33.9 C
Jalandhar
Saturday, October 19, 2024
spot_img

ਸੰਸਦ ’ਚ ਦੋ ਮੁੰਡੇ ਵੜੇ ਤਾਂ ਦੇਸ਼ ਭਗਤ ਕਹਾਉਣ ਵਾਲੇ ਭੱਜ ਗਏ : ਰਾਹੁਲ

ਨਵੀਂ ਦਿੱਲੀ : ਸੰਸਦ ਵਿੱਚੋਂ 146 ਮੈਂਬਰਾਂ ਦੀ ਮੁਅੱਤਲੀ ਖਿਲਾਫ ਆਪੋਜ਼ੀਸ਼ਨ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਨੇ ਸ਼ੁੱਕਰਵਾਰ ਇੱਥੇ ਜੰਤਰ-ਮੰਤਰ ਵਿਚ ਲੋਕਤੰਤਰ ਬਚਾਓ ਪ੍ਰਦਰਸ਼ਨ ਕੀਤਾ। ਇਸ ਵਿਚ ਕਾਂਗਰਸ ਤੋਂ ਇਲਾਵਾ ਖੱਬੀਆਂ ਪਾਰਟੀਆਂ, ਡੀ ਐੱਮ ਕੇ, ਐੱਨ ਸੀ ਪੀ (ਸ਼ਰਦ ਪਵਾਰ ਗੁਟ), ਸਪਾ, ਨੈਸ਼ਨਲ ਕਾਨਫਰੰਸ, ਟੀ ਐੱਮ ਸੀ, ਜੇ ਐੱਮ ਐੱਮ ਤੇ ਰਾਜਦ ਸਮੇਤ ਹੋਰਨਾਂ ਪਾਰਟੀਆਂ ਦੇ ਆਗੂ ਸ਼ਾਮਲ ਹੋਏ।
ਰਾਹੁਲ ਗਾਂਧੀ ਨੇ ਕਿਹਾ-ਕੁਝ ਦਿਨ ਪਹਿਲਾਂ ਸੰਸਦ ਵਿਚ ਦੋ ਨੌਜਵਾਨ ਆ ਵੜੇ। ਉਨ੍ਹਾਂ ਨੂੰ ਵਿਜ਼ਟਰ ਗੈਲਰੀ ਤੋਂ ਹੇਠਾਂ ਕੁੱਦਦੇ ਅਸੀਂ ਸਭ ਨੇ ਦੇਖਿਆ। ਉਨ੍ਹਾਂ ਥੋੜ੍ਹਾ ਧੂੰਆਂ ਫੈਲਾਇਆ, ਪਰ ਭਾਜਪਾ ਦੇ ਸਾਰੇ ਸਾਂਸਦ ਭੱਜ ਗਏ, ਜਿਹੜੇ ਖੁਦ ਨੂੰ ਦੇਸ਼ਭਗਤ ਕਹਿੰਦੇ ਹਨ, ਉਨ੍ਹਾਂ ਦੀ ਹਵਾ ਨਿਕਲ ਗਈ ਸੀ।
ਉਨ੍ਹਾ ਅੱਗੇ ਕਿਹਾ-ਮੈਂ ਕਿਸੇ ਨੂੰ ਕਿਹਾ ਕਿ ਦੇਸ਼ ਵਿਚ ਕਿਤੇ ਵੀ ਛੋਟਾ ਜਿਹਾ ਸਰਵੇ ਕਰੋ ਕਿ ਦੇਸ਼ ਦੇ ਨੌਜਵਾਨ ਮੋਬਾਈਲ (ਇੰਸਟਾਗਰਾਮ, ਟਵਿਟਰ, ਫੇਸਬੁੱਕ) ’ਤੇ ਕਿੰਨਾ ਸਮਾਂ ਬਿਤਾਉਦੇ ਹਨ। ਜਵਾਬ ਮਿਲਿਆ, ਸਾਢੇ ਸੱਤ ਘੰਟੇ। ਨਰਿੰਦਰ ਮੋਦੀ ਦੀ ਸਰਕਾਰ ਵਿਚ ਦੇਸ਼ ਦਾ ਨੌਜਵਾਨ ਸਾਢੇ ਸੱਤ ਘੰਟੇ ਮੋਬਾਈਲ ਫੋਨ ’ਤੇ ਰਹਿੰਦਾ ਹੈ ਕਿਉਕਿ ਉਸ ਕੋਲ ਰੁਜ਼ਗਾਰ ਨਹੀਂ ਹੈ। ਇਹ ਹਿੰਦੁਸਤਾਨ ਦੀ ਹਕੀਕਤ ਹੈ। ਇਸੇ ਦੇ ਚਲਦਿਆਂ ਉਹ ਨੌਜਵਾਨ ਸੰਸਦ ਵਿਚ ਵੜੇ।
ਉਨ੍ਹਾ ਕਿਹਾ-ਮੀਡੀਆ ਵਿਚ ਇਹ ਗੱਲ ਨਹੀਂ ਆਈ ਕਿ ਦੇਸ਼ ਵਿਚ ਬੇਰੁਜ਼ਗਾਰੀ ਹੈ। ਮੀਡੀਆ ਨੇ ਕਿਹਾ ਕਿ ਸੰਸਦ ਦੇ ਬਾਹਰ ਸਾਂਸਦ ਬੈਠੇ ਸੀ, ਉਥੇ ਰਾਹੁਲ ਨੇ ਵੀਡੀਓ ਬਣਾ ਲਈ। ਮਤਲਬ ਇਹ ਨਹੀਂ ਕਿਹਾ ਕਿ ਡੇਢ ਸੌ ਦੇ ਕਰੀਬ ਸਾਂਸਦਾਂ ਨੂੰ ਸੰਸਦ ਵਿੱਚੋਂ ਬਾਹਰ ਕਰ ਦਿੱਤਾ ਹੈ। ਮੀਡੀਆ ਨੇ ਇਹ ਸਵਾਲ ਨਹੀਂ ਉਠਾਇਆ ਕਿ ਸਾਂਸਦਾਂ ਨੂੰ ਬਾਹਰ ਕਿਉ ਕਰ ਦਿੱਤਾ। ਅਸੀਂ ਅਮਿਤ ਸ਼ਾਹ ਨੂੰ ਪੁੱਛਿਆ ਕਿ ਤੁਸੀਂ ਗ੍ਰਹਿ ਮੰਤਰੀ ਹੋ, ਦੋ ਨੌਜਵਾਨ ਅੰਦਰ ਕਿਵੇਂ ਆ ਗਏ, ਬੇਰੁਜ਼ਗਾਰੀ ’ਤੇ ਦੋ ਸਵਾਲ ਪੁੱਛੇ ਤਾਂ ਡੇਢ ਸੌ ਮੈਂਬਰਾਂ ਨੂੰ ਬਾਹਰ ਕਰ ਦਿੱਤਾ। ਇਹ ਸਿਰਫ ਡੇਢ ਸੌ ਲੋਕ ਨਹੀਂ ਹਨ, ਇਹ ਹਿੰਦੁਸਤਾਨ ਦੇ ਲੋਕਾਂ ਦੀ ਆਵਾਜ਼ ਹਨ। ਸਾਂਸਦਾਂ ਨੂੰ ਮੁਅੱਤਲ ਕਰਕੇ ਦੇਸ਼ ਦੇ 60 ਫੀਸਦੀ ਲੋਕਾਂ ਦੀ ਆਵਾਜ਼ ਬੰਦ ਕੀਤੀ ਗਈ ਹੈ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਨੇ ਕਿਹਾ ਕਿ ਮੋਦੀ-ਸ਼ਾਹ ਨੇ ਸੰਵਿਧਾਨ ਤੇ ਲੋਕਤੰਤਰ ਨੂੰ ਖਤਮ ਕਰਨ ਦੀ ਯੋਜਨਾ ਬਣਾਈ ਹੈ। ਇਸਨੂੰ ਨਾਕਾਮ ਕਰਨ ਲਈ ਆਪੋਜ਼ੀਸ਼ਨ ਪਾਰਟੀਆਂ ਨੇ ਇੰਡੀਆ ਬਣਾਇਆ ਹੈ। ਉਨ੍ਹਾ ਕਿਹਾ ਕਿ ਜਦੋਂ ਸਭ ਇਕ ਹੋ ਜਾਣਗੇ ਤਾਂ ਮੋਦੀ ਕੁਝ ਨਹੀਂ ਕਰ ਸਕਦੇ। ਮੋਦੀ ਜੀ ਨੂੰ ਘੁਮੰਡ ਹੈ ਕਿ ਉਹ 400 ਸੀਟਾਂ ਜਿੱਤ ਜਾਣਗੇ, ਪਰ ਉਹ ਏਨੇ ਪਾਪੂਲਰ ਨਹੀਂ ਹਨ। ਕਰਨਾਟਕ, ਤਿਲੰਗਾਨਾ ਤੇ ਹਿਮਾਚਲ ਵਿਚ ਗਲੀ-ਗਲੀ ਘੁੰਮੇ, ਪਰ ਹਾਰ ਗਏ।
ਉਨ੍ਹਾ ਰਾਜ ਸਭਾ ਦੇ ਚੇਅਰਮੈਨ ਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੀ ਅਲੋਚਨਾ ਕਰਦਿਆਂ ਕਿਹਾ ਕਿ ਉਨ੍ਹਾ ਨੂੰ ਆਪਣੇ ਸੰਵਿਧਾਨਕ ਅਹੁਦੇ ਦਾ ਖਿਆਲ ਰੱਖਣਾ ਚਾਹੀਦਾ ਹੈ, ਨਾ ਕਿ ਇਹ ਦੋਸ਼ ਲਾਉਣਾ ਚਾਹੀਦਾ ਹੈ ਕਿ ਸੰਸਦ ਦੇ ਬਾਹਰ ਇਕ ਸਾਂਸਦ ਨੇ ਨਕਲ ਉਤਾਰ ਕੇ ਜਾਟ ਹੋਣ ਦੇ ਨਾਤੇ ਉਨ੍ਹਾ ਦੀ ਬੇਇੱਜ਼ਤੀ ਕੀਤੀ। ਉਨ੍ਹਾ ਕਿਹਾ-ਹਾਕਮ ਧਿਰ ਨੇ ਮੈਨੂੰ ਸਦਨ ਵਿਚ ਬੋਲਣ ਤੋਂ ਕਈ ਵਾਰ ਰੋਕਿਆ। ਇਸ ਦਾ ਮਤਲਬ ਇਹ ਤਾਂ ਨਹੀਂ ਕਿ ਮੈਂ ਕਹਾਂ ਕਿ ਮੈਨੂੰ ਦਲਿਤ ਹੋਣ ਦੇ ਨਾਤੇ ਬੋਲਣ ਨਹੀਂ ਦਿੱਤਾ ਗਿਆ।
ਕਾਂਗਰਸ ਸਾਂਸਦ ਸ਼ਸ਼ੀ ਥਰੂਰ ਨੇ ਕਿਹਾ ਕਿ ਦੁਨੀਆ ’ਚ ਲੋਕਤੰਤਰ ਦੇ ਇਤਿਹਾਸ ’ਚ ਕਿਸੇ ਵੀ ਦੇਸ਼ ’ਚ 146 ਸਾਂਸਦਾਂਨੂੰ ਮੁਅੱਤਲ ਨਹੀਂ ਕੀਤਾ ਗਿਆ। ਉਹ ਇਸ ਕਰਕੇ ਪ੍ਰਦਰਸ਼ਨ ਕਰ ਰਹੇ ਹਨ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਲੋਕਤੰਤਰ ਖਤਰੇ ਵਿਚ ਹੈ। ਰਾਜਦ ਦੇ ਮਨੋਜ ਝਾਅ ਨੇ ਕਿਹਾਲੋਕਤੰਤਰ ਦੀ ਹੱਤਿਆ ਹੋ ਗਈ ਹੈ। ਹੁਣ ਲੋਕਤੰਤਰ ਨੂੰ ਸੁਰਜੀਤ ਕਰਨਾ ਹੈ।
ਇਸ ਮੌਕੇ ਐੱਨ ਸੀ ਪੀ ਦੇ ਸ਼ਰਦ ਪਵਾਰ, ਸੀ ਪੀ ਆਈ ਦੇ ਜਨਰਲ ਸਕੱਤਰ ਡੀ ਰਾਜਾ, ਸੀ ਪੀ ਆਈ (ਐੱਮ) ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ, ਰਾਜਦ ਦੇ ਮਨੋਜ ਕੁਮਾਰ ਝਾਅ ਵੀ ਮੌਜੂਦ ਸਨ। ਪਵਾਰ ਨੇ ਕਿਹਾ ਕਿ ਆਪੋਜ਼ੀਸ਼ਨ ਲੋਕਤੰਤਰ ਬਚਾਉਣ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਹੈ।

Related Articles

LEAVE A REPLY

Please enter your comment!
Please enter your name here

Latest Articles