ਪੀ ਆਰ ਟੀ ਸੀ ਕਾਮਿਆਂ ਦੀ 15 ਨੂੰ ਪਟਿਆਲਾ ‘ਚ ਕਨਵੈਨਸ਼ਨ

0
371

ਪਟਿਆਲਾ : ਮੰਗਲਵਾਰ ਇੱਥੇ ਪੀ ਆਰ ਟੀ ਸੀ ਵਰਕਰਜ਼ ਐਕਸ਼ਨ ਕਮੇਟੀ ਦੀ ਮੀਟਿੰਗ ਨਿਰਮਲ ਸਿੰਘ ਧਾਲੀਵਾਲ ਦੀ ਕਨਵੀਨਰਸ਼ਿਪ ਹੇਠ ਹੋਈ, ਜਿਸ ਵਿੱਚ ਐਕਸ਼ਨ ਕਮੇਟੀ ਦੇ ਮੈਂਬਰਾਂ ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖਟੜਾ, ਗੁਰਬਖਸ਼ਾ ਰਾਮ, ਸੁੱਚਾ ਸਿੰਘ ਅਤੇ ਮੁਹੰਮਦ ਖਲੀਲ ਹਾਜ਼ਰ ਸਨ | ਐਕਸ਼ਨ ਕਮੇਟੀ ਵੱਲੋਂ 21 ਜੁਲਾਈ ਨੂੰ ਪੀ ਆਰ ਟੀ ਸੀ ਵਿੱਚ 17 ਮੰਗਾਂ ਦੇ ਮੰਗ ਪੱਤਰ ਦੇ ਸੰਬੰਧ ਵਿੱਚ ਕੀਤੀ ਜਾਣ ਵਾਲੀ ਇੱਕ ਰੋਜ਼ਾ ਮੁਕੰਮਲ ਹੜਤਾਲ ਦੀ ਤਿਆਰੀ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਫੈਸਲਾ ਕੀਤਾ ਗਿਆ ਕਿ ਮਿਤੀ 15 ਜੁਲਾਈ ਨੂੰ ਪਟਿਆਲਾ ਵਿਖੇ ਹੜਤਾਲ ਦੀ ਤਿਆਰੀ ਦੇ ਸੰਬੰਧ ਵਿਚ ਇੱਕ ਨੁਮਾਇੰਦਾ ਕਨਵੈਨਸ਼ਨ ਹੋਵੇਗੀ, ਜਿਸ ਵਿੱਚ ਛੇ ਜਥੇਬੰਦੀਆਂ ਦੇ ਘੱਟੋ-ਘੱਟ 200 ਕਰਮਚਾਰੀ ਅਤੇ ਲੀਡਰ ਭਾਗ ਲੈਣਗੇ | ਐਕਸ਼ਨ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਪੀ ਆਰ ਟੀ ਸੀ ਬਠਿੰਡਾ ਡਿਪੂ ਵਿੱਚ ਟਿਕਟ ਮਸ਼ੀਨਾਂ ਦੇ ਬਹੁ-ਕਰੋੜੀ ਸਕੈਂਡਲ ਨੂੰ ਮੈਨੇਜਮੈਂਟ, ਸਰਕਾਰ ਅਤੇ ਲੋਕਲ ਪ੍ਰਸ਼ਾਸਨ ਬਹੁਤ ਹੀ ਹਲਕੇ ਵਿੱਚ ਲੈ ਰਿਹਾ ਹੈ | ਅਜੇ ਤੱਕ ਕਿਸੇ ਅਸਲ ਦੋਸ਼ੀ ਦੀ ਗਿ੍ਫਤਾਰੀ ਨਹੀਂ ਕੀਤੀ ਗਈ, ਨਾ ਹੀ ਧਨ ਦੀ ਰਿਕਵਰੀ ਕੀਤੀ ਗਈ, ਮੁਜਰਮਾਂ ਵਿਰੁੱਧ ਫੌਜਦਾਰੀ ਕਾਨੂੰਨ ਤਹਿਤ ਬਣਦੀਆਂ ਧਾਰਾਵਾਂ ਐੱਫ ਆਈ ਆਰ ਵਿਚ ਨਹੀਂ ਲਾਈਆਂ ਗਈਆਂ, ਜਦੋਂਕਿ ਮਹਿਕਮਾਨਾਂ ਰਿਕਾਰਡ ਪੜਤਾਲ ਵੀ ਧੀਮੀ ਗਤੀ ਨਾਲ ਚਲਾਈ ਜਾ ਰਹੀ ਹੈ | ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਮੁਫਤ ਸਫਰ ਬਦਲੇ ਬਣਦੇ ਪੈਸੇ ਵੀ ਸਰਕਾਰ ਨਹੀਂ ਦੇ ਰਹੀ, ਜਿਸ ਦਾ ਸਿੱਟਾ ਹੈ ਕਿ ਵਰਕਰਾਂ ਨੂੰ ਅਜੇ ਤੱਕ ਵੀ ਤਨਖਾਹਾਂ ਅਤੇ ਪੈਨਸ਼ਨਾਂ ਨਹੀਂ ਮਿਲੀਆਂ, ਜਿਸ ਕਰਕੇ ਵੱਡੀ ਗਿਣਤੀ ਵਿਚ ਕਰਮਚਾਰੀਆਂ ਨੂੰ ਆਪਣਾ ਗੁਜ਼ਾਰਾ ਚਲਾਉਣਾ ਔਖਾ ਹੋ ਗਿਆ ਹੈ | ਇਸ ਤੋਂ ਇਲਾਵਾ ਜਿਹੜੀਆਂ ਹੋਰ ਮੰਗਾਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਹਨ, ਉਹਨਾਂ ਵਿੱਚ ਕੰਟਰੈਕਟ ਵਰਕਰਾਂ ਨੂੰ ਪੱਕੇ ਕਰਨ, 1992 ਦੀ ਪੈਨਸ਼ਨ ਤੋਂ ਵਾਂਝੇ ਰਹਿ ਗਏ ਵਰਕਰਾਂ ਨੂੰ ਪੈਨਸ਼ਨ ਸਕੀਮ ਦਾ ਮੈਂਬਰ ਬਣਾਉਣਾ, ਪਿਛਲੇ ਬਕਾਇਆਂ ਦੀ ਅਦਾਇਗੀ ਕਰਨ, ਓਵਰ ਟਾਈਮ ਵਿੱਚ ਗੈਰ-ਕਾਨੂੰਨੀ ਕਟੌਤੀ ਸ਼ਾਮਲ ਹਨ | ਐਕਸ਼ਨ ਕਮੇਟੀ ਵੱਲੋਂ ਕਰਮਚਾਰੀਆਂ ਨੂੰ ਅਪੀਲ ਕੀਤੀ ਗਈ ਕਿ 15 ਜੁਲਾਈ ਨੂੰ ਸਾਰੇ ਆਗੂ ਅਤੇ ਸਰਗਰਮ ਵਰਕਰ ਪਟਿਆਲਾ ਵਿਖੇ ਕੀਤੀ ਜਾ ਰਹੀ ਕਨਵੈਨਸ਼ਨ ਵਿੱਚ ਪੁੱਜਣ |

LEAVE A REPLY

Please enter your comment!
Please enter your name here