ਨਵੀਂ ਦਿੱਲੀ : ਬਸਪਾ ਪ੍ਰਧਾਨ ਮਾਇਆਵਤੀ ਨੇ ਆਪੋਜ਼ੀਸ਼ਨ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਅਤੇ ਹੁਕਮਰਾਨ ਗੱਠਜੋੜ ਐੱਨ ਡੀ ਏ ਤੋਂ ਦੂਰੀ ਬਣਾਈ ਹੋਈ ਹੈ, ਪਰ ਪਾਰਟੀ ਦਾ ਇਕ ਧੜਾ ਇੰਡੀਆ ਨਾਲ ਜੁੜਨਾ ਚਾਹੁੰਦਾ ਹੈ। ਬਸਪਾ ਦੇ ਕੁਝ ਆਗੂ ਮਹਿਸੂਸ ਕਰਦੇ ਹਨ ਕਿ ਰਵਾਇਤੀ ਜਾਟਵ ਦਲਿਤਾਂ ਦੇ ਰਵਾਇਤੀ ਆਧਾਰ ਤੋਂ ਬਾਹਰ ਨਿਕਲ ਕੇ ਦੂਜੇ ਵੋਟਰਾਂ ਨਾਲ ਜੁੜੇਗੀ ਤਾਂ ਹੀ ਇਸ ਦਾ ਭਲਾ ਹੋਵੇਗਾ। ਜੌਨਪੁਰ ਤੋਂ ਸਾਂਸਦ ਸ਼ਿਆਮ ਸਿੰਘ ਯਾਦਵ ਨੇ ਕਿਹਾ ਹੈ ਕਿ ਉਨ੍ਹਾ ਦੀ ਨਿੱਜੀ ਰਾਇ ਹੈ ਕਿ ਬਸਪਾ ਸਣੇ ਸਾਰੀਆਂ ਪਾਰਟੀਆਂ ਭਾਜਪਾ ਖਿਲਾਫ ਇਕਜੁੱਟ ਹੋਣ। ਆਪੋਜ਼ੀਸ਼ਨ ਵੰਡੀ ਰਹੀ ਤਾਂ ਭਾਜਪਾ ਨੂੰ ਫਾਇਦਾ ਹੋਵੇਗਾ। ਇਕ ਹੋਰ ਸਾਂਸਦ ਨੇ ਕਿਹਾ-ਇੰਡੀਆ ਨਾਲ ਮਿਲਣਾ ਹੀ ਬਿਹਤਰ ਹੋਵੇਗਾ। ਬਸਪਾ ਇਕੱਲੇ ਲੜ ਕੇ ਇੰਡੀਆ ਦੀਆਂ ਵੋਟਾਂ ਕੱਟੇਗੀ ਤਾਂ ਭਾਜਪਾ ਨੂੰ ਫਾਇਦਾ ਹੋਵੇਗਾ। ਸਮਾਜਵਾਦੀ ਪਾਰਟੀ ਤੇ ਰਾਸ਼ਟਰੀ ਲੋਕ ਦਲ ਦੇ ਗੱਠਜੋੜ ਕਾਰਨ ਮੁਸਲਮਾਨ ਉਧਰ ਜਾਂਦੇ ਨਜ਼ਰ ਆ ਰਹੇ ਹਨ, ਜਿਸ ਦਾ ਬਸਪਾ ਨੂੰ ਨੁਕਸਾਨ ਹੋਵੇਗਾ। ਇਕ ਹੋਰ ਸਾਂਸਦ ਨੇ ਕਿਹਾ ਕਿ ਜੇ ਬਸਪਾ ਭਾਜਪਾ ਨੂੰ ਹਰਾਉਣ ਦੀ ਸਥਿਤੀ ਵਿਚ ਨਹੀਂ ਦਿਸੀ ਤਾਂ ਭਾਜਪਾ ਵਿਰੋਧੀ ਵੋਟ ਬਸਪਾ ਨੂੰ ਨਹੀਂ ਮਿਲਣਗੇ। ਇੰਡੀਆ ਭਾਜਪਾ ਦਾ ਮਜ਼ਬੂਤ ਬਦਲ ਨਜ਼ਰ ਆ ਰਿਹਾ ਹੈ। ਉਸ ਨੇ ਕਿਹਾ-ਜੇ ਬਸਪਾ ਇੰਡੀਆ ਨਾਲ ਨਾ ਰਲੀ ਤਾਂ ਮੈਂ ਕਾਂਗਰਸ ਜਾਂ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋ ਜਾਵਾਂਗਾ।