ਵਿਜੈਵਾੜਾ : ਆਂਧਰਾ ਦੇ ਇੱਕ ਪਰਵਾਰ ਦੇ ਛੇ ਮੈਂਬਰਾਂ ਦੀ ਅਮਰੀਕਾ ਦੇ ਟੈਕਸਾਸ ’ਚ ਸੜਕ ਹਾਦਸੇ ’ਚ ਮੌਤ ਹੋ ਗਈ। ਉਹ ਵਾਈ ਐੱਸ ਆਰ ਕਾਂਗਰਸ ਪਾਰਟੀ ਦੇ ਮੁਮੀਦੀਵਰਮ ਤੋਂ ਵਿਧਾਇਕ ਪੀ ਵੈਂਕਟ ਸਤੀਸ਼ ਕੁਮਾਰ ਦੇ ਰਿਸ਼ਤੇਦਾਰ ਸਨ। ਜੌਹਨਸਨ ਕਾਉਂਟੀ ਵਿਚ ਮੰਗਲਵਾਰ ਹਾਈਵੇਅ ’ਤੇ ਟਰੱਕ-ਕਾਰ ਦੀ ਟੱਕਰ ਵਿਚ ਇਹ ਮੌਤਾਂ ਹੋਈਆਂ। ਪੀੜਤਾਂ ਦੀ ਪਛਾਣ ਵਿਧਾਇਕ ਦੇ ਰਿਸ਼ਤੇਦਾਰ ਪੀ ਨਾਗੇਸ਼ਵਰ ਰਾਓ, ਨਾਗੇਸ਼ਵਰ ਰਾਓ ਦੀ ਪਤਨੀ ਸੀਤਾ ਮਹਾਲਕਸ਼ਮੀ, ਧੀ ਨਵੀਨਾ, ਦੋਹਤੀ ਕਿ੍ਰਤਿਕ ਅਤੇ ਨਿਸ਼ੀਤਾ ਵਜੋਂ ਹੋਈ ਹੈ। ਇੱਕ ਹੋਰ ਵਿਅਕਤੀ ਦੀ ਵੀ ਜਾਨ ਚਲੇ ਗਈ। ਨਾਗੇਸ਼ਵਰ ਰਾਓ ਦਾ ਜਵਾਈ ਲੋਕੇਸ਼ ਜ਼ਖਮੀ ਹੋ ਗਿਆ ਅਤੇ ਉਸ ਦੀ ਹਾਲਤ ਵੀ ਨਾਜ਼ੁਕ ਦੱਸੀ ਗਈ ਹੈ। ਵਿਧਾਇਕ ਅਨੁਸਾਰ ਉਸ ਦਾ ਚਾਚਾ ਅਤੇ ਉਸ ਦਾ ਪਰਵਾਰ ਅਟਲਾਂਟਾ ’ਚ ਰਹਿ ਰਿਹਾ ਸੀ। ਉਹ ਕਿ੍ਰਸਮਸ ਦੀਆਂ ਛੁੱਟੀਆਂ ’ਤੇ ਟੈਕਸਾਸ ’ਚ ਕੁਝ ਰਿਸ਼ਤੇਦਾਰਾਂ ਨੂੰ ਮਿਲਣ ਤੋਂ ਬਾਅਦ ਘਰ ਪਰਤ ਰਹੇ ਸਨ।