ਤਾਨਾਸ਼ਾਹੀ ਵਿਰੁੱਧ ਨਾਅਰੇ ਲਾਉਣ ਵਾਲਿਆਂ ’ਤੇ ਯੂ ਏ ਪੀ ਏ ਲਾਗੂ

0
274

ਨਵੀਂ ਦਿੱਲੀ : ਦਿੱਲੀ ਪੁਲਸ ਨੇ ਸੰਸਦ ਦੀ ਸੁਰੱਖਿਆ ’ਚ ਸੰਨ੍ਹ ਦੇ ਮਾਮਲੇ ’ਚ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂ ਏ ਪੀ ਏ) ਤਹਿਤ ਕੇਸ ਦਰਜ ਕੀਤਾ ਹੈ। ਬੁੱਧਵਾਰ ਸੰਸਦ ’ਤੇ 2001 ਦੇ ਅੱਤਵਾਦੀ ਹਮਲੇ ਦੀ ਬਰਸੀ ਮੌਕੇ ਲੋਕ ਸਭਾ ਦੀ ਕਾਰਵਾਈ ਦੌਰਾਨ ਦੋ ਨੌਜਵਾਨ ਸਾਗਰ ਸ਼ਰਮਾ ਅਤੇ ਮਨੋਰੰਜਨ ਡੀ ਨੇ ਦਰਸ਼ਕਾਂ ਦੀ ਗੈਲਰੀ ਤੋਂ ਸਦਨ ’ਚ ਛਾਲ ਮਾਰ ਦਿੱਤੀ ਸੀ ਤੇ ਕੈਨ ਰਾਹੀਂ ਪੀਲਾ ਧੂੰਆਂ ਫੈਲਾਅ ਦਿੱਤਾ ਸੀ। ਉਨ੍ਹਾਂ ਨਾਅਰੇਬਾਜ਼ੀ ਵੀ ਕੀਤੀ।
ਇਸ ਦੌਰਾਨ ਕੁਝ ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਫੜ ਲਿਆ। ਉਸੇ ਸਮੇਂ ਦੋ ਹੋਰ ਮੁਲਜ਼ਮਾਂ ਅਮੋਲ ਸ਼ਿੰਦੇ ਅਤੇ ਨੀਲਮ ਦੇਵੀ ਨੇ ਸੰਸਦ ਕੰਪਲੈਕਸ ਦੇ ਬਾਹਰ ਕੈਨ ਤੋਂ ਰੰਗਦਾਰ ਧੂੰਆਂ ਛੱਡਿਆ ਅਤੇ ‘ਤਾਨਾਸ਼ਾਹੀ ਨਹੀਂ ਚਲੇਗੀ’ ਵਰਗੇ ਨਾਅਰੇ ਲਗਾਏ। ਪੁਲਸ ਨੇ ਦੱਸਿਆ ਕਿ ਇਸ ਘਟਨਾ ਦੀ ਸਾਜ਼ਿਸ਼ 6 ਜਣਿਆਂ ਨੇ ਰਚੀ ਸੀ ਅਤੇ ਇਹ ਚਾਰੇ ਵਿਅਕਤੀ ਇੱਕ ਹੀ ਗਰੁੱਪ ਦਾ ਹਿੱਸਾ ਹਨ। ਦਿੱਲੀ ਪੁਲਸ ਛੇੇਵੇਂ ਮੁਲਜ਼ਮ ਦੀ ਗਿ੍ਰਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
ਪੁਲਸ ਨੇ ਦੱਸਿਆ ਕਿ ਕੋਲਕਾਤਾ ਨਿਵਾਸੀ ਲਲਿਤ ਝਾਅ ਪੇਸ਼ੇ ਤੋਂ ਅਧਿਆਪਕ ਹੈ ਅਤੇ ਸੁਰੱਖਿਆ ਉਲੰਘਣਾ ਮਾਮਲੇ ਦਾ ਮੁੱਖ ਸਾਜ਼ਿਸ਼ਕਰਤਾ ਹੈ। ਲਲਿਤ ਅਤੇ ਹੋਰ ਮੁਲਜ਼ਮ ਸ਼ਹੀਦ-ਏ-ਆਜ਼ਮ ਭਗਤ ਸਿੰਘ ਤੋਂ ਪ੍ਰਭਾਵਤ ਸਨ ਅਤੇ ਅਜਿਹਾ ਕਾਰਾ ਕਰਨਾ ਚਾਹੁੰਦੇ ਸਨ, ਜਿਸ ਨਾਲ ਦੇਸ਼ ਦਾ ਧਿਆਨ ਉਸ ਵੱਲ ਆਵੇ। ਅਧਿਕਾਰੀ ਨੇ ਕਿਹਾ ਕਿ ਸੁਰੱਖਿਆ ਏਜੰਸੀਆਂ ਨੂੰ ਹਾਲੇ ਤੱਕ ਅਜਿਹਾ ਕੋਈ ਸੁਰਾਗ ਨਹੀਂ ਮਿਲਿਆ ਹੈ, ਜਿਸ ਤੋਂ ਪਤਾ ਲੱਗਦਾ ਹੋਵੇ ਕਿ ਉਨ੍ਹਾਂ ਦਾ ਕਿਸੇ ਅੱਤਵਾਦੀ ਸਮੂਹ ਨਾਲ ਸੰਬੰਧ ਹੈ। ਉਧਰ, ਲੋਕ ਸਭਾ ਸਕੱਤਰੇਤ ਨੇ ਸੰਸਦ ਦੀ ਸੁਰੱਖਿਆ ਵਿਚ ਕੁਤਾਹੀ ਮਾਮਲੇ ਵਿਚ ਅੱਠ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਨ੍ਹਾਂ ਦੀ ਪਛਾਣ ਰਾਮਪਾਲ, ਅਰਵਿੰਦ, ਵੀਰ ਦਾਸ, ਗਣੇਸ਼, ਅਨਿਲ, ਪ੍ਰਦੀਪ, ਵਿਮਿਤ ਅਤੇ ਨਰਿੰਦਰ ਵਜੋਂ ਹੋਈ ਹੈ।

LEAVE A REPLY

Please enter your comment!
Please enter your name here