ਮੋਗਾ : ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਪੰਜਾਬ (ਏਟਕ) ਦੇ ਸੱਦੇ ’ਤੇ ਲੜੀਵਾਰ ਭੁੱਖ ਹੜਤਾਲ ਉਪਰੰਤ ਵਿਸ਼ਾਲ ਰੈਲੀ ਕੀਤੀ ਗਈ। ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚੋਂ ਹਜ਼ਾਰਾਂ ਨਰੇਗਾ ਮਜ਼ਦੂਰ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ, ਨਾਅਰੇਬਾਜ਼ੀ ਕਰਦੇ ਇਸ ਰੈਲੀ ਵਿੱਚ ਸ਼ਾਮਲ ਹੋਏ। ਸਭ ਤੋਂ ਪਹਿਲਾਂ ਭੁੱਖ ਹੜਤਾਲ ’ਤੇ ਬੈਠੇ ਬੀਬੀਆਂ ਦੇ ਜੱਥੇ ਨੂੰ ਜੂਸ ਪਿਲਾ ਕੇ ਉਠਾਇਆ ਗਿਆ। ਇਸ ਮੌਕੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਪੰਜਾਬ (ਏਟਕ) ਦੇ ਸੀਨੀਅਰ ਮੀਤ ਪ੍ਰਧਾਨ ਸੇਰ ਸਿੰਘ ਦੌਲਤਪੁਰਾ ਅਤੇ ਸਲਾਹਕਾਰ ਕਾਮਰੇਡ ਕੁਲਦੀਪ ਸਿੰਘ ਭੋਲਾ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨਰੇਗਾ ਕਾਮਿਆਂ ਦੇ ਹੱਕਾਂ ’ਤੇ ਡਾਕਾ ਮਾਰ ਰਹੀਆਂ ਹਨ, ਜਿਸ ਨੂੰ ਸੁਚੇਤ ਨਰੇਗਾ ਮਜ਼ਦੂਰ ਬਰਦਾਸ਼ਤ ਨਹੀਂ ਕਰਨਗੇ। ਇਸ ਦਾ ਖਮਿਆਜ਼ਾ ਆਉਣ ਵਾਲੇ ਸਮੇਂ ਵਿੱਚ ਸੱਤਾਧਾਰੀ ਧਿਰਾਂ ਨੂੰ ਭੁਗਤਣਾ ਪਵੇਗਾ। ਨਰੇਗਾ ਕਾਮਿਆਂ ਨਾਲ ਸਭ ਤੋਂ ਵੱਡੀ ਬੇਇਨਸਾਫੀ ਦਿਹਾੜੀ ਦੇ ਮਾਮਲੇ ’ਤੇ ਹੋ ਰਹੀ ਹੈ, ਕਿਉਂਕਿ ਐਕਟ ਮੁਤਾਬਕ ਨਰੇਗਾ ਕਾਮਿਆਂ ਨੂੰ ਰਾਜ ਦੇ ਖੇਤੀਬਾੜੀ ਕਾਮਿਆਂ ਦੇ ਬਰਾਬਰ ਉਜਰਤ ਮਿਲਣੀ ਹੈ, ਜੋ ਹੁਣ 341 ਰੁਪਏ ਹਨ। ਪਰ ਪੰਜਾਬ ਦੇ ਮੁੱਖ ਨਰੇਗਾ ਕਾਮਿਆਂ ਨੂੰ 303 ਰੁਪਏ ਦੇ ਕੇ ਉਨ੍ਹਾਂ ਦੇ 128 ਰੁਪਏ ਇੱਕ ਦਿਨ ਦੇ ਮਾਰੇ ਜਾ ਰਹੇ ਹਨ । ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਨੂੰ 431 ਰੁਪਏ ਦੀ ਸਿਫਾਰਸ਼ ਕਰੇ। ਨਰੇਗਾ ਕਾਮਿਆਂ ਨੂੰ ਇੱਕ ਸਾਲ ਵਿੱਚ 100 ਦਿਨ ਕੰਮ ਦੀ ਗਾਰੰਟੀ ਹੈ, ਪਰ ਵੱਡੀ ਗਿਣਤੀ ਵਿੱਚ ਨਰੇਗਾ ਮਜ਼ਦੂਰਾਂ ਦੀ ਇਹ ਗਾਰੰਟੀ ਪੂਰੀ ਨਹੀਂ ਕਰਵਾਈ ਜਾਂਦੀ। ਇਸ ਨਾਲ ਮਜ਼ਦੂਰਾਂ ਦੇ ਚੁੱਲ੍ਹੇ ਠੰਢੇ ਰਹਿਣ ਦੀ ਨੌਬਤ ਆ ਜਾਂਦੀ ਹੈ। ਨਰੇਗਾ ਐਕਟ ਬਣਨ ਸਮੇਂ ਮਜ਼ਦੂਰਾਂ ਦੇ ਕੰਮ ਦਾ ਸਮਾਂ 6 ਘੰਟੇ ਸੀ, ਪਰ ਬਾਅਦ ਵਿੱਚ 9 ਘੰਟੇ ਕਰ ਦਿੱਤਾ ਗਿਆ ਹੈ ਅਤੇ ਇਸ ਨੂੰ ਪਹਿਲਾਂ ਵਾਲਾ 6 ਘੰਟੇ ਬਹਾਲ ਕਰਨਾ ਚਾਹੀਦਾ ਹੈ। ਅੱਜ ਦੀ ਮਹਿੰਗਾਈ ਦੇ ਹਿਸਾਬ ਨਾਲ ਦਿਹਾੜੀ ਦਾ ਰੇਟ 1000 ਰੁਪਏ ਹੋਵੇ। ਉਹਨਾਂ ਅੱਗੇ ਕਿਹਾ ਕਿ ਨਰੇਗਾ ਐਕਟ ਵਿੱਚ ਸਭ ਤੋਂ ਜ਼ਰੂਰੀ ਚੀਜ਼ ਕੰਮ ਮੰਗਣ ਦੀ ਅਰਜ਼ੀ ਦੀ ਰਸੀਦ ਨਾ ਦੇ ਕੇ ਮਜ਼ਦੂਰਾਂ ਦੀ ਕੰਮ ਗਾਰੰਟੀ ਜਾਂ ਬੇਰੁਜ਼ਗਾਰੀ ਭੱਤਾ ਮਾਰਿਆ ਜਾ ਰਿਹਾ ਹੈ। ਇਸ ਮੌਕੇ ਆਗੂਆਂ ਨੇ ਮਜ਼ਦੂਰਾਂ ਨੂੰ ਆਉਣ ਵਾਲੇ ਸਮੇਂ ਵਿੱਚ ਹਰ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਇਸ ਮੌਕੇ ਟਰੇਡ ਯੂਨੀਅਨ ਕੌਂਸਲ (ਏਟਕ) ਦੇ ਪ੍ਰਧਾਨ ਜਗਦੀਸ਼ ਸਿੰਘ ਚਾਹਲ, ਨੌਜਵਾਨ ਆਗੂ ਕਰਮਵੀਰ ਕੌਰ ਬੱਧਨੀ ਅਤੇ ਪੰਜਾਬ ਇਸਤਰੀ ਸਭਾ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਕੌਰ ਖੋਸਾ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਜਗਜੀਤ ਸਿੰਘ ਧੂੜਕੋਟ ਤੇ ਗੁਰਮੀਤ ਸਿੰਘ ਵਾਂਦਰ ਨੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਆਗੂਆਂ ਅਤੇ ਵਰਕਰਾਂ ਨੂੰ ਹਰ ਸੰਘਰਸ਼ ਵਿੱਚ ਸਹਿਯੋਗ ਦੇਣ ਦਾ ਵਾਅਦਾ ਕੀਤਾ। ਉਹਨਾਂ ਕਿਹਾ ਕਿ ਲੋਕਾਂ ਨਾਲ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕਰਕੇ ਸੱਤਾ ਵਿਚ ਆਈ ਭਗਵੰਤ ਮਾਨ ਸਰਕਾਰ ਵੀ ਪਹਿਲੀਆਂ ਸਰਮਾਏਦਾਰੀ ਪੱਖੀ ਸਰਕਾਰਾਂ ਤੋਂ ਵੀ ਵੱਧ ਨਿਕੰਮੀ ਸਾਬਤ ਹੋਈ ਹੈ। ਕਿਰਤੀ ਕਾਮਿਆਂ ਨੂੰ ਅਜਿਹੀਆਂ ਸਰਕਾਰਾਂ ਦਾ ਲੋਕ ਪੱਖੀ ਬਦਲ ਉਸਾਰਨ ਵੱਲ ਵਧਣਾ ਚਾਹੀਦਾ ਹੈ। ਇਸ ਮੌਕੇ ਸਬਰਆਜ ਸਿੰਘ ਢੁੱਡੀਕੇ, ਮਹਿੰਦਰ ਸਿੰਘ ਧੂੜਕੋਟ, ਸਰਬਜੀਤ ਕੌਰ ਬੁੱਧ ਸਿੰਘ ਵਾਲਾ, ਗੁਰਦਿੱਤ ਸਿੰਘ ਦੀਨਾ, ਰਾਜੂ ਮਹੇਸਰੀ, ਜਬਰਜੰਗ ਸਿੰਘ, ਬਿੰਦਰ ਕੌਰ ਗਲੋਟੀ, ਬੋਹੜ ਸਿੰਘ ਬੁੱਟਰ, ਹਰਪ੍ਰੀਤ ਸਿੰਘ ਡਾਲਾ, ਸੁੱਖਾ ਪੇਂਟਰ, ਬੂਟਾ ਸਿੰਘ ਰਾਊਕੇ, ਕਮਲੇਸ਼ ਸਿੰਘ ਫਿਰੋਜਵਾਲ, ਮੰਗਲ ਸਿੰਘ, ਕੁਲਦੀਪ ਕੌਰ ਇੰਦਗੜ੍ਹ, ਇਕੱਤਰ ਸਿੰਘ ਨੰਗਲ, ਅਮਰਜੀਤ ਸਿੰਘ ਭੱਟੀ, ਬਿੰਦਰ ਸਿੰਘ ਝੰਡੇਆਣਾ, ਚਰਨਾ ਝੰਡੇਵਾਲਾ, ਗੁਰਨਾਮ ਸਿੰਘ ਮਾਹਲਾ ਨੇ ਵੀ ਸੰਬੋਧਨ ਕੀਤਾ।
ਸ੍ਰੀ ਮੁਕਤਸਰ ਸਾਹਿਬ (ਸ਼ਮਿੰਦਰਪਾਲ, ਪੂਜਾ) : ਸ਼ੁੱਕਰਵਾਰ ਇੱਥੇ ਭੁੱਖ ਹੜਤਾਲ ਦੇ ਤੀਸਰੇ ਦਿਨ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਪੰਜਾਬ, ਏਟਕ ਦੇ ਸੱਦੇ ’ਤੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦੇ ਨਾਂਅ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਦਿੱਤਾ ਗਿਆ। ਇਸ ਤੋਂ ਪਹਿਲਾਂ ਦਫਤਰ ਦੇ ਸਾਹਮਣੇ ਨਰੇਗਾ ਕਾਮਿਆਂ ਦੀ ਵੱਡੀ ਰੈਲੀ ਕੀਤੀ ਗਈ, ਜਿਸ ਵਿਚ ਜ਼ਿਲ੍ਹੇ ਭਰ ਵਿੱਚੋਂ ਨਰੇਗਾ ਕਾਮੇ ਸ਼ਾਮਲ ਹੋਏ। ਰੈਲੀ ਨੂੰ ਸੂਬਾਈ ਸਲਾਹਕਾਰ ਜਗਰੂਪ ਸਿੰਘ, ਹਰਲਾਲ ਸਿੰਘ ਦੂਹੇਵਾਲਾ ਜ਼ਿਲ੍ਹਾ ਸਕੱਤਰ ਸੀ ਪੀ ਆਈ, ਬੋਹੜ ਸਿੰਘ ਸੁਖਣਾ ਜ਼ਿਲ੍ਹਾ ਪ੍ਰਧਾਨ ਨਰੇਗਾ ਰਪਮ ਯੂਨੀਅਨ, ਹਰਵਿੰਦਰ ਸਿੰਘ ਪ੍ਰਧਾਨ ਬਲਾਕ ਲੰਮੀ ਨਰੇਗਾ, ਚੰਬਾ ਸਿੰਘ ਵਾੜਾਕਿਸ਼ਨਪੁਰਾ, ਬਿੰਦਰ ਸਿੰਘ ਖੂਨਣ, ਬੋਹੜ ਸਿੰਘ ਖੂੰਨਣ, ਰਿੰਕੂ ਰਾਣੀ ਸੰਗੂਧੌਣ, ਗੁਰਤੇਜ ਸਿੰਘ ਸਾਬਕਾ ਸਰਪੰਚ ਬਾਮ, ਸ਼ਮਸ਼ੇਰ ਸਿੰਘ ਥਾਂਦੇਵਾਲਾ, ਕੁਲਵੰਤ ਕੌਰ ਸੰਗੂਧੌਣ ਆਦਿ ਆਗੂਆਂ ਨੇ ਸੰਬੋਧਨ ਕੀਤਾ। ਮੁੱਖ ਮੰਗ ਸਰਕਾਰ ਤੋਂ ਕੇਂਦਰ ਨੂੰ ਉਜਰਤ ਰੇਟ, ਨਰੇਗਾ ਹੱਕ 431 ਰੁਪਏ ਲਾਗੂ ਕਰਵਾਉਣ ਦੀ ਰੇਟ ਲਿਸਟ ਦੀ ਚਿੱਠੀ ਭੇਜਣਾ ਰਹੀ। ਇਸ ਤਿੰਨ ਦਿਨਾਂ ਐਕਸ਼ਨ ਵਿਚ ਔਰਤਾਂ ਮਰਦਾਂ ਨਾਲੋਂ ਅੱਗੇ ਰਹੀਆਂ। ਦੋਵੇਂ ਦਿਨ ਭੁੱਖ ਹੜਤਾਲ ’ਤੇ ਵੀ ਔਰਤਾਂ ਦੇ ਜਥੇ ਬੈਠੇ ਅਤੇ ਰੈਲੀ ਵਿਚ ਵੀ ਨਰੇਗਾ ਔਰਤਾਂ ਦੀ ਗਿਣਤੀ ਵਧੇਰੇ ਸੀ। ਭੰਗਚੜੀ ਦੇ ਭੁੱਖ ਹੜਤਾਲ ਜਥੇ ਦੀ ਅਗਵਾਈ ਕਾਮਰੇਡ ਜੈਮਲ ਸਿੰਘ ਦੀ ਟੀਮ ਨੇ ਕੀਤੀ। ਇਸ ਦੇ ਖਰਚੇ ਨੂੰ ਪੂਰਾ ਕਰਨ ਲਈ ਨਰੇਗਾ ਕਾਮਿਆਂ ਨੇ ਬ੍ਰਾਂਚਾਂ ਵੱਲੋਂ ਫੰਡ ਵੀ ਜਮ੍ਹਾਂ ਕਰਵਾਇਆ। ਭੁੱਖ ਹੜਤਾਲ ਤੋਂ ਉੱਠਣ ਵਾਲੇ ਜਥਿਆਂ ਲਈ ਰੋਟੀ-ਚਾਹ ਦਾ ਪ੍ਰਬੰਧ ਨੇੜਲੇ ਪਿੰਡ ਸੰਗੂਧੌਣ, ਬਰਕੰਦੀ ਅਤੇ ਥਾਂਦੀ ਵਾਲਾ ਦੇ ਸਾਥੀਆਂ ਨੇ ਕੀਤਾ।
ਨਾਭਾ (ਵਰਿੰਦਰ ਵਰਮਾ, ਤੇਜਾ ਸਿੰਘ) : ਨਰੇਗਾ ਕਾਮਿਆਂ ਨੂੰ 431 ਰੁਪਏ ਦਿਹਾੜੀ ਤੇ 200 ਦਿਨ ਕੰਮ ਤੇ ਨਰੇਗਾ 2005 ਦੇ ਹੋਂਦ ’ਚ ਆਉਣ ਵਾਲੀ ਕੰਮ ਦਿਹਾੜੀ 6 ਘੰਟੇ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣਾ ਪਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਰਜਿ. ਏਟਕ ਦੇ ਸੂਬਾ ਪ੍ਰਧਾਨ ਕਾਮਰੇਡ ਕਸ਼ਮੀਰ ਸਿੰਘ ਗਦਾਈਆ, ਏਟਕ ਦੇ ਐਕਟਿੰਗ ਪ੍ਰਧਾਨ ਸੁਖਦੇਵ ਸ਼ਰਮਾ, ਪੰਜਾਬ ਇਸਤਰੀ ਸਭਾ ਦੇ ਸੂਬਾ ਸਕੱਤਰ ਨਰਿੰਦਰ ਕੌਰ ਸੋਹਲ ਨੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਰਜਿ. ਏਟਕ ਦੀ ਅਗਵਾਈ ’ਚ ਬੀ ਡੀ ਪੀ ਓ ਦਫਤਰ ਅੱਗੇ ਭੁੱਖ ਹੜਤਾਲ ’ਤੇ ਬੈਠੀਆਂ ਬੀਬੀਆਂ ਨੂੰ ਜੂਸ ਪਿਲਾਉਣ ਸਮੇਂ ਕੀਤਾ। ਇਸ ਸਮੇਂ ਭਾਰੀ ਗਿਣਤੀ ਵਿੱਚ ਜੁੜੇ ਨਰੇਗਾ ਨੇ ਕਿਹਾ ਕਿ ਨਰੇਗਾ 2005 ਦੇ ਆਉਣ ਤੋਂ ਪਹਿਲਾਂ ਦੁਨੀਆ ਦੇ ਹਾਲਾਤ ਹੋਰ ਸਨ। ਹਰ ਖੇਤਰ ਵਿੱਚ ਤੇਜ਼ੀ ਨਾਲ ਵਧ ਰਹੇ ਮਸ਼ੀਨੀਕਰਨ ਨੇ ਨਰੇਗਾ ਦੀ ਮਹੱਤਤਾ ਨੂੰ ਹੋਰ ਵਧਾ ਦਿੱਤਾ ਹੈ, ਪੇਂਡੂ ਖੇਤਰ ਦੇ ਕਾਮਿਆਂ ਨੂੰ ਨਰੇਗਾ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਰਿਹਾ। ਇਸ ਤੋਂ ਬਿਨਾਂ ਦੇਸ਼ ਦੀ ਬਹੁਤੀ ਆਬਾਦੀ ਭੁੱਖ ਨਾਲ ਮਰ ਸਕਦੀ ਹੈ। ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੇ ਪੂੰਜੀਪਤੀਆਂ ਨੂੰ ਖੁਸ਼ਹਾਲ ਕਰਨ ਲਈ ਹੀ ਕੰਮ ਕਰ ਰਹੀ ਹੈ। ਇਹ ਸਰਕਾਰਾਂ ਨਰੇਗਾ ਬੱਜਟ ਨੂੰ ਲਗਾਤਾਰ ਖਤਮ ਕਰ ਰਹੀਆਂ ਹਨ। ਇਸ ਲਈ ਸਮਾਂ ਮੰਗ ਕਰਦਾ ਹੈ ਕਿ ਮਜ਼ਦੂਰਾਂ ਨੂੰ ਆਪਣੀ ਜੱਥੇਬੰਦਕ ਤਾਕਤ ਮਜ਼ਬੂਤ ਕਰਦਿਆਂ ਲਗਾਤਾਰ ਸੰਘਰਸ਼ਾਂ ਲਈ ਤਿਆਰ ਰਹਿਣਾ ਪਵੇਗਾ। ਇਸ ਸਮੇਂ ਭੁੱਖ ਹੜਤਾਲ ’ਤੇ ਬੈਠਣ ਵਾਲੀਆਂ ਬੀਬੀਆਂ ਬਲਜੀਤ ਕੌਰ ਗਦਾਈਆ, ਰਿੰਪੀ ਕੌਰ ਖੋਖਰ, ਰਣਧੀਰ ਕੌਰ ਗਦਾਈਆ, ਰਾਮ ਸਿੰਘ, ਅਮਰ ਕੌਰ, ਗੁਰਮੇਲ ਕੌਰ ਗਦਾਈਆ, ਕੁਲਵੰਤ ਕੌਰ ਨਰਮਾਣਾ ਨੂੰ ਨਰਿੰਦਰ ਕੌਰ ਸੋਹਲ, ਸੁਖਦੇਵ ਸ਼ਰਮਾ, ਦਲਜੀਤ ਕੌਰ ਗਦਾਈਆ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਵਿਸ਼ਾਲ ਇਕੱਠ ਨੂੰ ਕਾਮਰੇਡ ਬਲਦੇਵ ਸਿੰਘ ਬਾਬਰਪੁਰ, ਰੋਸ਼ਨ ਸਿੰਘ ਬਿਸ਼ਨਗੜ੍ਹ, ਬਿੰਦਰ ਸਿੰਘ ਟੇਲਰ ਦੰਦਰਾਲਾ ਢੀਂਡਸਾ, ਬੱਗਾ ਸਿੰਘ ਗਲਵੱਟੀ, ਦਰਸ਼ਨ ਕੌਰ ਬਨੇਰਾ ਖੁਰਦ, ਗੁਰਪ੍ਰੀਤ ਕੌਰ ਬਨੇਰਾ ਕਲਾਂ, ਅਜੈਬ ਸਿੰਘ ਤੁੰਗਾਂ, ਹਰਮੇਸ਼ ਸਿੰਘ ਟੋਡਰਵਾਲ, ਰਾਮ ਸਿੰਘ ਖੋਖ ਨੇ ਵੀ ਸੰਬੋਧਨ ਕੀਤਾ।
ਅੰਮਿ੍ਰਤਸਰ : ਭੁੱਖ ਹੜਤਾਲ ਤੋਂ ਬਾਅਦ ਡਿਪਟੀ ਕਮਿਸ਼ਨਰ ਦਫਤਰ ਅੱਗੇ ਧਰਨਾ ਮਾਰਿਆ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਜਗਸੀਰ ਸਿੰਘ ਖੋਸਾ ਨੇ ਕਿਹਾ ਕਿ ਪੰਜਾਬ ਵਿੱਚ ਨਰੇਗਾ ਦਿਹਾੜੀ ਰੇਟ 431 ਰੁਪਏ ਬਣਦਾ ਹੈ ਜੋ 303 ਦਿੱਤਾ ਜਾ ਰਿਹਾ ਹੈ, ਪੰਜਾਬ ਸਰਕਾਰ ਕੇਂਦਰ ਸਰਕਾਰ ਨੂੰ 431 ਰੁਪਏ ਦੀ ਸਿਫਾਰਸ਼ ਕਰੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਨੀਅਨ ਦੇ ਸੀਨੀਅਰ ਆਗੂ ਕਾਮਰੇਡ ਬਲਕਾਰ ਸਿੰਘ ਦੁਧਾਲਾ, ਲਖਵਿੰਦਰ ਗੋਪਾਲਪੁਰ, ਰਣਜੀਤ ਸਿੰਘ ਜੇਠੂਵਾਲ, ਕੁਲਵਿੰਦਰ ਕੌਰ ਖੁਸ਼ੀਪੁਰ, ਸੁਰਜੀਤ ਕੌਰ ਕੱਥੂਨੰਗਲ, ਹਰਵਿੰਦਰ ਸਿੰਘ ਹੀਰਾ, ਕੁਲਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।





