ਸੋਨਭੱਦਰ : ਯੂ ਪੀ ਦੇ ਦੁਧਵੀ ਹਲਕੇ ਤੋਂ ਭਾਜਪਾ ਵਿਧਾਇਕ ਰਾਮਦੁਲਾਰ ਗੋਂਡ ਨੂੰ ਐੱਮ ਪੀ/ ਐੱਮ ਐੱਲ ਏ ਕੋਰਟ ਦੇ ਜੱਜ ਅਹਿਸਾਨਉਲ੍ਹਾ ਖਾਨ ਨੇ ਨਾਬਾਲਗ ਨਾਲ ਬਲਾਤਕਾਰ ਦੇ ਮਾਮਲੇ ਵਿਚ ਸ਼ੁੱਕਰਵਾਰ 25 ਸਾਲ ਦੀ ਸਜ਼ਾ ਸੁਣਾਈ ਤੇ 10 ਲੱਖ ਰੁਪਏ ਜੁਰਮਾਨਾ ਵੀ ਠੋਕਿਆ। ਇਹ ਰਕਮ ਪੀੜਤਾ ਨੂੰ ਦਿੱਤੀ ਜਾਵੇਗੀ। ਵਿਧਾਇਕ ਨੇ ਕੋਰਟ ਅੱਗੇ ਗਿੜਗਿੜਾ ਕੇ ਕਿਹਾ ਕਿ ਸਜ਼ਾ ਘੱਟ ਦਿੱਤੀ ਜਾਵੇ, ਕਿਉਕਿ ਉਸਦੇ ਬੱਚਿਆਂ ਦੀ ਪੜ੍ਹਾਈ ਚਲ ਰਹੀ ਹੈ। ਪੀੜਤਾ ਦੇ ਵਕੀਲ ਨੇ ਦੱਸਿਆ ਕਿ ਰਾਮਦੁਲਾਰ ਸੁਣਵਾਈ ’ਤੇ ਨਹੀਂ ਆਉਦਾ ਸੀ, ਇਸ ਕਰਕੇ 300 ਤੋਂ ਵੱਧ ਤਰੀਕਾਂ ਪਈਆਂ। ਮਾਮਲਾ ਕਰੀਬ 9 ਸਾਲ ਚੱਲਿਆ। ਚਾਰ ਨਵੰਬਰ 2014 ਵਿਚ ਮਾਯਰਪੁਰ ਥਾਣੇ ਵਿਚ ਮਾਮਲਾ ਦਰਜ ਹੋਇਆ ਸੀ। ਉਸ ਵੇਲੇ 15 ਸਾਲ ਦੀ ਪੀੜਤਾ ਨੇ ਦੋਸ਼ ਲਾਇਆ ਸੀ ਕਿ ਰਾਮਦੁਲਾਰ ਨੇ ਉਸ ਨਾਲ ਇਕ ਸਾਲ ਬਲਾਤਕਾਰ ਕੀਤਾ। ਰਾਮਦੁਲਾਰ ਦੀ ਪਤਨੀ ਉਦੋਂ ਪਿੰਡ ਦੀ ਸਰਪੰਚ ਸੀ ਤੇ ਰਾਮਦੁਲਾਰ ਦਾ ਅਕਸ ਦਬੰਗ ਨੇਤਾ ਦਾ ਸੀ। ਰਾਮਦੁਲਾਰ ਦਾ ਸਿਆਸੀ ਕੱਦ ਲਗਾਤਾਰ ਵੱਧਦਾ ਰਿਹਾ ਸੀ ਤੇ 2022 ਵਿਚ ਉਹ ਦੁਧਵੀ ਤੋਂ ਵਿਧਾਇਕ ਚੁਣਿਆ ਗਿਆ। ਮੁਕੱਦਮਾ ਵੀ ਚਲਦਾ ਰਿਹਾ। ਪੀੜਤਾ ਦੇ ਭਰਾ ਨੇ ਫੈਸਲੇ ’ਤੇ ਤਸੱਲੀ ਪ੍ਰਗਟਾਈ ਹੈ। ਉਸਦੇ ਬਿਆਨ ’ਤੇ ਹੀ ਮਾਮਲਾ ਦਰਜ ਹੋਇਆ ਸੀ। ਉਸਨੇ ਕਿਹਾ ਕਿ ਵਿਧਾਇਕ ਨੇ ਉਸਦੇ ਅਤੇ ਉਸਦਾ ਸਾਥ ਦੇਣ ਵਾਲਿਆਂ ਖਿਲਾਫ ਤਿੰਨ ਝੂਠੇ ਕੇਸ ਵੀ ਦਰਜ ਕਰਵਾਏ। ਵਿਧਾਇਕ ਭੈਣ ਨੂੰ ਧਮਕੀ ਦਿੰਦਾ ਸੀ ਕਿ ਜੇ ਘਰਦਿਆਂ ਨੂੰ ਦੱਸਿਆ ਤਾਂ ਉਹ ਸਾਰੇ ਪਰਿਵਾਰ ਦੀ ਹੱਤਿਆ ਕਰਵਾ ਦੇਵੇਗਾ। ਜਦੋਂ 4 ਨਵੰਬਰ 2014 ਨੂੰ ਰਾਮਦੁਲਾਰ ਨੇ ਖੇਤ ਵਿਚ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਬਰਦਾਸ਼ਤ ਨਹੀਂ ਕਰ ਸਕੀ। ਕਿਸੇ ਤਰ੍ਹਾਂ ਬਚ ਕੇ ਆ ਕੇ ਉਸਨੇ ਸਾਰੀ ਕਹਾਣੀ ਉਸਨੂੰ ਦੱਸੀ।
ਪੌਕਸੋ ਐਕਟ ਤੋਂ ਬਚਣ ਲਈ ਰਾਮਦੁਲਾਰ ਨੇ ਜਾਅਲੀ ਸਕੂਲ-ਲੀਵਿੰਗ ਸਰਟੀਫਿਕੇਟ ਬਣਾ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਕੁੜੀ ਨਾਬਾਲਗ ਨਹੀਂ, ਬਾਲਗ ਸੀ। ਉਸਨੇ ਪੀੜਤ ਪਰਿਵਾਰ ਨੂੰ ਪੈਸੇ ਦਾ ਲਾਲਚ ਵੀ ਦਿੱਤਾ। ਕੋਰਟ ਦੇ ਫੈਸਲੇ ਨਾਲ ਰਾਮਦੁਲਾਰ ਦੀ ਅਸੰਬਲੀ ਦੀ ਮੈਂਬਰੀ ਜਾਣੀ ਤੈਅ ਹੈ। ਨਿਯਮ ਹੈ ਕਿ ਦੋ ਸਾਲ ਜਾਂ ਉਸਤੋਂ ਵੱਧ ਦੀ ਸਜ਼ਾ ’ਤੇ ਸਾਂਸਦਾਂ ਤੇ ਵਿਧਾਇਕਾਂ ਦੀ ਮੈਂਬਰੀ ਰੱਦ ਹੋਵੇਗੀ।


