ਸ੍ਰੀਨਗਰ : ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਡਾ. ਫਾਰੂਕ ਅਬਦੁੱਲਾ ਨੇ ਕਿਹਾ ਹੈ ਕਿ ਭਾਰਤ ਦਾ ਹਸ਼ਰ ਵੀ ਗਾਜ਼ਾ ਤੇ ਫਲਸਤੀਨ ਵਰਗਾ ਹੋ ਸਕਦਾ ਹੈ, ਜੇ ਇਸ ਨੇ ਪਾਕਿਸਤਾਨ ਨਾਲ ਗੱਲਬਾਤ ਰਾਹੀਂ ਜੰਮੂ-ਕਸ਼ਮੀਰ ਮਸਲੇ ਦਾ ਹੱਲ ਨਾ ਲੱਭਿਆ। ਉਨ੍ਹਾ ਕਿਹਾ-ਜੇ ਅਸੀਂ ਆਪਣੇ ਗਵਾਂਢੀ ਨਾਲ ਦੋਸਤਾਨਾ ਰਿਸ਼ਤੇ ਰੱਖਾਂਗੇ ਤਾਂ ਦੋਨੋਂ ਤਰੱਕੀ ਕਰਾਂਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾ ਦੋਹਾਂ ਦੇਸ਼ਾਂ ਦੇ ਆਗੂਆਂ ਨੂੰ ਗੱਲਬਾਤ ਰਾਹੀਂ ਦੁਵੱਲੇ ਮਸਲਿਆਂ ਦਾ ਹੱਲ ਲੱਭਣ ਦਾ ਸੱਦਾ ਦਿੱਤਾ। ਉਨ੍ਹਾ ਕਿਹਾ-ਅੱਟਲ ਬਿਹਾਰੀ ਵਾਜਪਾਈ (ਸਾਬਕਾ ਪ੍ਰਧਾਨ ਮੰਤਰੀ) ਨੇ ਕਿਹਾ ਸੀ ਕਿ ਅਸੀਂ ਦੋਸਤ ਬਦਲ ਸਕਦੇ ਹਾਂ, ਪਰ ਗਵਾਂਢੀ ਨਹੀਂ। ਜੇ ਅਸੀਂ ਗਵਾਂਢੀ ਨਾਲ ਦੋਸਤ ਬਣ ਕੇ ਰਹੇ ਤਾਂ ਦੋਨੋਂ ਤਰੱਕੀ ਕਰਾਂਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਿਹਾ ਸੀ ਕਿ ਜੰਗ ਇਸ ਵੇਲੇ ਬਦਲ ਨਹੀਂ ਤੇ ਮਾਮਲੇ ਗੱਲਬਾਤ ਰਾਹੀਂ ਹੱਲ ਕਰਨੇ ਚਾਹੀਦੇ ਹਨ। ਉਨ੍ਹਾ ਕਿਹਾ-ਗੱਲਬਾਤ ਹੋ ਨਹੀਂ ਰਹੀ। ਨਵਾਜ਼ ਸ਼ਰੀਫ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਵਾਲੇ ਹਨ, ਉਹ ਚਿਲਾ-ਚਿਲਾ ਕੇ ਗੱਲਬਾਤ ਕਰਨ ਲਈ ਕਹਿ ਰਹੇ ਹਨ, ਪਰ ਪਤਾ ਨਹੀਂ ਅਸੀਂ ਗੱਲਬਾਤ ਕਰਨ ਲਈ ਕਿਉ ਤਿਆਰ ਨਹੀਂ। ਜੇ ਅਸੀਂ ਗੱਲਬਾਤ ਨਾਲ ਹੱਲ ਨਾ ਕੱਢਿਆ ਤਾਂ ਸਾਡਾ ਹਾਲ ਵੀ ਗਾਜ਼ਾ ਤੇ ਫਲਸਤੀਨ ਵਾਲਾ ਹੋਵੇਗਾ, ਜਿਸ ’ਤੇ ਇਜ਼ਰਾਈਲ ਬੰਬ ਵਰ੍ਹਾ ਰਿਹਾ ਹੈ। ਡਾ. ਅਬਦੁੱਲਾ ਨੇ ਇਹ ਬਿਆਨ ਉਦੋਂ ਦਿੱਤਾ ਹੈ, ਜਦੋਂ ਪਿਛਲੇ ਦਿਨੀਂ ਪੁਣਛ ਵਿਚ ਪੰਜ ਜਵਾਨਾਂ ਨੂੰ ਘਾਤ ਲਾ ਕੇ ਮਾਰ ਦਿੱਤਾ ਗਿਆ, ਬਾਰਾਮੂਲਾ ਜ਼ਿਲ੍ਹੇ ਵਿਚ ਇਕ ਮਸਜਿਦ ’ਚ ਸਾਬਕਾ ਐੱਸ ਪੀ ਦੀ ਹੱਤਿਆ ਕਰ ਦਿੱਤੀ ਗਈ ਅਤੇ ਫੌਜ ਵੱਲੋਂ ਪੁੱਛਗਿੱਛ ਦੌਰਾਨ ਤਿੰਨ ਨਾਗਰਿਕ ਮਾਰੇ ਗਏ। ਡਾ. ਅਬਦੁੱਲਾ ਇਸ ਤੋਂ ਪਹਿਲਾਂ ਕਹਿ ਚੁੱਕੇ ਹਨ ਕਿ ਧਾਰਾ 370 ਖਤਮ ਕਰਕੇ ਦਹਿਸ਼ਤਗਰਦੀ ਦਾ ਖਾਤਮਾ ਕਰਨ ਦੇ ਦਾਅਵੇ ਐਵੇਂ ਹੀ ਹਨ, ਕਿਉਕਿ ਦਹਿਸ਼ਤਗਰਦੀ ਅਜੇ ਵੀ ਜਾਰੀ ਹੈ ਅਤੇ ਜਵਾਨ, ਅਫਸਰ ਤੇ ਆਮ ਲੋਕ ਮਾਰੇ ਜਾ ਰਹੇ ਹਨ। ਸਮੱਸਿਆ ਨੂੰ ਜੜ੍ਹ ਤੋਂ ਹੱਲ ਕਰਨਾ ਪੈਣਾ। ਕੇਂਦਰ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਫੌਜੀ ਤੇ ਪੁਲਸ ਕਾਰਵਾਈਆਂ ਨਾਲ ਦਹਿਸ਼ਤਗਰਦੀ ਖਤਮ ਹੋਣ ਵਾਲੀ ਨਹੀਂ।