ਨਾਗਪੁਰ : ਕਾਂਗਰਸ ਦੇ 139ਵੇਂ ਸਥਾਪਨਾ ਦਿਵਸ ’ਤੇ ਵੀਰਵਾਰ ਇੱਥੇ ‘ਹੈਂ ਤਿਆਰ ਹਮ’ ਰੈਲੀ ਵਿਚ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਵਿਚ ਦੋ ਵਿਚਾਰਧਾਰਾਵਾਂ ਦੀ ਲੜਾਈ ਚੱਲ ਰਹੀ ਹੈ। ਇਹ ਲੜਾਈ ਨਾਗਪੁਰ ਤੋਂ ਸ਼ੁਰੂ ਹੋਈ ਸੀ। ਦੇਖਣ ਵਿਚ ਕਹਿ ਸਕਦੇ ਹਾਂ ਕਿ ਲੜਾਈ ਸਿਆਸੀ ਹੈ, ਸੱਤਾ ਲਈ ਹੈ, ਪਰ ਸਹੀ ਵਿਚ ਇਹ ਦੋ ਵਿਚਾਰਧਾਰਾਵਾਂ ਦੀ ਹੈ। ਲੋਕ ਸਭਾ ਚੋਣਾਂ ਵਿਚ ਦੋ ਵਿਚਾਰਧਾਰਾਵਾਂ ਦੀ ਲੜਾਈ ਹੋਵੇਗੀ।
ਕਾਂਗਰਸ ਤੋਂ ਭਾਜਪਾ ਵਿਚ ਗਏ ਕਿ ਸਾਂਸਦ ਦਾ ਜ਼ਿਕਰ ਕਰਦਿਆਂ ਰਾਹੁਲ ਨੇ ਕਿਹਾਸਾਂਸਦ ਨੇ ਮੇਰੇ ਨਾਲ ਲੁਕ ਕੇ ਮੁਲਾਕਾਤ ਕੀਤੀ ਤੇ ਕਿਹਾ ਕਿ ਮੈਂ ਭਾਜਪਾ ਦਾ ਸਾਂਸਦ ਹਾਂ, ਪਰ ਮੇਰਾ ਦਿਲ ਕਾਂਗਰਸ ਵਿਚ ਹੈ। ਭਾਜਪਾ ਵਿਚ ਗੁਲਾਮੀ ਚਲਦੀ ਹੈ। ਉਪਰੋਂ ਜੋ ਆਰਡਰ ਆਉਦਾ ਹੈ, ਉਹ ਮੰਨਣਾ ਪੈਂਦਾ ਹੈ। ਰਾਹੁਲ ਨੇ ਕਿਹਾਦੇਸ਼ ਦੀ ਲਗਾਮ ਲੋਕਾਂ ਦੇ ਹੱਥਾਂ ਵਿਚ ਹੋਣੀ ਚਾਹੀਦੀ ਹੈ। ਆਜ਼ਾਦੀ ਦੀ ਲੜਾਈ ਲੋਕਾਂ ਨੇ ਲੜੀ ਸੀ। ਰਾਜਿਆਂ-ਮਹਾਰਾਜਿਆਂ ਨੇ ਨਹੀਂ। ਉਹ ਤਾਂ ਅੰਗਰੇਜ਼ਾਂ ਨਾਲ ਰਲੇ ਹੋਏ ਸਨ। ਲੜਾਈ ਅੰਗਰੇਜ਼ਾਂ ਤੇ ਰਾਜਿਆਂ-ਮਹਾਰਾਜਿਆਂ ਖਿਲਾਫ ਸੀ। ਲੋਕਾਂ ਦੇ ਅਧਿਕਾਰਾਂ ਦੀ ਰਾਖੀ ਅੰਬੇਡਕਰ ਤੇ ਗਾਂਧੀ ਨੇ ਕੀਤੀ। ਕਾਂਗਰਸ ਨੇ ਆਜ਼ਾਦੀ ਦੀ ਲੜਾਈ ਦੇ ਬਾਅਦ ਸੰਵਿਧਾਨ ਬਣਾ ਕੇ ਲੋਕਾਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ। ਅੱਜ ਆਰ ਐੱਸ ਐੱਸ ਦੇ ਲੋਕ ਝੰਡੇ ਦੇ ਸਾਹਮਣੇ ਖੜ੍ਹੇ ਹੋ ਜਾਂਦੇ ਹਨ ਤੇ ਸਲੂਟ ਮਾਰਦੇ ਹਨ। ਵਰ੍ਹਿਆਂ ਤੱਕ ਇਨ੍ਹਾਂ ਨੇ ਅਜਿਹਾ ਨਹੀਂ ਕੀਤਾ।
ਉਨ੍ਹਾ ਕਿਹਾ ਕਿ ਤਮਾਮ ਅਦਾਰਿਆਂ ’ਤੇ ਇਕ ਸੰਗਠਨ ਦੇ ਲੋਕਾਂ ਦਾ ਕਬਜ਼ਾ ਕਰਵਾਇਆ ਜਾ ਰਿਹਾ ਹੈ। ਯੂਨੀਵਰਸਿਟੀਆਂ ਦੇ ਅਜਿਹੇ ਵਾਈਸ ਚਾਂਸਲਰ ਲਾਏ ਜਾ ਰਹੇ ਹਨ, ਜਿਨ੍ਹਾਂ ਨੂੰ ਆਉਦਾ-ਜਾਂਦਾ ਕੁਝ ਨਹੀਂ। ਰਾਹੁਲ ਨੇ ਇਹ ਅਹਿਮ ਗੱਲ ਵੀ ਕਹੀ ਕਿ ਕਾਂਗਰਸ ਨੇ ਚਿੱਟੀ ਕ੍ਰਾਂਤੀ ਨਹੀਂ ਕੀਤੀ, ਕਾਂਗਰਸ ਨੇ ਇਸ ਵਿਚ ਮਦਦ ਕੀਤੀ। ਚਿੱਟੀ ਕ੍ਰਾਂਤੀ ਆਣੰਦ ਦੀਆਂ ਮਹਿਲਾਵਾਂ ਨੇ ਕੀਤੀ। ਹਰੀ ਕ੍ਰਾਂਤੀ ਕਿਸਾਨਾਂ ਨੇ ਕੀਤੀ। ਆਈ ਟੀ ਕ੍ਰਾਂਤੀ ਨੌਜਵਾਨਾਂ ਨੇ ਕੀਤੀ। ਕਾਂਗਰਸ ਨੇ ਸਿਰਫ ਮਦਦ ਕੀਤੀ। ਸਭ ਦੀ ਬਰਾਬਰ ਭਾਈਵਾਲੀ ਦਾ ਮੁੱਦਾ ਉਠਾਉਦਿਆਂ ਰਾਹੁਲ ਨੇ ਕਿਹਾਸਰਕਾਰ ਤੋਂ ਲੈ ਕੇ ਦੇਸ਼ ਦੀਆਂ ਸਿਖਰਲੀਆਂ ਸੌ-ਦੋ ਸੌ ਕੰਪਨੀਆਂ ਵਿਚ ਓ ਬੀ ਸੀ, ਦਲਿਤ ਤੇ ਆਦਿਵਾਸੀਆਂ ਦੀ ਮੌਜੂਦਗੀ ਨਿਗੂਣੀ ਹੈ। ਜਦੋਂ ਮੈਂ ਜਾਤੀ ਜਨਗਣਨਾ ਦੀ ਗੱਲ ਚੁੱਕੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਭਾਸ਼ਣ ਬਦਲ ਲਿਆ। ਹੁਣ ਉਹ ਕਹਿੰਦੇ ਹਨ ਕਿ ਸਿਰਫ ਇਕ ਜਾਤ ਗਰੀਬ ਹੈ। ਕੇਂਦਰ ਵਿਚ ਜਿਵੇਂ ਹੀ ਕਾਂਗਰਸ ਦੀ ਸਰਕਾਰ ਆਵੇਗੀ, ਅਸੀਂ ਜਾਤੀ ਜਨਗਣਨਾ ਕਰਾਵਾਂਗੇ। ਮਹਾਰਾਸ਼ਟਰ ਕਾਂਗਰਸ ਦੇ ਵਰਕਰਾਂ ਨੂੰ ਬੱਬਰ ਸ਼ੇਰ ਦੱਸਦਿਆਂ ਰਾਹੁਲ ਨੇ ਉਨ੍ਹਾਂ ਨੂੰ ਸੱਦਾ ਦਿੱਤਾ ਕਿ ਉਹ ਆਰ ਐੱਸ ਐੱਸ ਤੇ ਭਾਜਪਾ ਖਿਲਾਫ ਲੜਾਈ ਵਿਚ ਕਿਸੇ ਤੋਂ ਨਾ ਡਰਨ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾਜਦ ਅਸੀਂ ਅੰਗਰੇਜ਼ਾਂ ਤੋਂ ਨਹੀਂ ਡਰੇ ਤਾਂ ਭਾਜਪਾ ਤੇ ਆਰ ਐੱਸ ਐੱਸ ਤੋਂ ਕਿਉਂ ਡਰਾਂਗੇ? ਅਸੀਂ ਮੋਦੀ ਤੋਂ ਡਰਨ ਵਾਲੇ ਨਹੀਂ। ਕਨੱਈਆ ਕੁਮਾਰ ਨੇ ਕਿਹਾਜਿਹੜੇ ਲੋਕ ਨਾਗਪੁਰ ਨੂੰ ਸੰਘ ਭੂਮੀ ਬਣਾਉਣਾ ਚਾਹੁੰਦੇ ਹਨ, ਮੈਂ ਉਨ੍ਹਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਜਦੋਂ ਤੱਕ ਕਾਂਗਰਸ ਦਾ ਇਕ ਵੀ ਵਰਕਰ ਜ਼ਿੰਦਾ ਹੈ, ਉਦੋਂ ਤੱਕ ਨਾਗਪੁਰ ਨੂੰ ਸੰਘ ਭੂਮੀ ਨਹੀਂ, ਸਗੋਂ ਦੀਕਸ਼ਾ ਭੂਮੀ ਦੇ ਨਾਂਅ ਨਾਲ ਜਾਣਿਆ ਜਾਵੇਗਾ।