ਚੇਨਈ : ਉੱਘੇ ਤਮਿਲ ਅਭਿਨੇਤਾ ਤੇ ਦੇਸੀਆ ਮੁਰਪੋਕੂ ਦ੍ਰਵਿੜ ਕੜਗਮ (ਡੀ ਐੱਮ ਡੀ ਕੇ) ਦੇ ਬਾਨੀ ਨੇਤਾ ਵਿਜੈਕਾਂਤ (71) ਦਾ ਵੀਰਵਾਰ ਇੱਥੇ ਹਸਪਤਾਲ ’ਚ ਦੇਹਾਂਤ ਹੋ ਗਿਆ। ਉਹ ਨਮੂਨੀਏ ਕਾਰਨ ਵੈਂਟੀਲੇਟਰ ’ਤੇ ਸੀ। ਉਸ ਨੇ ਆਪਣੇ ਪ੍ਰਸੰਸਕਾਂ ਤੇ ਲੋਕਾਂ ਵਿਚ ਡੀ ਐੱਮ ਕੇ ਤੇ ਅੰਨਾ ਡੀ ਐੱਮ ਕੇ ਦੇ ਅਸਲ ਬਦਲ ਦੀ ਆਸ ਜਗਾਈ ਸੀ। ਦਰਿਆਦਿਲੀ ਕਰਕੇ ਉਸ ਨੂੰ ਪ੍ਰਸੰਸਕ ‘ਕਰੁੱਪੂ ਐੱਮ ਜੀ ਆਰ’ (ਕਾਲਾ ਐੱਮ ਜੀ ਆਰ) ਕਹਿੰਦੇ ਸਨ। ਸਿਹਤ ਠੀਕ ਨਾ ਹੋਣ ਕਾਰਨ ਉਹ ਪਿਛਲੇ ਚਾਰ-ਪੰਜ ਸਾਲਾਂ ਤੋਂ ਗੈਰਸਰਗਰਮ ਸੀ ਤੇ ਉਸ ਨੇ 14 ਦਸੰਬਰ ਨੂੰ ਪਤਨੀ ਪ੍ਰੇਮਲਤਾ ਨੂੰ ਪਾਰਟੀ ਦਾ ਜਨਰਲ ਸਕੱਤਰ ਐਲਾਨ ਦਿੱਤਾ ਸੀ।