ਆਦਿਵਾਸੀਆਂ ‘ਤੇ ਅੱਤਿਆਚਾਰ

0
528

ਝਾਰਖੰਡ ਜਨਾਧਿਕਾਰ ਮਹਾਂ ਸਭਾ ਵੱਲੋਂ ਝਾਰਖੰਡ ਦੇ ਆਦਿਵਾਸੀ ਅਧਿਕਾਰ ਕਾਰਕੁਨ ਫਾਦਰ ਸਟੇਨ ਸਵਾਮੀ ਦੀ ਪੰਜ ਜੁਲਾਈ ਨੂੰ ਪਹਿਲੀ ਬਰਸੀ ‘ਤੇ ਜਾਰੀ ਕੀਤੀ ਗਈ ਰਿਪੋਰਟ ਦਰਸਾਉਂਦੀ ਹੈ ਕਿ ਮਾਓਵਾਦੀ ਗਰਦਾਨ ਕੇ ਆਦਿਵਾਸੀਆਂ ‘ਤੇ ਕਿੰਨੇ ਅੱਤਿਆਚਾਰ ਕੀਤੇ ਜਾ ਰਹੇ ਹਨ | ਮਹਾਂ ਸਭਾ ਵੱਲੋਂ ਬੋਕਾਰੋ ਜ਼ਿਲ੍ਹੇ ਦੇ ਗੋਮੀਆ ਤੇ ਨਵਾਡੀਹ ਬਲਾਕ ਵਿਚ 31 ਆਦਿਵਾਸੀ-ਮੂਲਵਾਸੀਆਂ ਦੇ ਅਗਸਤ 2021 ਤੋਂ ਜਨਵਰੀ 2022 ਤੱਕ ਦੇ ਸਰਵੇ ਵਿਚ ਸਾਹਮਣੇ ਆਇਆ ਕਿ ਇਨ੍ਹਾਂ ‘ਤੇ ਗੈਰ-ਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ (ਯੂ ਏ ਪੀ ਏ) ਵਰਗੇ ਕਠੋਰ ਕਾਨੂੰਨ ਤੇ ਤਾਜ਼ੀਰਾਤੇ ਹਿੰਦ ਦੀਆਂ ਧਾਰਾਵਾਂ ‘ਤੇ ਝੂਠੇ ਕੇਸ ਦਰਜ ਕੀਤੇ ਗਏ | ਸਰਵੇ ਦਾ ਮੁੱਖ ਉਦੇਸ਼ ਪੀੜਤਾਂ ਦੀ ਸਥਿਤੀ, ਉਨ੍ਹਾਂ ਨੂੰ ਗਲਤ ਦੋਸ਼ਾਂ ਵਿਚ ਫਸਾਉਣ ਦੀ ਪ੍ਰਕਿਰਿਆ ਅਤੇ ਪੀੜਤਾਂ ਤੇ ਉਨ੍ਹਾਂ ਦੇ ਪਰਵਾਰਾਂ ਉੱਤੇ ਇਸ ਦੇ ਪ੍ਰਭਾਵਾਂ ਨੂੰ ਸਮਝਣਾ ਸੀ | ਇਨ੍ਹਾਂ ਸਾਰਿਆਂ ਉੱਤੇ ਮਾਓਵਾਦੀ ਹੋਣ, ਮਾਓਵਾਦੀਆਂ ਨੂੰ ਸਹਿਯੋਗ ਦੇਣ ਜਾਂ ਮਾਓਵਾਦੀ ਘਟਨਾਵਾਂ ਵਿਚ ਸ਼ਾਮਲ ਹੋਣ ਦੇ ਦੋਸ਼ ਲਾਏ ਗਏ ਸਨ | ਸਾਰਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਮਾਓਵਾਦੀਆਂ ਨਾਲ ਨਾ ਕਦੇ ਸੰਬੰਧ ਰਿਹਾ ਤੇ ਨਾ ਹੀ ਉਨ੍ਹਾਂ ਵਾਰਦਾਤਾਂ ਕੀਤੀਆਂ | 16 ਵਿਅਕਤੀਆਂ ਖਿਲਾਫ 2014 ਤੋਂ ਪਹਿਲਾਂ, 9 ਦੇ ਖਿਲਾਫ 2014-2019 ਵਿਚਾਲੇ ਅਤੇ ਬਾਕੀਆਂ ਖਿਲਾਫ 2019 ਦੇ ਬਾਅਦ ਮਾਮਲੇ ਦਰਜ ਕੀਤੇ ਗਏ | 22 ਕਰੀਬ ਦੋ ਸਾਲ ਜੇਲ੍ਹ ਵਿਚ ਰਹੇ, ਜਦਕਿ ਕਈ ਹੋਰਨਾਂ ਨੇ 5 ਸਾਲ ਤੋਂ ਵੱਧ ਜੇਲ੍ਹ ਵਿਚ ਬਿਤਾਏ | 9 ਪੂਰੀ ਤਰ੍ਹਾਂ ਬਰੀ ਹੋ ਗਏ ਹਨ, ਜਦਕਿ ਬਾਕੀਆਂ ‘ਤੇ ਇੱਕ-ਇੱਕ ਕੇਸ ਵਿਚਾਰ ਅਧੀਨ ਹੈ | ਸਾਰਿਆਂ ਦੀ ਰੋਜ਼ੀ-ਰੋਟੀ ਦਾ ਜ਼ਰੀਆ ਖੇਤੀ ਜਾਂ ਮਜ਼ਦੂਰੀ ਹੈ | ਕਈ ਪਰਵਾਰਾਂ ਦੀ ਆਰਥਕ ਹਾਲਤ ਬਹੁਤ ਮਾੜੀ ਹੈ | 18 ਤਾਂ ਅਨਪੜ੍ਹ ਹਨ | ਮੁਕੱਦਮਿਆਂ ਕਾਰਨ ਕਈ ਪੀੜਤ ਪਰਵਾਰਾਂ ਨੂੰ ਗਾਂ-ਬਲਦ ਤੱਕ ਵੇਚਣੇ ਪੈ ਗਏ ਅਤੇ ਜ਼ਮੀਨ ਦਾ ਕੁਝ ਹਿੱਸਾ ਗਿਰਵੀ ਰੱਖਣਾ ਪੈ ਗਿਆ | ਕਈਆਂ ਨੇ ਪਿੰਡ ਵਾਸੀਆਂ ਤੇ ਰਿਸ਼ਤੇਦਾਰਾਂ ਤੋਂ ਕਰਜ਼ ਲਿਆ | ਆਰਥਕ ਤੰਗੀ ਕਾਰਨ ਬੱਚਿਆਂ ਦੀ ਪੜ੍ਹਾਈ ਛੁਟ ਗਈ | ਹਰ ਪੀੜਤ ਨੂੰ ਔਸਤਨ 90 ਹਜ਼ਾਰ ਖਰਚਣੇ ਪਏ | ਕਈ ਸਾਲ ਜੇਲ੍ਹ ਵਿਚ ਰਹਿਣ ਵਾਲਿਆਂ ਨੂੰ ਤਿੰਨ ਲੱਖ ਰੁਪਏ ਤੱਕ ਖਰਚਣੇ ਪਏ | ਜਦ ਵੀ ਕੋਈ ਘਟਨਾ ਹੁੰਦੀ ਹੈ, ਪੁਲਸ ਕੁਝ ਬੇਗੁਨਾਹ ਮੂਲਵਾਸੀਆਂ-ਆਦਿਵਾਸੀਆਂ ਦਾ ਨਾਂਅ ਐੱਫ ਆਈ ਆਰ ਵਿਚ ਜੋੜ ਦਿੰਦੀ ਹੈ | ਫਿਰ ਕੋਈ ਘਟਨਾ ਹੁੰਦੀ ਹੈ ਤਾਂ ਇਨ੍ਹਾਂ ਦੇ ਨਾਂਅ ਉਸ ਦੀ ਐੱਫ ਆਈ ਆਰ ਵਿਚ ਵੀ ਜੋੜ ਦਿੱਤੇ ਜਾਂਦੇ ਹਨ | ਕਈ ਵਾਰ ਪੁਲਸ ਬੇਗੁਨਾਹ ਨੂੰ ਗੁਨਾਹਗਾਰ ਬਣਾ ਕੇ ਪੇਸ਼ ਕਰ ਦਿੰਦੀ ਹੈ, ਤਾਂ ਕਿ ਦਿਖਾ ਸਕੇ ਕਿ ਉਹ ਆਪਣਾ ਕੰਮ ਕਰ ਰਹੀ ਹੈ | ਮਹਾਂ ਸਭਾ ਨੇ ਮੰਗ ਕੀਤੀ ਹੈ ਕਿ ਬੇਗੁਨਾਹਾਂ ਖਿਲਾਫ ਕੇਸ ਤੁਰੰਤ ਵਾਪਸ ਲਏ ਜਾਣ, ਪੀੜਤ ਪਰਵਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣ, ਫਰਜ਼ੀ ਮਾਮਲੇ ਬਣਾਉਣ ਵਾਲੇ ਪੁਲਸ ਅਧਿਕਾਰੀਆਂ ‘ਤੇ ਕਾਰਵਾਈ ਹੋਵੇ ਅਤੇ ਦਰਜ ਮਾਮਲਿਆਂ ਦੀ ਆਜ਼ਾਦ ਅਦਾਲਤੀ ਜਾਂਚ ਹੋਵੇ | ਮਾਓਵਾਦੀ ਵਿਰੋਧੀ ਮੁਹਿੰਮਾਂ ਦੇ ਨਾਂਅ ‘ਤੇ ਗਰੀਬਾਂ, ਖਾਸਕਰ ਆਦਿਵਾਸੀਆਂ ਨੂੰ ਤੰਗ ਕਰਨਾ ਬੰਦ ਕੀਤਾ ਜਾਵੇ | ਮਾਓਵਾਦੀਆਂ ਦੇ ਦਬਾਅ ਵਿਚ ਮਹਿਜ਼ ਉਨ੍ਹਾਂ ਨੂੰ ਖਾਣਾ ਖੁਆਉਣ ਦੇ ਸ਼ੱਕ ਦੇ ਆਧਾਰ ‘ਤੇ ਆਦਿਵਾਸੀਆਂ ਨੂੰ ਮਾਓਵਾਦੀਆਂ ਨਾਲ ਜੋੜਨਾ ਬੰਦ ਕੀਤਾ ਜਾਵੇ |

LEAVE A REPLY

Please enter your comment!
Please enter your name here