ਜਾਤੀ ਜਨਗਣਨਾ ਦਾ ਸਵਾਲ ਇਸ ਵੇਲੇ ਰਾਸ਼ਟਰੀ ਸੋਇਮਸੇਵਕ ਸੰਘ ਤੇ ਭਾਜਪਾ ਲਈ ‘ਸੱਪ ਦੇ ਮੂੰਹ ਕੋਹੜ ਕਿਰਲੀ’ ਵਾਲਾ ਬਣਿਆ ਹੋਇਆ ਹੈ। ਹੁਣ ਤੱਕ ਸੰਘ ਲਈ ਸਿਆਸਤ ਦਾ ਮੁੱਖ ਬਿੰਦੂ ਮੁਸਲਮਾਨ ਵਿਰੋਧੀ ਧਾਰਮਿਕ ਨਫ਼ਰਤ ਫੈਲਾ ਕੇ 80 ਫ਼ੀਸਦੀ ਹਿੰਦੂ ਅਬਾਦੀ ਦੀਆਂ ਵੋਟਾਂ ਬਟੋਰਨਾ ਰਿਹਾ ਹੈ। ਹੁਣ ਜਦੋਂ ਬਿਹਾਰ ਵਿੱਚ ਹੋਈ ਜਾਤੀ ਜਨਗਣਨਾ ਨੇ ਹਿੰਦੂਆਂ ਵਿਚਲੀ ਜਾਤੀ ਵਿਵਸਥਾ ਦੀਆਂ ਵੱਖ-ਵੱਖ ਤਹਿਆਂ ਵਿੱਚ ਜਾਤੀ ਦੇ ਸੁਆਲ ਨੂੰ ਪ੍ਰਮੁੱਖਤਾ ਨਾਲ ਸਾਹਮਣੇ ਲੈ ਆਂਦਾ ਹੈ ਤਾਂ ਸੰਘ ਲਈ ਇਹ ਫੈਸਲਾ ਕਰਨਾ ਮੁਸ਼ਕਲ ਹੋ ਰਿਹਾ ਹੈ ਕਿ ਉਹ ਇਸ ਦਾ ਵਿਰੋਧ ਕਰੇ ਜਾਂ ਹਮੈਤ ਕਰੇ।
ਕੁਝ ਦਿਨ ਪਹਿਲਾਂ ਸੰਘ ਦੇ ਆਗੂ ਨੇ ਸ਼ਿਵ ਸੈਨਾ (ਸ਼ਿੰਦੇ) ਤੇ ਭਾਜਪਾ ਦੇ ਮਹਾਰਾਸ਼ਟਰ ਵਿਚਲੇ ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ਜਾਤੀ ਜਨਗਣਨਾ ਦਾ ਵਿਰੋਧ ਕੀਤਾ ਸੀ। ਹੁਣ ਸੰਘ ਦੇ ਪ੍ਰਚਾਰ ਪ੍ਰਮੁੱਖ ਸੁਨੀਲ ਅੰਬੇਕਰ ਨੇ ਇਸ ਦੇ ਉਲਟ ਬਿਆਨ ਦੇ ਦਿੱਤਾ ਹੈ। ਅੰਬੇਕਰ ਨੇ ਕਿਹਾ ਹੈ, ‘ਇਹ ਸੱਚਾਈ ਹੈ ਕਿ ਵੱਖ-ਵੱਖ ਇਤਿਹਾਸਕ ਕਾਰਨਾਂ ਕਰਕੇ ਸਮਾਜ ਦੇ ਕਈ ਹਿੱਸੇ ਆਰਥਿਕ, ਸਮਾਜਿਕ ਤੇ ਸਿੱਖਿਆ ਦੀ ਨਜ਼ਰ ਤੋਂ ਪਛੜ ਗਏ ਹਨ। ਇਸ ਲਈ ਉਨ੍ਹਾਂ ਦੇ ਵਿਕਾਸ, ਉਠਾਣ ਤੇ ਸਸ਼ਕਤੀਕਰਨ ਲਈ ਵੱਖ-ਵੱਖ ਸਰਕਾਰਾਂ ਸਮੇਂ-ਸਮੇਂ ਉਤੇ ਅਨੇਕ ਯੋਜਨਾਵਾਂ ਤੇ ਢੰਗ-ਤਰੀਕੇ ਅਪਣਾਉਦੀਆਂ ਰਹੀਆਂ ਹਨ, ਜਿਨ੍ਹਾਂ ਦਾ ਸੰਘ ਸਮਰਥਨ ਕਰਦਾ ਹੈ।’ ਉਨ੍ਹਾ ਅੱਗੇ ਕਿਹਾ, ‘ਪਿਛਲੇ ਕੁਝ ਸਮੇਂ ਤੋਂ ਜਾਤੀ ਅਧਾਰਤ ਜਨਗਣਨਾ ਦੀ ਚਰਚਾ ਸ਼ੁਰੂ ਹੋਈ ਹੈ। ਸਾਡਾ ਮੰਨਣਾ ਹੈ ਕਿ ਇਸ ਦੀ ਵਰਤੋਂ ਸਮਾਜ ਦੇ ਬਹੁਪੱਖੀ ਵਿਕਾਸ ਲਈ ਹੋਵੇ। ਇਹ ਕਰਦਿਆਂ ਸਭ ਧਿਰਾਂ ਇਹ ਯਕੀਨੀ ਬਣਾਉਣ ਕਿ ਇਸ ਕਾਰਨ ਸਮਾਜਿਕ ਸਦਭਾਵ ਤੇ ਏਕਤਾ ਖੰਡਤ ਨਾ ਹੋਵੇ।’
ਅਸਲ ਵਿੱਚ ਸੰਘ ਨੂੰ ਲੱਗਣ ਲੱਗ ਪਿਆ ਹੈ ਕਿ ਹਿੰਦੂ-ਮੁਸਲਿਮ ਵਾਲੀ ਰਾਜਨੀਤੀ ਹੁਣ ਅੱਗੇ ਚੱਲਣ ਵਾਲੀ ਨਹੀਂ ਹੈ। ਰਾਮ ਮੰਦਰ ਦੇ ਉਦਘਾਟਨ ਤੋਂ ਬਾਅਦ ਇਹ ਮੁੱਦਾ ਵੀ ਖ਼ਤਮ ਹੋ ਜਾਣਾ ਹੈ। �ਿਸ਼ਨ ਜਨਮ ਭੂਮੀ ਤੇ ਗਿਆਨਵਾਪੀ ਮਸਜਿਦ ਦੇ ਮੁੱਦੇ ਨੂੰ ਲੋਕਾਂ ਦਾ ਉਹ ਹੁੰਗਾਰਾ ਨਹੀਂ ਮਿਲਿਆ, ਜੋ ਰਾਮ ਜਨਮ ਭੂਮੀ ਨੂੰ ਮਿਲਿਆ ਸੀ। ‘ਇੰਡੀਆ’ ਗੱਠਜੋੜ ਨੇ ਜਾਤੀ ਜਨਗਣਨਾ ਦੇ ਸੁਆਲ ਨੂੰ ਆਪਣੀ ਚੋਣ ਮੁਹਿੰਮ ਦਾ ਮੁੱਖ ਮੁੱਦਾ ਬਣਾਇਆ ਹੋਇਆ ਹੈ। ਅਜਿਹੇ ਵਿੱਚ ਸੰਘ ਨੂੰ ਜਾਪ ਰਿਹਾ ਹੈ ਕਿ ਜਾਤੀ ਜਨਗਣਨਾ ਦਾ ਵਿਰੋਧ ਉਸ ਲਈ ਭਾਰੀ ਪੈ ਸਕਦਾ ਹੈ। ਸੰਘ ਨੂੰ ਇਹ ਵੀ ਡਰ ਹੈ ਕਿ ਜੇਕਰ ਜਾਤੀ ਜਨਗਣਨਾ ਦਾ ਸੁਆਲ ਭਖ ਪਿਆ ਤਾਂ ਇਹ ਉਸ ਦੀ ਨਫ਼ਰਤੀ ਮੁਹਿੰਮ ਦਾ ਭੋਗ ਪਾ ਦੇਵੇਗਾ। ਜਾਤੀ ਦੇ ਸੁਆਲ ਉੱਤੇ ਲੋਕਾਂ ਵਿੱਚ ਪੈਦਾ ਹੋ ਰਹੀ ਚੇਤਨਾ ਦਾ ਹਿੰਦੀ ਪੱਟੀ ਦੇ ਤਿੰਨ ਰਾਜਾਂ ਦੀਆਂ ਹਾਲੀਆ ਵਿਧਾਨ ਸਭਾ ਚੋਣਾਂ ਵਿੱਚ ਵੀ ਝਲਕਾਰਾ ਦੇਖਣ ਨੂੰ ਮਿਲਿਆ ਹੈ। ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਨਵੀਂ ਬਣੀ ਭਾਰਤ ਆਦਿਵਾਸੀ ਪਾਰਟੀ ਚਾਰ ਸੀਟਾਂ ਜਿੱਤ ਗਈ ਤੇ ਦੋ ਦਰਜਨ ਸੀਟਾਂ ਵਿੱਚ ਭਾਰੀ ਗਿਣਤੀ ਵਿੱਚ ਵੋਟਾਂ ਲੈਣ ਵਿੱਚ ਕਾਮਯਾਬ ਹੋ ਗਈ ਸੀ। ਇਸੇ ਤਰ੍ਹਾਂ ਗੋਂਡਵਾਨਾ ਗਣਤੰਤਰ ਪਾਰਟੀ ਨੂੰ ਛੱਤੀਸਗੜ੍ਹ ਵਿੱਚ ਭਾਰੀ ਸਮਰਥਨ ਮਿਲਿਆ ਸੀ। ਦਲਿਤਾਂ ਦੀ ਨਵੀਂ ਬਣੀ ਅਜ਼ਾਦ ਸਮਾਜ ਪਾਰਟੀ ਰਾਜਸਥਾਨ ਵਿੱਚ ਦੋ ਸੀਟਾਂ ’ਤੇ ਦੂਜੇ ਥਾਂ ਆਉਣ ਵਿੱਚ ਸਫ਼ਲ ਹੋ ਗਈ।
ਜਾਤੀ ਜਨਗਣਨਾ ਬਾਰੇ ਸੰਘ ਦੇ ਬਦਲੇ ਸਟੈਂਡ ਤੋਂ ਬਾਅਦ ਭਾਜਪਾ ਨੇ ਵੀ ਪੈਂਤੜਾ ਬਦਲ ਲਿਆ ਹੈ। ਭਾਜਪਾ ਨੂੰ ਪਤਾ ਲੱਗ ਗਿਆ ਹੈ ਕਿ ਜਾਤੀ ਜਨਗਣਨਾ ਦਾ ਵਿਰੋਧ ਅੱਗੇ ਦੀ ਰਾਜਨੀਤੀ ਵਿੱਚ ਸੰਭਵ ਨਹੀਂ ਹੈ। ਇਹੋ ਨਹੀਂ ਭਾਜਪਾ ਨੇ ਘੱਟਗਿਣਤੀਆਂ ਤੇ ਹਿੰਦੂ ਰਾਸ਼ਟਰ ਬਾਰੇ ਵੀ ਆਪਣੇ ਪ੍ਰਚੱਲਤ ਸਟੈਂਡ ਤੋਂ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਬਰਤਾਨੀਆ ਦੇ ਅਖਬਾਰ ‘ਫਾਇਨੈਂਸ਼ੀਅਲ ਟਾਈਮਜ਼’ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਕਿਹਾ ਹੈ, ‘‘ਜੋ ਲੋਕ ਭਾਰਤ ਦੇ ਲੋਕਤੰਤਰ ਤੇ ਸੰਵਿਧਾਨ ਬਾਰੇ ਸੁਆਲ ਖੜੇ੍ਹ ਕਰਦੇ ਹਨ, ਉਹ ਜ਼ਮੀਨੀ ਹਕੀਕਤ ਤੋਂ ਦੂਰ ਹਨ। ਸੰਵਿਧਾਨ ਨੂੰ ਬਦਲਣ ਦੀ ਕਿਸੇ ਵੀ ਗੱਲ ਦਾ ਕੋਈ ਅਰਥ ਨਹੀਂ ਹੈ।’’
ਪ੍ਰਧਾਨ ਮੰਤਰੀ ਦੇ ਇਸ ਬਿਆਨ ਵਿੱਚ ਕਈ ਗੱਲਾਂ ਛੁਪੀਆਂ ਹੋਈਆਂ ਹਨ। ਭਾਜਪਾ ਆਗੂ ਹੁਣ ਤੱਕ ਸੰਵਿਧਾਨ ਬਦਲਣ, ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨਣ ਤੇ ਸੰਵਿਧਾਨ ਵਿੱਚੋਂ ਸੈਕੂਲਰ ਸ਼ਬਦ ਹਟਾਉਣ ਦੀ ਮੰਗ ਕਰਦੇ ਰਹੇ ਹਨ। ਹੁਣ ਜਦੋਂ ਨਰਿੰਦਰ ਮੋਦੀ ਨੇ ਇਨ੍ਹਾਂ ਗੱਲਾਂ ਦਾ ਖੰਡਨ ਕਰ ਦਿੱਤਾ ਹੈ, ਤਾਂ ਸਮਝ ਲੈਣਾ ਚਾਹੀਦਾ ਹੈ ਕਿ ਇਸ ਪਿੱਛੇ 2024 ਦੀਆਂ ਲੋਕ ਸਭਾ ਚੋਣਾਂ ਦੀ ਹਾਰ ਦਾ ਡਰ ਛੁਪਿਆ ਹੋਇਆ ਹੈ।
ਇਨ੍ਹਾਂ ਸਾਰੇ ਬਿਆਨਾਂ ਪਿੱਛੇ ਸੰਘ ਤੇ ਭਾਜਪਾ ਦੀ ਬੇਈਮਾਨ ਸਿਆਸਤ ਛੁਪੀ ਲੱਭਦੀ ਹੈ। ਉਨ੍ਹਾਂ ਲਈ ਚੋਣਾਂ ਜਿੱਤਣਾ ਹੀ ਮੁੱਖ ਮਕਸਦ ਹੈ। ਇਸ ਲਈ ਉਹ ਹਾਲ ਦੀ ਘੜੀ ਆਪਣੇ ਸਭ ਵਿਵਾਦਤ ਮੁੱਦੇ ਪਿੱਛੇ ਰੱਖ ਰਹੇ ਹਨ। ਉਹ ਸਮਝਦੇ ਹਨ ਕਿ ਜੇਕਰ ਜਿੱਤ ਗਏ ਤਾਂ ਉਹ ਫਿਰ ਇਨ੍ਹਾਂ ਨੂੰ ਅੱਗੇ ਲੈ ਆਉਣਗੇ ਤੇ ਹਾਰ ਗਏ ਤਾਂ ਬਦਨਾਮੀ ਤੋਂ ਬਚ ਜਾਣਗੇ। ਇਹ ਇੱਕ ਖ਼ਤਰਨਾਕ ਖੇਡ ਹੈ, ਜਿਸ ਤੋਂ ਹਰ ਸੂਝਵਾਨ ਨਾਗਰਿਕ ਨੂੰ ਸੁਚੇਤ ਰਹਿਣ ਦੀ ਲੋੜ ਹੈ।
-ਚੰਦ ਫਤਿਹਪੁਰੀ