20.9 C
Jalandhar
Saturday, October 19, 2024
spot_img

ਪ੍ਰਧਾਨ ਮੰਤਰੀ ਜੀ ਸਨਮਾਨ ਹੁਣ ਬੋਝ ਬਣ ਗਏ : ਪੂਨੀਆ

ਨਵੀਂ ਦਿੱਲੀ : ਭਾਰਤੀ ਕੁਸ਼ਤੀ ਫੈਡਰੇਸ਼ਨ ਉੱਤੇ ਭਾਜਪਾ ਸਾਂਸਦ ਤੇ ਸਾਬਕਾ ਪ੍ਰਧਾਨ ਬਿ੍ਰਜ ਭੂਸ਼ਣ ਸ਼ਰਣ ਸਿੰਘ ਦਾ ਮੁੜ ਕਬਜ਼ਾ ਹੋ ਜਾਣ ਦੇ ਇਕ ਦਿਨ ਬਾਅਦ ਨਾਮੀ ਭਲਵਾਨ ਬਜਰੰਗ ਪੂਨੀਆ ਨੇ ਪਦਮਸ੍ਰੀ ਪੁਰਸਕਾਰ ਵਾਪਸ ਕਰ ਦਿੱਤਾ। ਉਸ ਨੇ ਕਿਹਾ ਕਿ ਫੈਡਰੇਸ਼ਨ ਦੀਆਂ ਚੋਣਾਂ ਦੱਸਦੀਆਂ ਹਨ ਕਿ ਭਲਵਾਨਾਂ ਦਾ ਭਵਿੱਖ ਹੁਣ ਸੁਰੱਖਿਅਤ ਨਹੀਂ ਰਹੇਗਾ। ਉਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਨੇ ਤਾਂ ਵੀਰਵਾਰ ਹੀ ਕੁਸ਼ਤੀ ਛੱਡਣ ਦਾ ਐਲਾਨ ਕਰ ਦਿੱਤਾ ਸੀ।
ਪੂਨੀਆ ਨੇ ਟਵਿੱਟਰ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਬੋਧਤ ਪੱਤਰ ’ਚ ਕਿਹਾ ਹੈਮੈਂ ਪ੍ਰਧਾਨ ਮੰਤਰੀ ਨੂੰ ਆਪਣਾ ਪਦਮਸ੍ਰੀ ਐਵਾਰਡ ਵਾਪਸ ਕਰ ਰਿਹਾ ਹਾਂ। ਕਹਿਣ ਨੂੰ ਇਹ ਮੇਰਾ ਪੱਤਰ ਹੈ ਪਰ ਇਹੀ ਮੇਰੀ ਸਟੇਟਮੈਂਟ ਹੈ। ਪੂਨੀਆ ਨੇ ਪੱਤਰ ’ਚ ਲਿਖਿਆ ਹੈਪਿਆਰੇ ਪ੍ਰਧਾਨ ਮੰਤਰੀ ਜੀ। ਉਮੀਦ ਕਰਦਾ ਹਾਂ ਕਿ ਰਾਜ਼ੀ-ਖੁਸ਼ੀ ਹੋਵੋਗੇ। ਤੁਸੀਂ ਕਈ ਕੰਮਾਂ ਵਿਚ ਬਿਜ਼ੀ ਹੋਵੋਗੇ ਪਰ ਮੈਂ ਤੁਹਾਡਾ ਧਿਆਨ ਦੇਸ਼ ਦੇ ਭਲਵਾਨਾਂ ਵੱਲ ਦਿਵਾਉਣ ਲਈ ਇਹ ਲਿਖ ਰਿਹਾ ਹਾਂ। ਤੁਹਾਨੂੰ ਜ਼ਰੂਰ ਪਤਾ ਹੋਵੇਗਾ ਕਿ ਦੇਸ਼ ਦੀਆਂ ਮਹਿਲਾ ਭਲਵਾਨਾਂ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਉਦਿਆਂ ਬਿ੍ਰਜ ਭੂਸ਼ਣ ਸਿੰਘ ਖਿਲਾਫ ਜਨਵਰੀ ਵਿਚ ਪ੍ਰੋਟੈੱਸਟ ਸ਼ੁਰੂ ਕੀਤਾ ਸੀ। ਮੈਂ ਵੀ ਉਨ੍ਹਾਂ ਦੇ ਪ੍ਰੋਟੈੱਸਟ ਵਿਚ ਸ਼ਾਮਲ ਹੋਇਆ। ਸਰਕਾਰ ਵੱਲੋਂ ਸਖਤ ਕਾਰਵਾਈ ਦਾ ਭਰੋਸਾ ਦੇਣ ’ਤੇ ਪ੍ਰੋਟੈੱਸਟ ਰੋਕ ਦਿੱਤਾ ਗਿਆ। ਪਰ ਤਿੰਨ ਮਹੀਨਿਆਂ ਤੱਕ ਬਿ੍ਰਜ ਭੂਸ਼ਣ ਖਿਲਾਫ ਕੋਈ ਐੱਫ ਆਈ ਆਰ ਦਰਜ ਨਹੀਂ ਕੀਤੀ ਗਈ। ਅਸੀਂ ਫਿਰ ਅਪ੍ਰੈਲ ਵਿਚ ਸੜਕ ’ਤੇ ਉੱਤਰੇ ਤਾਂ ਕਿ ਘੱਟੋ ਘੱਟ ਪੁਲਸ ਉਸ ਵਿਰੁੱਧ ਐੱਫ ਆਈ ਆਰ ਤਾਂ ਦਰਜ ਕਰੇ। ਜਨਵਰੀ ਵਿਚ ਉਸ ਵਿਰੁੱਧ 19 ਸ਼ਿਕਾਇਤਾਂ ਸਨ ਪਰ ਅਪ੍ਰੈਲ ਵਿਚ ਘਟ ਕੇ 7 ਰਹਿ ਗਈਆਂ। ਇਸ ਦਾ ਮਤਲਬ ਬਿ੍ਰਜ ਭੂਸ਼ਣ ਨੇ 12 ਮਹਿਲਾ ਭਲਵਾਨਾਂ ਨੂੰ ਡਰਾ ਲਿਆ। ਪੂਨੀਆ ਨੇ ਅੱਗੇ ਲਿਖਿਆ ਹੈਮੈਨੂੰ ਅਰਜੁਨ ਐਵਾਰਡ, ਖੇਲ ਰਤਨ ਤੇ ਪਦਮਸ੍ਰੀ ਨਾਲ ਨਿਵਾਜਿਆ ਗਿਆ ਸੀ। ਮੇਰਾ ਹਰ ਥਾਂ ਅਰਜੁਨ ਐਵਾਰਡੀ ਕਹਿ ਕੇ ਸਨਮਾਨ ਕੀਤਾ ਜਾਂਦਾ ਰਿਹਾ ਹੈ, ਪਰ ਜਦ ਅਸੀਂ ਮਹਿਲਾ ਭਲਵਾਨਾਂ ਨੂੰ ਸੁਰੱਖਿਅਤ ਨਹੀਂ ਰੱਖ ਸਕੇ ਤਾਂ ਫਿਰ ਇਨ੍ਹਾਂ ਸਨਮਾਨਾਂ ਥੱਲੇ ਦਬ ਕੇ ਮੈਂ ਆਪਣੀ ਜ਼ਿੰਦਗੀ ਨਹੀਂ ਜੀ ਸਕਾਂਗਾ। ਜਿਨ੍ਹਾਂ ਬੇਟੀਆਂ ਨੇ ਬੇਟੀ ਬਚਾਓ, ਬੇਟੀ ਪੜ੍ਹਾਓ ਦਾ ਬਰਾਂਡ ਅੰਬੈਸਡਰ ਬਣਨਾ ਸੀ, ਉਨ੍ਹਾਂ ਨੂੰ ਆਪਣੀ ਖੇਡ ਤੋਂ ਹੀ ਬਾਹਰ ਹੋਣਾ ਪਿਆ ਹੈ। ਇਸ ਦੇ ਬਾਅਦ ਵੀ ਅਸੀਂ ‘ਸਨਮਾਨਤ’ ਭਲਵਾਨ ਕੁਝ ਵੀ ਨਹੀਂ ਕਰ ਸਕੇ। ਇਹ ਸਾਡੇ ਲਈ ਚੁੱਭਣ ਵਾਲੀ ਗੱਲ ਹੈ।
ਬਿ੍ਰਜ ਭੂਸ਼ਣ ਸ਼ਰਣ ਸਿੰਘ ਦੇ ਕਰੀਬੀ ਸੰਜੈ ਸਿੰਘ ਦੇ ਕੁਸ਼ਤੀ ਫੈਡਰੇਸ਼ਨ ਦਾ ਪ੍ਰਧਾਨ ਚੁਣੇ ਜਾਣ ਦਾ ਜ਼ਿਕਰ ਕਰਦਿਆਂ ਪੂਨੀਆ ਨੇ ਕਿਹਾ ਹੈਇਨ੍ਹਾਂ ਲੋਕਾਂ ਨੇ ਜਿੱਤ ਦੇ ਬਾਅਦ ਦਾਅਵਾ ਕੀਤਾ ਕਿ ਦਬਦਬਾ ਹੈ ਤੇ ਰਹੇਗਾ। ਇਸੇ ਮਾਨਸਕ ਦਬਾਅ ਵਿਚ ਆ ਕੇ ਉਲੰਪਿਕ ਮੈਡਲ ਜੇਤੂ ਇੱਕੋ-ਇੱਕ ਮਹਿਲਾ ਭਲਵਾਨ ਸਾਕਸ਼ੀ ਮਲਿਕ ਨੇ ਖੇਡ ਤੋਂ ਹੀ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਬਿ੍ਰਜ ਭੂਸ਼ਣ ਦੀ ਇਸ ਜਿੱਤ ਦੇ ਚਲਦਿਆਂ ਸਾਡੀ ਸਾਰਿਆਂ ਦੀ ਰਾਤ ਰੋਂਦਿਆਂ ਨਿਕਲੀ। ਸਮਝ ਨਹੀਂ ਆ ਰਿਹਾ ਸੀ ਕਿ ਕਿੱਥੇ ਜਾਈਏ, ਕੀ ਕਰੀਏ ਤੇ ਕਿਵੇਂ ਜੀਵੀਏ। ਏਨਾ ਮਾਣ-ਸਨਮਾਨ ਦਿੱਤਾ ਸਰਕਾਰ ਨੇ ਤੇ ਲੋਕਾਂ ਨੇ। ਕੀ ਇਸੇ ਸਨਮਾਨ ਦੇ ਥੱਲੇ ਦਬ ਕੇ ਘੁੱਟਦਾ ਰਹਾਂ। ਸਾਲ 2019 ਵਿਚ ਮੈਨੂੰ ਪਦਮਸ੍ਰੀ ਨਾਲ ਨਿਵਾਜਿਆ ਗਿਆ। ਖੇਲ ਰਤਨ ਤੇ ਅਰੁਜਨ ਐਵਾਰਡ ਨਾਲ ਵੀ ਸਨਮਾਨਤ ਕੀਤਾ ਗਿਆ। ਜਦ ਇਹ ਸਨਮਾਨ ਮਿਲੇ ਤਾਂ ਬਹੁਤ ਖੁਸ਼ੀ ਹੋਈ ਤੇ ਲੱਗਾ ਕਿ ਜੀਵਨ ਸੁਫਲਾ ਹੋ ਗਿਆ। ਪਰ ਅੱਜ ਉਸ ਤੋਂ ਕਿਤੇ ਵੱਧ ਦੁਖੀ ਹਾਂ ਅਤੇ ਇਹ ਸਨਮਾਨ ਮੈਨੂੰ ਚੁੱਭ ਰਹੇ ਹਨ। ਕਾਰਨ ਸਿਰਫ ਇਕ ਹੀ ਹੈ, ਜਿਸ ਕੁਸ਼ਤੀ ਲਈ ਮੈਨੂੰ ਇਹ ਸਨਮਾਨ ਮਿਲੇ, ਉਸ ਵਿਚ ਸਾਡੀਆਂ ਸਾਥੀ ਮਹਿਲਾ ਭਲਵਾਨਾਂ ਨੂੰ ਆਪਣੀ ਸੁਰੱਖਿਆ ਲਈ ਕੁਸ਼ਤੀ ਤੱਕ ਛੱਡਣੀ ਪੈ ਰਹੀ ਹੈ। ਖੇਡਾਂ ਸਾਡੀਆਂ ਮਹਿਲਾ ਖਿਡਾਰਨਾਂ ਦੀ ਜ਼ਿੰਦਗੀ ਵਿਚ ਬਦਲਾਅ ਲੈ ਕੇ ਆਈਆਂ ਸਨ। ਪਹਿਲਾਂ ਪਿੰਡਾਂ ਵਿਚ ਕੋਈ ਇਹ ਕਲਪਨਾ ਨਹੀਂ ਸੀ ਕਰ ਸਕਦਾ ਕਿ ਪਿੰਡਾਂ ਵਿਚ ਮੁੰਡੇ ਤੇ ਕੁੜੀਆਂ ਇਕੱਠੇ ਖੇਡਦੇ ਦਿਸਣਗੇ। ਪਰ ਪਹਿਲੀ ਪੀੜ੍ਹੀ ਦੀਆਂ ਖਿਡਾਰਨਾਂ ਦੀ ਹਿੰਮਤ ਕਾਰਨ ਅਜਿਹਾ ਹੋ ਸਕਿਆ। ਹਰ ਪਿੰਡ ਵਿਚ ਤੁਹਾਨੂੰ ਕੁੜੀਆਂ ਖੇਡਦੀਆਂ ਦਿਸ ਪੈਣਗੀਆਂ ਅਤੇ ਉਹ ਖੇਡਣ ਲਈ ਦੇਸ਼-ਵਿਦੇਸ਼ ਤੱਕ ਜਾ ਰਹੀਆਂ ਹਨ। ਪਰ ਜਿਨ੍ਹਾਂ ਦਾ ਦਬਦਬਾ ਕਾਇਮ ਹੋਇਆ ਹੈ ਜਾਂ ਰਹੇਗਾ, ਉਨ੍ਹਾਂ ਦੀ ਪਰਛਾਈਂ ਤੱਕ ਮਹਿਲਾ ਖਿਡਾਰੀਆਂ ਨੂੰ ਡਰਾਉਦੀ ਹੈ ਤੇ ਹੁਣ ਤਾਂ ਉਹ ਪੂਰੀ ਤਰ੍ਹਾਂ ਨਾਲ ਦੁਬਾਰਾ ਕਾਬਜ਼ ਹੋ ਗਏ ਹਨ। ਬਜਰੰਗ ਪੂਨੀਆ ਨੇ ਸ਼ੁੱਕਰਵਾਰ ਪ੍ਰਧਾਨ ਮੰਤਰੀ ਨੂੰ ਪੱਤਰ ਦੇਣ ਲਈ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ, ਪਰ ਪੁਲਸ ਨੇ ਕੋਠੀ ਦੇ ਬਾਹਰ ਰੋਕ ਲਿਆ। ਪੂਨੀਆ ਨੇ ਪੁਲਸ ਵਾਲਿਆਂ ਨੂੰ ਕਿਹਾਮੇਰੇ ਕੋਲ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਪਰਮਿਸ਼ਨ ਨਹੀਂ ਹੈ। ਮੈਂ ਅੰਦਰ ਨਹੀਂ ਜਾ ਸਕਦਾ, �ਿਪਾ ਕਰਕੇ ਤੁਸੀਂ ਇਹ ਪੱਤਰ ਪ੍ਰਧਾਨ ਮੰਤਰੀ ਤੱਕ ਪਹੁੰਚਾ ਦਿਓ। ਮੈਂ ਪ੍ਰੋਟੈੱਸਟ ਨਹੀਂ ਕਰ ਰਿਹਾ ਤੇ ਨਾ ਹੀ ਗੁੱਸੇ ਹਾਂ। ਫਿਰ ਉਹ ਫੁੱਟ ਪਾਥ ’ਤੇ ਹੀ ਪੁਰਸਕਾਰ ਰੱਖ ਕੇ ਆ ਗਏ। ਖੇਡ ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਉਹ ਪੂਨੀਆ ਨੂੰ ਫੈਸਲਾ ਬਦਲਣ ਲਈ ਮਨਾਉਣਗੇ। ਇਸੇ ਦੌਰਾਨ ਉਲੰਪਿਕ ਤਮਗਾ ਜੇਤੂ ਮਹਿਲਾ ਭਲਵਾਨ ਸਾਕਸ਼ੀ ਮਲਿਕ ਦੇ ਸੰਨਿਆਸ ਲੈਣ ਦੇ ਐਲਾਨ ਤੋਂ ਬਾਅਦ ਕਾਂਗਰਸ ਨੇ ਸ਼ੁੱਕਰਵਾਰ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਬੋਲਦਿਆਂ ਦੋਸ਼ ਲਾਇਆ ਕਿ ‘ਧੀਆਂ ਨੂੰ ਰੁਆਉਣਾ, ਸਤਾਉਣਾ ਤੇ ਘਰ ਬਿਠਾਉਣਾ’ ਭਾਜਪਾ ਸਰਕਾਰ ਦੀ ਖੇਡ ਨੀਤੀ ਬਣ ਗਈ ਹੈ। ਪਾਰਟੀ ਦੇ ਜਨਰਲ ਸਕੱਤਰ ਰਣਦੀਪ ਸਿੰਘ ਸੂਰਜੇਵਾਲਾ ਨੇ ਕਿਹਾ ਕਿ ਮਹਿਲਾ ਭਲਵਾਨਾਂ ’ਤੇ ਹੋਏ ਅੱਤਿਆਚਾਰ ਅਤੇ ਬੇਇਨਸਾਫੀ ਲਈ ਨਰਿੰਦਰ ਮੋਦੀ ਸਰਕਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ। ਰੀਓ ਉਲੰਪਿਕਸ ਦੀ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਦੇ ਅਹੁਦੇ ਦੀ ਚੋਣ ’ਚ ਭਾਜਪਾ ਸਾਂਸਦ ਤੇ ਸਾਬਕਾ ਪ੍ਰਧਾਨ ਬਿ੍ਰਜ ਭੂਸ਼ਣ ਸ਼ਰਣ ਸਿੰਘ ਦੇ ਵਿਸ਼ਵਾਸਪਾਤਰ ਸੰਜੈ ਸਿੰਘ ਦੀ ਜਿੱਤ ਦੇ ਵਿਰੋਧ ’ਚ ਵੀਰਵਾਰ ਨੂੰ ਆਪਣੇ ਕੁਸ਼ਤੀ ਦੇ ਜੁੱਤੇ ਮੇਜ ਉੱਤੇ ਰੱਖ ਦਿੱਤੇ ਅਤੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਉਸ ਸਮੇਂ ਉਹ ਰੋ ਰਹੀ ਸੀ।

Related Articles

LEAVE A REPLY

Please enter your comment!
Please enter your name here

Latest Articles