ਪੇਂਡੂ ਵਿਕਾਸ ਫੰਡ ਦਾ ਲਗਭਗ 5500 ਕਰੋੜ ਰੁਪਏ ਕੇਂਦਰ ਦੀ ਭਾਜਪਾ ਸਰਕਾਰ ਨੇ ਕਾਫੀ ਦੇਰ ਤੋਂ ਰੋਕ ਰਖਿਆ ਹੈ। ਇਹ ਫੰਡ ਪਿੰਡਾਂ ਦੀਆਂ ਸੜਕਾਂ ਅਤੇ ਮੰਡੀਆਂ ਦੀ ਉਸਾਰੀ ਵਾਸਤੇ ਵਰਤਿਆ ਜਾਂਦਾ ਹੈ ਜਿਹੜਾ ਸਿੱਧੇ ਤੌਰ ’ਤੇ ਪੰਜਾਬ ਦੇ ਖੇਤੀਬਾੜੀ ਸੈਕਟਰ ਨੂੰ ਪ੍ਰਭਾਵਿਤ ਕਰਦਾ ਹੈ।
ਇਸੇ ਪ੍ਰਕਾਰ ਨੈਸ਼ਨਲ ਹੈਲਥ ਮਿਸ਼ਨ ਦੇ 621 ਕਰੋੜ ਰੁਪਏ ਕਾਫੀ ਸਮੇਂ ਤੋਂ ਪੰਜਾਬ ਨੂੰ ਨਹੀਂ ਦਿੱਤੇ ਜਾ ਰਹੇ। 1800 ਕਰੋੜ ਰੁਪਏ ਵਿਸ਼ੇਸ਼ ਸਹਾਇਤਾ ਫੰਡ ਦੇ ਅਤੇ 850 ਕਰੋੜ ਰੁਪੈ ਮੰਡੀਆਂ ਦੇ ਵਿਕਾਸ ਲਈ ਫੰਡ (ਮਾਰਕੀਟ ਡਿਵੈਲਪਮੈਂਟ ਫੰਡ) ਜਿਹੜਾ ਪੰਜਾਬ ਦੇ ਲੋਕਾਂ ਦਾ ਫੰਡ ਹੈ ਉਸਨੂੰ ਵੀ ਧੱਕੜਸ਼ਾਹ ਤਰੀਕੇ ਨਾਲ ਰੋਕ ਰੱਖਿਆ ਹੈ।
ਪੰਜਾਬ ਨੂੰ ਨਸ਼ਿਆਂ ਨੇ ਬੁਰੀ ਤਰ੍ਹਾਂ ਬਰਬਾਦ ਕਰ ਰਖਿਆ ਹੈ ਤੇ ਕੇਂਦਰ ਸਰਕਾਰ ਇਸ ਸੰਬੰਧ ਵਿਚ ਵੀ ਪੰਜਾਬ ਦੀ ਕੋਈ ਸਹਾਇਤਾ ਨਹੀਂ ਕਰ ਰਹੀ ਹੈ , ਜਦੋਂਕਿ ਇਹ ਇਕ ਬਾਰਡਰ ਰਾਜ ਹੈ ਤੇ ਬਾਰਡਰ ਪਾਰੋਂ ਨਸ਼ਾ ਭਾਰੀ ਮਾਤਰਾ ਵਿਚ ਦਖਲਾ ਹੋ ਰਿਹਾ ਹੈ। ਸਾਥੀ ਬਰਾੜ ਨੇ ਆਖਿਆ ਕਿ ਪਿਛਲੇ ਸਮਿਆਂ ਵਿਚ ਕੇਂਦਰ ਦੀ ਮੋਦੀ ਸਰਕਾਰ ਨੇ ਗੁਆਂਢੀ ਪ੍ਰਾਂਤਾਂ ਜਿਥੇ ਭਾਜਪਾ ਦੀਆਂ ਸਰਕਾਰਾਂ ਸਨ, ਜਿਵੇਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨੂੰ ਵੀ ਚੋਖੇ ਫੰਡ ਅਦਾ ਕੀਤੇ ਪਰ ਪੰਜਾਬ ਨੂੰ ਇਕ ਪੈਸਾ ਵੀ ਨਹੀਂ ਦਿੱਤਾ ਗਿਆ। ਇਸੇ ਪ੍ਰਕਾਰ ਦਿੱਲੀ ਅਤੇ ਛਤੀਸ਼ਗੜ੍ਹ ਨੂੰ ਵੀ ਕੋਈ ਸਹਾਇਤਾ ਨਹੀਂ ਦਿੱਤੀ ਗਈ। ਸਾਥੀ ਬਰਾੜ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਕੇਰਲਾ ਤੋਂ ਬਾਅਦ ਪੰਜਾਬ ਵਿਚ ਨਸ਼ਿਆਂ ਦੇ ਸੰਬੰਧ ਵਿਚ ਸਭ ਤੋਂ ਵਧ ਗਿ੍ਰਫਤਾਰੀਆਂ ਹੋਈਆਂ ਹਨ। ਸਾਥੀ ਬਰਾੜ ਨੇ ਕਿਹਾ ਕਿ ਕੇਂਦਰ ਪੰਜਾਬ ਨਾਲ ਵਿਤਕਰੇ ਭਰਿਆ ਸਲੂਕ ਬੰਦ ਕਰੇ ਅਤੇ ਬਣਦੇ ਫੰਡਾਂ ਨੂੰ ਤੁਰੰਤ ਅਦਾ ਕੀਤਾ ਜਾਵੇ।
ਸਾਥੀ ਬਰਾੜ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਨਿੰਦਿਆਂ ਕਰਦਿਆਂ ਹੋਇਆਂ ਕਿਹਾ ਹੈ ਕਿ ਇਹ ਸਾਰੀਆਂ ਪਾਰਟੀਆਂ ਅਤੇ ਪੰਜਾਬ ਹਿਤੈਸ਼ੀ ਸ਼ਕਤੀਆਂ ਨੂੰ ਨਾਲ ਲੈ ਕੇ ਕੇਂਦਰ ਤੋਂ ਬਣਦੇ ਹੱਕ ਲੈਣ ਵਿਚ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ।




