ਮਲੋਟ : ਸੀ ਪੀ ਆਈ ਦੇ ਬੈਨਰਾਂ ਅਤੇ ਝੰਡਿਆਂ ਨਾਲ ਸਜੇ ਐਡਵਰਡਗੰਜ ਗੈੱਸਟ ਹਾਊਸ ਮਲੋਟ ਵਿਖੇ ਪਾਰਟੀ ਦਾ ਸਥਾਪਨਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਪ੍ਰੋਗਰਾਮ ਵਿਚ ਹਰਦੇਵ ਅਰਸ਼ੀ ਸਾਬਕਾ ਐੱਮ ਐੱਲ ਏ, ਗੁਲਜ਼ਾਰ ਗੋਰੀਆ ਕੌਮੀ ਸਕੱਤਰ ਆਲ ਇੰਡੀਆ ਖੇਤ ਮਜ਼ਦੂਰ ਸਭਾ, ਦੇਵੀ ਕੁਮਾਰੀ ਸਕੱਤਰ ਪੰਜਾਬ ਖੇਤ ਮਜ਼ਦੂਰ ਸਭਾ ਅਤੇ ਸੂਬਾ ਕੌਂਸਲ ਮੈਂਬਰ ਸੀ ਪੀ ਆਈ ਪੰਜਾਬ ਵਿਸ਼ੇਸ਼ ਤੌਰ ’ਤੇ ਪੁੱਜੇ। ਰਿਟਾਇਰਡ ਪ੍ਰੋਫੈਸਰ ਯਸ਼ਪਾਲ ਮੱਕੜ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਜਗਜੀਤ ਸਿੰਘ ਅਤੇ ਹਰਫੂਲ ਦੇ ਇਨਕਲਾਬੀ ਗੀਤਾ ਨਾਲ ਹੋਈ। ਐਡਵੋਕੇਟ ਸੁਦਰਸ਼ਨ ਜੱਗਾ ਬਲਾਕ ਸਕੱਤਰ ਸੀ ਪੀ ਆਈ ਨੇ ਆਏ ਹੋਏ ਮਹਿਮਾਨਾ ਅਤੇ ਪਾਰਟੀ ਮੈਂਬਰਾਂ ਦਾ ਸਵਾਗਤ ਕੀਤਾ। ਸੁਦੇਸ਼ ਕੁਮਾਰੀ, ਪ੍ਰੇਮ ਕੁਮਾਰੀ, ਸਵਰਨ ਸਿੰਘ, ਰੋਸ਼ਨ ਸਿੰਘ ਆਲਮਵਾਲਾ, ਰਸ਼ਪਾਲ ਸਿੰਘ ਕੱਟਿਆਂਵਾਲੀ, ਹਰੀ ਰਾਮ ਸ਼ੇਰਗੜ੍ਹ, ਰਜਿਆ ਰਾਮ ਛਾਪਿਆਂਵਾਲੀ, ਪ੍ਰਵੀਨ ਰਾਣੀ, ਸੁਨੀਲ ਕੁਮਾਰ, ਗੁਰਬਿੰਦਰ ਸਿੰਘ, ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਨਾਨਕ ਚੰਦ ਬਜਾਜ, ਪ੍ਰਧਾਨ ਮਹਿੰਗਾ ਰਾਮ, ਮੰਗਾ ਸਿੰਘ, ਗੁਰਜੰਟ ਸਿੰਘ, ਪ੍ਰੀਤਮ ਸਿੰਘ, ਗੁਰਮੁਖ ਸਿੰਘ, ਹਰਬੰਸ ਸਿੰਘ, ਪ੍ਰਮਜੀਤ ਸਿੰਘ ਤੇ ਦਿਲਬਾਗ ਸਿੰਘ ਦੀ ਅਗਵਾਈ ਵਿਚ ਵੱਖ-ਵੱਖ ਪਿੰਡਾ ’ਚੋਂ ਸੈਕੜਿਆਂ ਦੀ ਗਿਣਤੀ ਪਾਰਟੀ ਮੈਂਬਰ ਪਹੁੰਚੇ। ਹਰਦੇਵ ਅਰਸ਼ੀ ਨੇ ਪਾਰਟੀ ਦੀ ਸਥਾਪਨਾ ਵੇਲੇ ਦੇ ਹਾਲਾਤ ਤੋਂ ਲੈ ਕੇ ਹੁਣ ਤੱਕ ਦੇ ਹਾਲਾਤ ਬਾਰੇ ਚਾਣਨਾ ਪਾਇਆ। ਵੱਖ-ਵੱਖ ਸਮਿਆਂ ਵਿਚ ਪਾਰਟੀ ਦੇ ਲਏ ਸਹੀ ਸਟੈਂਡ ਅਤੇ ਕੀਤੀਆਂ ਗਲਤੀਆਂ ਬਾਰੇ ਵੀ ਜਾਣੂ ਕਰਵਾਇਆ। ਅਰਸ਼ੀ ਨੇ ਕਿਹਾ ਕਿ ਆਜ਼ਾਦੀ ਸੰਗਰਾਮ ਵਿਚ ਪਾਰਟੀ ਕਾਮਰੇਡਾਂ ਵੱਲੋਂ ਕੱਟੀਆਂ ਜੇਲ੍ਹਾਂ ਦੀ ਗਿਣਤੀ 4000 ਸਾਲ ਤੋਂ ਵੱਧ ਹੈ, ਜੋ ਆਜ਼ਾਦੀ ਘੋਲ ਵਿਚ ਕਿਸੇ ਵੀ ਸਿਆਸੀ ਪਾਰਟੀ ਨਾਲੋਂ ਸਭ ਤੋਂ ਵੱਧ ਹੈ।
ਸਮਾਗਮ ਨੂੰ ਗੁਲਜ਼ਾਰ ਗੋਰੀਆ, ਦੇਵੀ ਕੁਮਾਰੀ, ਸੁਦੇਸ਼ ਕੁਮਾਰੀ ਤੇ ਪ੍ਰੇਮ ਰਾਣੀ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਦੱਸਿਆ ਕਿ ਕਮਿਉਨਿਸਟ ਪਾਰਟੀ ਆਪਣੀ ਸਥਾਪਣਾ ਤੋਂ ਲੈ ਕੇ ਭਾਰਤ ਵਿਚ ਇੱਕ ਪ੍ਰਭਾਵਸ਼ਾਲੀ ਸਿਆਸੀ ਪਾਰਟੀ ਰਹੀ ਹੈ, ਜੋ ਖੱਬੇ-ਪੱਖੀ ਵਿਚਾਰਾਧਾਰਾ ਅਤੇ ਸਮਾਜਵਾਦੀ ਸਿਧਾਂਤਾਂ ਦੀ ਵਕਾਲਤ ਕਰਦੀ ਹੈ। ਇਸ ਮੌਕੇ ਮਜ਼ਦੂਰਾਂ, ਵਿਦਿਆਰਥੀਆਂ, ਛੋਟੇ ਕਿਸਾਨਾਂ, ਦੁਕਾਨਦਾਰਾਂ ਦੀਆਂ ਸਮੱਸਿਆਵਾਂ ਨੂੰ ਜ਼ੋਰਦਾਰ ਢੰਗ ਨਾਲ ਉਭਾਰਿਆ ਗਿਆ ਅਤੇ ਭਵਿਖ ਵਿਚ ਦੱਬੇ-ਕੁਚਲੇ ਅਤੇ ਲਿਤਾੜੇ ਲੋਕਾਂ ਨਾਲ ਖੜਨ ਦਾ ਅਹਿਦ ਲਿਆ ਗਿਆ। ਪਾਰਟੀ ਦੇ ਸਥਾਪਨਾ ਦਿਵਸ ’ਤੇ ਮੁਬਾਰਕਬਾਦ ਦਿੰਦੇ ਹੋਏ ਸੀ ਪੀ ਆਈ ਮਲੋਟ ਦੀ ਬਲਾਕ ਕਮੇਟੀ ਨੂੰ ਵਧਾਈ ਦਿੱਤੀਆਂ ਗਈਆਂ । ਆਗੂਆਂ ਦੇ ਹਾਰ ਪਾ ਕੇ ਸਨਮਾਨਤ ਕੀਤਾ। ਪ੍ਰੋਫੈਸਰ ਮੱਕੜ ਨੇ ਸਭ ਦਾ ਪ੍ਰੋਗਰਾਮ ਵਿਚ ਸ਼ਾਮਲ ਹੋਣ ’ਤੇ ਧੰਨਵਾਦ ਕੀਤਾ।