ਲਖਨਊ : ਉੱਤਰ ਪ੍ਰਦੇਸ਼ ਦੇ ਬਾਂਦਾ ’ਚ ਤਾਇਨਾਤ ਇੱਕ ਮਹਿਲਾ ਸਿਵਲ ਜੱਜ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਪੱਤਰ ਲਿਖ ਕੇ ਸਵੈਇੱਛਤ ਮੌਤ ਦੀ ਮੰਗ ਕੀਤੀ ਹੈ। ਉਸ ਨੇ ਬਾਰਾਬੰਕੀ ’ਚ ਤਾਇਨਾਤੀ ਦੌਰਾਨ ਜ਼ਿਲ੍ਹਾ ਜੱਜ ਵੱਲੋਂ ਸਰੀਰਕ ਅਤੇ ਮਾਨਸਿਕ ਤੌਰ ’ਤੇ ਤਸ਼ੱਦਦ ਕਰਨ ਅਤੇਂ ਰਾਤ ਨੂੰ ਮਿਲਣ ਦਾ ਦਬਾਅ ਪਾਉਣ ਦਾ ਦੋਸ਼ ਲਾਇਆ ਹੈ। ਸ਼ਿਕਾਇਤ ਦੀ ਸੁਣਵਾਈ ਨਾ ਹੋਣ ਤੋਂ ਨਿਰਾਸ਼ ਸਿਵਲ ਜੱਜ ਨੇ ਚੀਫ ਜਸਟਿਸ ਤੋਂ ਸਵੈਇੱਛਤ ਮੌਤ ਦੀ ਮੰਗ ਕੀਤੀ ਹੈ। ਸਿਵਲ ਜੱਜ ਨੇ ਚਿੱਠੀ ’ਚ ਲਿਖਿਆ ਹੈਮੈਂ ਇਹ ਚਿੱਠੀ ਬੇਹੱਦ ਦਰਦ ਅਤੇ ਨਿਰਾਸ਼ਾ ’ਚ ਲਿਖ ਰਹੀ ਹਾਂ। ਇਸ ਚਿੱਠੀ ਦਾ ਮੇਰੀ ਕਹਾਣੀ ਸੁਣਾਉਣ ਅਤੇ ਪ੍ਰਾਰਥਨਾ ਕਰਨ ਤੋਂ ਇਲਾਵਾ ਹੋਰ ਕੋਈ ਮਕਸਦ ਨਹੀਂ ਹੈ। ਮੇਰੇ ਸਭ ਤੋਂ ਵੱਡੇ ਸਰਪ੍ਰਸਤ (ਚੀਫ ਜਸਟਿਸ) ਮੈਨੂੰ ਆਪਣੀ ਜ਼ਿੰਦਗੀ ਖਤਮ ਕਰਨ ਦੀ ਇਜਾਜ਼ਤ ਦੇਣ। ਮੈਂ ਬਹੁਤ ਵਿਸ਼ਵਾਸ ਨਾਲ ਨਿਆਂਇਕ ਸੇਵਾਵਾਂ ’ਚ ਸ਼ਾਮਲ ਹੋਈ ਸੀ ਕਿ ਮੈਂ ਆਮ ਲੋਕਾਂ ਨੂੰ ਨਿਆਂ ਪ੍ਰਦਾਨ ਕਰਾਂਗੀ। ਮੈਨੂੰ ਘੱਟ ਹੀ ਪਤਾ ਸੀ ਕਿ ਜਿਸ ਕੰਮ ਲਈ ਮੈਂ ਜਾ ਰਹੀ ਹਾਂ ਉਹ ਹੀ ਜਲਦ ਮੈਨੂੰ ਇਨਸਾਫ ਲਈ ਭਿਖਾਰਨ ਬਣਾ ਦੇਵੇਗਾ। ਮੇਰੀ ਸੇਵਾ ਦੇ ਥੋੜ੍ਹੇ ਸਮੇਂ ’ਚ ਹੀ ਮੈਨੂੰ ਖੁੱਲ੍ਹੇ ਦਰਬਾਰ ’ਚ ਦੁਰਵਿਵਹਾਰ ਦਾ ਦੁਰਲੱਭ ਮਾਣ ਪ੍ਰਾਪਤ ਹੋਇਆ ਹੈ। ਮੈਨੂੰ ਕੁਝ ਹੱਦ ਤੱਕ ਜਿਨਸੀ ਤੌਰ ’ਤੇ ਪਰੇਸ਼ਾਨ ਕੀਤਾ ਗਿਆ ਹੈ। ਮੇਰੇ ਨਾਲ ਬਿਲਕੁਲ ਕੂੜੇ ਵਾਂਗ ਵਿਹਾਰ ਕੀਤਾ ਗਿਆ ਹੈ। ਮੈਂ ਦੂਜਿਆਂ ਨੂੰ ਇਨਸਾਫ ਦਿਵਾਉਂਦੀ ਹਾਂ ਪਰ ਮੈਂ ਖੁਦ ਬੇਇਨਸਾਫੀ ਦਾ ਸ਼ਿਕਾਰ ਹੋਈ ਹਾਂ। ਮੈਂ ਭਾਰਤ ਵਿਚ ਕੰਮ ਕਰਦੀਆਂ ਔਰਤਾਂ ਨੂੰ ਦੱਸਣਾ ਚਾਹੁੰਦੀ ਹਾਂ, ਜਿਨਸੀ ਪਰੇਸ਼ਾਨੀ ਦੇ ਨਾਲ ਜੀਣਾ ਸਿੱਖੋ। ਇਹ ਸਾਡੇ ਜੀਵਨ ਦਾ ਸੱਚ ਹੈ। ਪੌਸਕੋ ਐਕਟ ਸਾਡੇ ਲਈ ਬਹੁਤ ਵੱਡਾ ਝੂਠ ਹੈ। ਕੋਈ ਨਹੀਂ ਸੁਣਦਾ। ਜੇਕਰ ਤੁਸੀਂ ਸ਼ਿਕਾਇਤ ਕਰਦੇ ਹੋ ਤਾਂ ਤੁਹਾਨੂੰ ਪਰੇਸ਼ਾਨ ਕੀਤਾ ਜਾਵੇਗਾ। ਜੇਕਰ ਕੋਈ ਔਰਤ ਸੋਚਦੀ ਹੈ ਕਿ ਤੁਸੀਂ ਸਿਸਟਮ ਦੇ ਖਿਲਾਫ ਲੜੋਗੇ ਤਾਂ ਮੈਂ ਤੁਹਾਨੂੰ ਦੱਸ ਦੇਵਾਂ, ਮੈਂ ਅਜਿਹਾ ਨਹੀਂ ਕਰ ਸਕਦੀ। ਮੈਂ ਇੱਕ ਜੱਜ ਹਾਂ, ਮੈਂ ਆਪਣੇ ਲਈ ਨਿਰਪੱਖ ਜਾਂਚ ਨਹੀਂ ਕਰਵਾ ਪਾਈ। ਇਨਸਾਫ ਬੰਦ ਕਰ ਦੇਣਾ ਚਾਹੀਦਾ। ਮੈਂ ਸਾਰੀਆਂ ਔਰਤਾਂ ਨੂੰ ਖਿਡੌਣਾ ਜਾਂ ਨਿਰਜੀਵ ਵਸਤੂ ਬਣਨ ਦੀ ਸਲਾਹ ਦਿੰਦੀ ਹਾਂ।




