27.9 C
Jalandhar
Saturday, October 19, 2024
spot_img

‘ਫਲਸਤੀਨੀਆਂ ਦਾ ਕਤਲੇਆਮ ਦਿਲ-ਕੰਬਾਊ’

ਤਰਨ ਤਾਰਨ : ਪੰਜਾਬ ਦੀਆਂ ਸੱਤ ਖੱਬੀਆਂ ਇਨਕਲਾਬੀ ਪਾਰਟੀਆਂ ਤੇ ਜਥੇਬੰਦੀਆਂ ਨੇ ਨਵੇਂ ਸਾਲ 2024 ਦੇ ਪਹਿਲੇ ਦਿਨ ਸੂਬੇ ਭਰ ’ਚ ਫਲਸਤੀਨੀ ਲੋਕਾਂ ਦੇ ਕੀਤੇ ਜਾ ਰਹੇ ਵਹਿਸ਼ੀ ਕਤਲੇਆਮ ਖਿਲਾਫ ਜ਼ੋਰਦਾਰ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਹੈ। ਪਿਛਲੇ ਢਾਈ ਮਹੀਨਿਆਂ ਤੋਂ ਫਲਸਤੀਨ ਨੂੰ ਕਬਰਿਸਤਾਨ ’ਚ ਬਦਲਣ ਲਈ ਵੱਡੇ ਸਾਮਰਾਜੀ ਧੜਵੈਲ ਅਮਰੀਕਾ ਅਤੇ ਯੂਰਪੀਅਨ ਯੂਨੀਅਨ ਦੇ ਸੰਗੀਆਂ ਦੀ ਸ਼ਹਿ ’ਤੇ ਇਜ਼ਰਾਈਲ ਵੱਲੋਂ ਫਲਸਤੀਨੀ ਲੋਕਾਂ ਨੂੰ ਦੇਸ਼ ਬਦਰ ਕਰਨ ਲਈ ਠੋਸੀ ਇਸ ਨਿਹੱਕੀ ਜੰਗ ਖਿਲਾਫ ਸੰਸਾਰ ਭਰ ’ਚ ਰੋਹਲੀ ਆਵਾਜ਼ ਉਠਾਈ ਜਾ ਰਹੀ ਹੈ। 1948 ਤੋਂ ਇੰਗਲੈਂਡ, ਅਮਰੀਕਾ ਦੀ ਸ਼ਹਿ ’ਤੇ ਫਲਸਤੀਨੀ ਲੋਕਾਂ ਦੀਆਂ ਜ਼ਮੀਨਾਂ, ਕਾਰੋਬਾਰਾਂ ’ਤੇ ਕਬਜ਼ਾ ਕਰਕੇ ਜਿਉਨਵਾਦੀਆਂ ਨੇ ਮੱਧ ਪੂਰਬ ਦੇ ਇਸ ਛੋਟੇ ਜਿਹੇ ਦੇਸ਼ ਨੂੰ ਖੁੱਲ੍ਹੀ ਜੇਲ੍ਹ ’ਚ ਬਦਲ ਕੇ ਫਲਸਤੀਨੀਆਂ ਨੂੰ ਪਲ-ਪਲ ਮਰਨ ਲਈ ਮਜਬੂਰ ਕੀਤਾ ਹੋਇਆ ਹੈ।
ਸੀ ਪੀ ਆਈ ਪੰਜਾਬ ਦੇ ਸਕੱਤਰ ਬੰਤ ਬਰਾੜ, ਭਾਰਤ ਦੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸਕੱਤਰ ਪ੍ਰਗਟ ਸਿੰਘ ਜਾਮਾਰਾਏ, ਸੀ ਪੀ ਆਈ ਮ ਲ ਨਿਊ ਡੈਮੋਕ੍ਰੇਸੀ ਦੇ ਆਗੂ ਅਜਮੇਰ ਸਿੰਘ, ਸੀ ਪੀ ਆਈ ਮ ਲ ਲਿਬਰੇਸ਼ਨ ਦੇ ਸਕੱਤਰ ਗੁਰਮੀਤ ਸਿੰਘ ਬਖਤਪੁਰਾ, ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ, ਮੁਕਤੀ ਸੰਗਰਾਮ ਮਜ਼ਦੂਰ ਮੰਚ ਦੇ ਆਗੂ ਲਖਵਿੰਦਰ, ਐੱਮ ਸੀ ਪੀ ਆਈ ਯੂ ਦੇ ਸਕੱਤਰ ਕਿਰਨਜੀਤ ਸਿੰਘ ਸੇਖੋਂ ਨੇ ਕਿਹਾ ਕਿ ਫਲਸਤੀਨ ਦੇ ਗਾਜ਼ਾ ’ਚ ਪਝੰਤਰ ਪ੍ਰਤੀਸ਼ਤ ਲੋਕਾਂ ਦੀ ਤਬਾਹੀ, ਘਰਾਂ ਦੀ ਬਰਬਾਦੀ, ਰਾਸ਼ਨ ਦੀ ਭਾਰੀ ਕਿੱਲਤ, ਇਲਾਜ ਪੱਖੋਂ ਮਰ ਤੇ ਸਹਿਕ ਰਹੇ ਲੋਕ, ਵੀਹ ਹਜ਼ਾਰ ਤੋਂ ਉਪਰ ਲੋਕਾਂ ਸਮੇਤ ਮਾਸੂਮਾਂ ਦਾ ਕਤਲ ਸੰਸਾਰ ਦਾ ਅੱਜ ਦੇ ਸਮੇਂ ਦਾ ਸਭ ਤੋਂ ਵੱਡਾ ਦਿਲ ਕੰਬਾਊ ਦੁਖਾਂਤ ਹੈ। ਸਮੂਹ ਆਗੂਆਂ ਨੇ ਮੋਦੀ ਦੀ ਫਾਸ਼ੀ ਹਕੂਮਤ ਵੱਲੋਂ ਅਮਰੀਕਾ ਨਾਲ ਇਲਹਾਕ ਦੇ ਚਲਦਿਆਂ ਇਜ਼ਰਾਈਲ ਦੇ ਹੱਕ ’ਚ ਖੜਣ ਦੀ ਜ਼ੋਰਦਾਰ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਸੰਬੰਧਤ ਧਿਰਾਂ 25 ਦਸੰਬਰ ਨੂੰ ਸਾਰੇ ਜ਼ਿਲ੍ਹਿਆਂ ’ਚ ਮੀਟਿੰਗਾਂ ਕਰਕੇ ਜ਼ਿਲ੍ਹਾ ਅਤੇ ਤਹਿਸੀਲ ਪੱਧਰਾਂ ’ਤੇ ਰੋਸ ਮਾਰਚ ਵਿਉਂਤ ਕੇ ਤਿਆਰੀ ਕਰਨਗੀਆਂ।

Related Articles

LEAVE A REPLY

Please enter your comment!
Please enter your name here

Latest Articles