ਅੰਮਿ੍ਰਤਸਰ (ਜਸਬੀਰ ਸਿੰਘ ਪੱਟੀ)- ਭੈਣ ਜੀ ਵਿਮਲਾ ਡਾਂਗ ਦਾ ਜਨਮ ਦਿਨ ਹਰ ਸਾਲ ਵਾਂਗ ਬਾਲ ਮਜ਼ਦੂਰ ਸਿੱਖਿਆ ਕੋਰਸ ਦੇ ਬੱਚਿਆਂ ਨਾਲ ਮਨਾਇਆ ਗਿਆ। ਇਸ ਵਾਰ ਸਮਾਗਮ ਦੇ ਮੁੱਖ ਮਹਿਮਾਨ ਮੇਜਰ ਪਰਮਜੀਤ ਸਿੰਘ ਪੰਮੀ ਅਤੇ ਸੁਖਬੀਰ ਕੌਰ ਸਨ। ਸਮਾਗਮ ਦਾ ਕਰਤਾ ਧਰਤਾ ਬਾਲ ਮਜ਼ਦੂਰ ਸਿੱਖਿਆ ਕੋਰਸ ਦਾ ਕੋਆਰਡੀਨੇਟਰ ਜਸਵੰਤ ਰਾਏ ਸੀ। ਪੰਜਾਬ ਇਸਤਰੀ ਸਭਾ ਦੀ ਸੂਬਾ ਜਨਰਲ ਸਕੱਤਰ ਰਾਜਿੰਦਰਪਾਲ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਜੁਗਨੂੰਆਂ ਦਾ ਮੇਲਾ ਹੈ, ਕਿਉਂਕਿ ਇੱਥੇ ਮੌਜੂਦ ਹਰ ਸ਼ਖਸੀਅਤ ਇਸ ਸਮਾਜ ਦਾ ਹਨੇਰਾ ਦੂਰ ਕਰਨ ਆਪਣੇ ਆਪਣੇ ਢੰਗ ਨਾਲ ਕੋਸ਼ਿਸ਼ ਕਰ ਰਹੀ ਹੈ। ਇਸ ਬਾਲ ਮਜ਼ਦੂਰ ਸਿੱਖਿਆ ਕੋਰਸ ਦਾ ਮੁੱਢ ਭੈਣ ਜੀ ਵਿਮਲਾ ਡਾਂਗ ਨੇ ਬੰਨ੍ਹਿਆਂਾ ਸੀ ਜਿਨ੍ਹਾਂ ਦੀ ਤੀਬਰ ਇੱਛਾ ਸੀ ਕਿ ਢਾਬਿਆਂ ’ਤੇ ਕੰਮ ਕਰਦੇ, ਗਲੀਆਂ ਵਿੱਚ ਰੱਦੀ ਇਕੱਠੇ ਕਰਦੇ ਬੱਚਿਆਂ ਨੂੰ ਸਨਮਾਨ ਯੋਗ ਜ਼ਿੰਦਗੀ ਜਿਊਣ ਦੇ ਕਾਬਲ ਬਣਾਇਆ ਜਾਵੇ। ਜਸਵੰਤ ਰਾਏ ਨੇ ਦੱਸਿਆ ਕਿ ਭੈਣ ਜੀ ਨੂੰ ਇਨ੍ਹਾਂ ਬੱਚਿਆਂ ਨੂੰ ਪੜ੍ਹਾਈ ਨਾਲ ਜੋੜਨ ਵਾਸਤੇ ਬਹੁਤ ਮਿਹਨਤ ਕਰਨੀ ਪਈ, ਮੈਂ ਉਨ੍ਹਾਂ ਦੇ ਨਾਲ ਜਾਇਆ ਕਰਦਾ ਸੀ ਜਦੋਂ ਉਹ ਢਾਬਾ ਮਾਲਕਾਂ ਤੋਂ ਬੱਚਿਆਂ ਨੂੰ ਦੋ ਘੰਟੇ ਦੀ ਛੁੱਟੀ ਦੇਣ ਵਾਸਤੇ ਮਨਾਉਣ ਜਾਂਦੇ ਹੁੰਦੇ ਸਨ। ਉਨ੍ਹਾਂ ਨੇ 1995 ਤੋਂ ਹੁਣ ਤੱਕ ਬੱਚਿਆਂ ਦੀ ਕਾਰਗੁਜ਼ਾਰੀ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਸ ਨੂੰ ਸਫਲ ਬਣਾਉਣ ਵਿਚ ਮੈਡਮ ਵੀਰਇੰਦਰ, ਕਿਰਨਦੀਪ, ਰਾਜਵਿੰਦਰ ਕੌਰ, ਵਰਿੰਦਰ ਕੌਰ ਦਾ ਉੱਘਾ ਯੋਗਦਾਨ ਹੈ। ਅਧਿਆਪਕ ਆਗੂ ਬਲਕਾਰ ਸਿੰਘ ਵਲਟੋਹਾ ਨੇ ਸਮਾਜ ਦੀ ਕਾਣੀਵੰਡ ਦਾ ਵਰਨਣ ਕਰਦਿਆ ਦੱਸਿਆ ਕਿ ਭੈਣ ਵਿਮਲਾ ਡਾਂਗ ਅਤੇ ਕਾਮਰੇਡ ਸੱਤਪਾਲ ਡਾਂਗ ਨੇ ਇਸ ਸਿਸਟਮ ਨੂੰ ਬਦਲਣ ਲਈ ਅਣਥੱਕ ਮਿਹਨਤ ਕੀਤੀ। ਇਹ ਕੋਰਸ ਉਨ੍ਹਾਂ ਦੇ ਸੁਪਨੇ ਦਾ ਇਕ ਛੋਟਾ ਜਿਹਾ ਹਿੱਸਾ ਹੈ। ਮੁੱਖ ਮਹਿਮਾਨ ਮੇਜਰ ਪਰਮਜੀਤ ਸਿੰਘ ਪੰਮੀ ਨੇ ਆਪਣੇ ਮਿਲਟਰੀ ਵਿਚਲੇ ਸਮੇਂ ਅਤੇ ਫਿਰ ਅਮਰੀਕਾ ਵਿੱਚ ਹੰਢਾਏ ਵੱਖ-ਵੱਖ ਰੌਚਕ ਤਜਰਬੇ ਸਾਂਝੇ ਕੀਤੇ ਅਤੇ ਇਸ ਸਮਾਗਮ ’ਚ ਸ਼ਿਰਕਤ ਕਰਨ ਦੀ ਖੁਸ਼ੀ ਪ੍ਰਗਟ ਕੀਤੀ ਅਤੇ ਪ੍ਰਬੰਧਕਾਂ ਦੀ ਹੌਸਲਾ ਅਫਜ਼ਾਈ ਕੀਤੀ। ਇਸ ਤੋਂ ਇਲਾਵਾ ਪੰਜਾਬ ਪੈਨਸ਼ਨਰ ਯੂਨੀਅਨ ਦੇ ਆਗੂ ਸਤਿਆਪਾਲ ਗੁਪਤਾ, ਨਰਿੰਦਰ ਪਾਲ ਨੇ ਵੀ ਸੰਬੋਧਨ ਕੀਤਾ। ਪੰਜਾਬ ਇਸਤਰੀ ਸਭਾ ਰਲੀਫ ਟਰੱਸਟ ਦੇ ਆਨਰੇਰੀ ਸਕੱਤਰ ਵਿਜੈ ਕਪੂਰ ਨੇ ਆਪਣੇ ਟਰੱਸਟ ਵੱਲੋਂ ਪਾਏ ਯੋਗਦਾਨ ਅਤੇ ਇਸ ਕੋਰਸ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਦਾ ਵਰਨਣ ਕਰਦਿਆਂ ਸਭ ਦਾ ਧੰਨਵਾਦ ਕੀਤਾ। ਐਨ ਸੀ ਸੀ ਇੰਚਾਰਜ ਸੁਖਪਾਲ ਸਿੰਘ ਅਤੇ ਹਰਮਨਪ੍ਰੀਤ ਸਿੰਘ ਨੇ ਵੀਰ ਬਾਲ ਦਿਵਸ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸਬੰਧਤ ਗੀਤ, ਦਿਲ ਟੁੰਬਵੀਆਂ ਕਵਿਤਾਵਾਂ ਪੇਸ਼ ਕਰਵਾਈਆਂ । ਅੰਤ ਵਿੱਚ ਮੁੱਖ ਮਹਿਮਾਨ ਮੇਜਰ ਪਰਮਜੀਤ ਸਿੰਘ ਪੰਮੀ ਅਤੇ ਭੈਣ ਸੁਖਬੀਰ ਕੌਰ ਨੂੰ ਸਨਮਾਨਤ ਕੀਤਾ ਗਿਆ ਅਤੇ ਉਨ੍ਹਾਂ ਨੇ ਸੁਖਵਿੰਦਰ ਬੈਂਸ, ਵੀਰਇੰਦਰ ਕੌਰ, ਮੈਡਮ ਅਜਮੇਰ ਕੌਰ ਅਤੇ ਨਾਰੀ ਚੇਤਨਾ ਮੰਚ ਦੇ ਪ੍ਰਧਾਨ ਜਸਪਾਲ ਭਾਟੀਆ ਨੂੰ ਸਨਮਾਨਤ ਕੀਤਾ। ਉਨ੍ਹਾਂ ਨੇ ਅਤੇ ਖਾਸ ਮਹਿਮਾਨਾਂ ਨੇ ਬੱਚਿਆਂ ਨੂੰ ਵਰਦੀਆਂ ਵੰਡੀਆਂ। ਵਿਸ਼ੇਸ਼ ਮਹਿਮਾਨਾਂ ਵਿੱਚ ਵਾਈਸ ਪਿ੍ਰੰਸੀਪਲ ਲਾਲ ਸਿੰਘ ਬਾਸਰਕੇ, ਧਰਮਿੰਦਰ ਸਿੰਘ, ਬਲਦੇਵ ਰਾਜ, ਰਾਮ ਮੂਰਤੀ, ਛੇਹਰਟਾ ਟੀਚਰਜ਼ ਕਲੱਬ ਵੱਲੋਂ ਕੁਲਵੰਤ ਸਿੰਘ ਸੰਧੂ, ਕੁਲਵੰਤ ਰਾਜ, ਅਵਤਾਰ ਸਿੰਘ ਅਤੇ ਹੋਰ ਮੈਂਬਰ ਸ਼ਾਮਲ ਹੋਏ। ਪ ਸ ਸ ਫ ਦੇ ਪ੍ਰਧਾਨ ਅਜੈ ਕੁਮਾਰ ਸਨੋਤਰਾ ਵੀ ਸ਼ਾਮਲ ਹੋਏ। ਸਭ ਤੋਂ ਵਿਸ਼ੇਸ਼ ਗੱਲ ਇਹ ਸੀ ਕਿ ਅਵਤਾਰ ਸਿੰਘ ਨੇ ਆਪਣੀ ਜੇਬ ਵਿਚਲੇ ਸਾਰੇ ਪੈਸੇ ਕੱਢ ਕੇ ਫੰਡ ਵਜੋਂ ਦੇ ਦਿੱਤੇ।