ਔਰਤ ਜੱਜ ਦੀ ਫਰਿਆਦ

0
340

ਔਰਤਾਂ ਵਿਰੁੱਧ ਅਪਰਾਧਾਂ ਦੇ ਮਸਲੇ ਵਿੱਚ ਸਾਡੇ ਦੇਸ਼ ਦੀ ਹਾਲਤ ਹਮੇਸ਼ਾ ਚਿੰਤਾਜਨਕ ਰਹੀ ਹੈ, ਪਰ ਕੰਮਕਾਜੀ ਔਰਤਾਂ ਦੇ ਮਾਮਲੇ ਵਿੱਚ ਇਹ ਹੋਰ ਵੀ ਮਾੜੀ ਹੈ। ਸਾਡੇ ਸਮਾਜ ਦੀ ਜਗੀਰੂ ਸੋਚ ਕਾਰਨ ਇਸ ਮਾਮਲੇ ਵਿੱਚ ਪੀੜਤ ਔਰਤਾਂ ਬੋਲਣ ਤੋਂ ਗੁਰੇਜ਼ ਕਰਦੀਆਂ ਹਨ। ਹੁਣ ਇੱਕ ਜੱਜ ਨੇ ਜਿਹੜੀ ਆਪਣੀ ਹੱਡਬੀਤੀ ਸਮਾਜ ਸਾਹਮਣੇ ਨਸ਼ਰ ਕੀਤੀ ਹੈ, ਉਹ ਰੌਂਗਟੇ ਖੜ੍ਹੇ ਕਰਨ ਵਾਲੀ ਹੈ।
ਯੂ ਪੀ ਦੀ ਇੱਕ ਔਰਤ ਜੱਜ ਨੇ ਜਿਨਸੀ ਦੁਰਵਿਹਾਰ ਤੋਂ ਦੁਖੀ ਹੋ ਕੇ ਇੱਛਾ ਮੌਤ ਦੀ ਮੰਗ ਕੀਤੀ ਹੈ। ਇਸ ਜੱਜ ਨੇ ਚੀਫ਼ ਜਸਟਿਸ ਆਫ਼ ਇੰਡੀਆ ਨੂੰ ਲਿਖੇ ਖਤ ਵਿੱਚ ਕਿਹਾ ਹੈ ਕਿ ਉਹ ਇੱਕ ਤੁਰਦੀ ਫਿਰਦੀ ਲਾਸ਼ ਹੈ। ਉਸ ਨੇ ਕਈ ਵਾਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਅਸਫ਼ਲ ਰਹੀ।
ਔਰਤ ਜੱਜ ਨੇ ਦੇਸ਼ ਦੇ ਮੁੱਖ ਜੱਜ ਨੂੰ ਲਿਖੇ ਖੁੱਲ੍ਹੇ ਖਤ ਨੂੰ ਸੋਸ਼ਲ ਮੀਡੀਆ ਉੱਤੇ ਵੀ ਸਾਂਝਾ ਕੀਤਾ ਹੈ। ਉਸ ਨੇ ਛੇ ਮਹੀਨੇ ਪਹਿਲਾਂ ਹੋਈ ਆਪਣੀ ਪਿਛਲੀ ਪੋਸਟਿੰਗ ਦੌਰਾਨ ਆਪਣੇ ਸੀਨੀਅਰ ਜੱਜ ਵੱਲੋਂ ਹੁੰਦੇ ਰਹੇ ਜਿਨਸੀ ਅੱਤਿਆਚਾਰਾਂ ਦਾ ਖੁਲਾਸਾ ਕੀਤਾ ਹੈ। ਦੋ ਸਫ਼ਿਆਂ ਦੇ ਆਪਣੇ ਖਤ ਵਿੱਚ ਉਸ ਨੇ ਇੱਛਾ ਮੌਤ ਮੰਗੀ ਹੈ ਕਿਉਂਕਿ ਉਸ ਨੂੰ ਨਿਰਪੱਖ ਜਾਂਚ ਦੀ ਵੀ ਉਮੀਦ ਨਹੀਂ ਹੈ, ਨਿਆਂ ਮਿਲਣਾ ਤਾਂ ਦੂਰ ਦੀ ਗੱਲ ਹੈ।
ਉਸ ਨੇ ਲਿਖਿਆ ਹੈ ਕਿ ਉਸ ਨੂੰ ਆਪਣੇ ਸੀਨੀਅਰ ਜੱਜ ਨਾਲ ਰਾਤ ਗੁਜ਼ਾਰਨ ਲਈ ਕਿਹਾ ਗਿਆ। ‘ਮੇਰਾ ਜਿਸਮਾਨੀ ਉਤਪੀੜਨ ਸਬਰ ਦੀ ਹੱਦ ਤੱਕ ਕੀਤਾ ਗਿਆ। ਮੇਰੇ ਨਾਲ ਕੂੜੇ ਵਰਗਾ ਵਿਹਾਰ ਕੀਤਾ ਗਿਆ। ਮੈਂ ਇੱਕ ਗੈਰਜ਼ਰੂਰੀ ਕੀੜੇ ਵਾਂਗ ਮਹਿਸੂਸ ਕਰਦੀ ਹਾਂ।’
ਉਸ ਨੇ ਅੱਗੇ ਲਿਖਿਆ, ‘ਮੈਂ ਬਹੁਤ ਉਤਸ਼ਾਹ ਨਾਲ ਨਿਆਂਇਕ ਸੇਵਾ ਵਿੱਚ ਆਈ ਸੀ ਤਾਂ ਕਿ ਆਮ ਲੋਕਾਂ ਨੂੰ ਇਨਸਾਫ਼ ਦੇ ਸਕਾਂ। ਮੈਨੂੰ ਕੀ ਪਤਾ ਸੀ ਕਿ ਮੈਂ ਖੁਦ ਇਨਸਾਫ਼ ਲਈ ਜਿਸ ਦਰਵਾਜ਼ੇ ਅੱਗੇ ਜਾਵਾਂਗੀ, ਉਥੇ ਮੈਨੂੰ ਨਿਆਂ ਲਈ ਭਿਖਾਰੀ ਬਣਾ ਦਿੱਤਾ ਜਾਵੇਗਾ। ਮੇਰੀ ਨੌਕਰੀ ਦੇ ਥੋੜ੍ਹੇ ਸਮੇਂ ਵਿੱਚ ਹੀ ਮੈਨੂੰ ਖੁੱਲ੍ਹੇ ਦਰਬਾਰ ਵਿੱਚ ਦੁਰਵਿਹਾਰ ਸਹਿਣ ਦਾ ਦੁਰਲੱਭ ਸਨਮਾਨ ਦਿੱਤਾ ਗਿਆ।’
ਬੇਹੱਦ ਦੁਖੀ ਹੋ ਚੁੱਕੀ ਔਰਤ ਜੱਜ ਨੇ ਭਾਰਤ ਵਿਚਲੀਆਂ ਸਭ ਕੰਮਕਾਜੀ ਔਰਤਾਂ ਨੂੰ ਸਿਸਟਮ ਵਿਰੁੱਧ ਲੜਨ ਦਾ ਯਤਨ ਨਾ ਕਰਨ ਲਈ ਕਿਹਾ ਹੈ। ਉਸ ਨੇ ਲਿਖਿਆ ਹੈ, ‘ਜੇਕਰ ਕੋਈ ਔਰਤ ਇਹ ਸੋਚਦੀ ਹੈ ਕਿ ਉਹ ਸਿਸਟਮ ਵਿਰੁੱਧ ਲੜੇਗੀ ਤਾਂ ਉਹ ਇਹ ਸੋਚਣਾ ਬੰਦ ਕਰ ਦੇਵੇ। ਮੈਂ ਖੁਦ ਜੱਜ ਹਾਂ, ਪਰ ਇਹ ਨਹੀਂ ਕਰ ਸਕੀ। ਮੈਂ ਆਪਣੇ ਲਈ ਨਿਰਪੱਖ ਜਾਂਚ ਨਹੀਂ ਕਰਾ ਸਕੀ। ਨਿਆਂ ਤਾਂ ਬਹੁਤ ਦੂਰ ਦੀ ਗੱਲ ਹੈ। ਮੈਂ ਸਭ ਔਰਤਾਂ ਨੂੰ ਸਲਾਹ ਦਿੰਦੀ ਹਾਂ ਕਿ ਉਹ ਖਿਡੌਣੇ ਜਾਂ ਨਿਰਜਿੰਦ ਵਸਤੂ ਬਣਨਾ ਸਿੱਖ ਲੈਣ। ਮੇਰੀ ਹੁਣ ਜੀਣ ਦੀ ਕੋਈ ਇੱਛਾ ਨਹੀਂ ਰਹੀ। ਪਿਛਲੇ ਡੇਢ ਸਾਲ ਤੋਂ ਮੈਨੂੰ ਤੁਰਦੀ-ਫਿਰਦੀ ਲਾਸ਼ ਬਣਾ ਦਿੱਤਾ ਗਿਆ ਹੈ। ਇਸ ਨਿਰਜੀਵ ਤੇ ਪ੍ਰਾਣਰਹਿਤ ਸਰੀਰ ਨੂੰ ਏਧਰ-ਉਧਰ ਚੁੱਕੀ ਫਿਰਨ ਦਾ ਹੁਣ ਕੋਈ ਮਤਲਬ ਨਹੀਂ ਹੈ। ਮੇਰੀ ਜ਼ਿੰਦਗੀ ਦਾ ਹੁਣ ਕੋਈ ਮਕਸਦ ਨਹੀਂ ਬਚਿਆ। �ਿਪਾ ਕਰਕੇ ਮੈਨੂੰ ਆਪਣਾ ਜੀਵਨ ਸਨਮਾਨ ਪੂਰਵਕ ਖ਼ਤਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ।’
ਇਹ ਖਤ ਸਾਹਮਣੇ ਆਉਣ ਉੱਤੇ ਚੀਫ਼ ਜਸਟਿਸ ਨੇ ਇਲਾਹਾਬਾਦ ਹਾਈਕੋਰਟ ਨੂੰ ਜੱਜ ਦੀਆਂ ਸਾਰੀਆਂ ਸ਼ਿਕਾਇਤਾਂ ਤੁਰੰਤ ਅਦਾਲਤ ਵਿੱਚ ਪੇਸ਼ ਕਰਨ ਲਈ ਕਿਹਾ ਹੈ। ਇਸ ਬਾਰੇ ਅਦਾਲਤ ਕੀ ਫ਼ੈਸਲਾ ਲੈਂਦੀ ਹੈ, ਇਹ ਬਾਅਦ ’ਚ ਪਤਾ ਲੱਗੇਗਾ, ਪਰ ਔਰਤ ਜੱਜ ਦੇ ਇਸ ਖਤ ਨੇ ਭਾਰਤ ਵਿੱਚ ਕੰਮਕਾਜੀ ਔਰਤਾਂ ਨਾਲ ਹੁੰਦੇ ਵਿਹਾਰ ਦੀ ਸੱਚਾਈ ਸਮਾਜ ਸਾਹਮਣੇ ਰੱਖ ਦਿੱਤੀ ਹੈ।

LEAVE A REPLY

Please enter your comment!
Please enter your name here