ਨਵੀਂ ਦਿੱਲੀ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਸ਼ੁੱਕਰਵਾਰ ਇੱਥੇ ਜਨਤਾ ਦਲ (ਯੂਨਾਈਟਿਡ) ਦੀ ਕੌਮੀ ਐਗਜ਼ੈਕਟਿਵ ਦੀ ਮੀਟਿੰਗ ਵਿਚ ਪਾਰਟੀ ਪ੍ਰਧਾਨ ਚੁਣੇ ਗਏ |
ਐਗਜ਼ੈਕਟਿਵ ਨੇ ਆਪੋਜ਼ੀਸ਼ਨ ਪਾਰਟੀਆਂ ਨੂੰ ਇਕੱਠੀਆਂ ਕਰਨ ਅਤੇ ਜਾਤੀ ਜਨਗਣਨਾ ਦੀ ਮੰਗ ਨੂੰ ਉਭਾਰਨ ਲਈ ਨਿਤੀਸ਼ ਦੇ ਰੋਲ ਦੀ ਸ਼ਲਾਘਾ ਵੀ ਕੀਤੀ | ਨਿਤੀਸ਼ ਪਹਿਲਾਂ ਵੀ ਪਾਰਟੀ ਪ੍ਰਧਾਨ ਰਹਿ ਚੁੱਕੇ ਹਨ |
ਪਾਰਟੀ ਦੇ ਮੁੱਖ ਬੁਲਾਰੇ ਕੇ ਸੀ ਤਿਆਗੀ ਨੇ ਕਿਹਾ ਕਿ ਲੱਲਨ ਸਿੰਘ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਨਿਤੀਸ਼ ਪ੍ਰਧਾਨ ਬਣਨਾ ਮੰਨ ਗਏ | ਮੀਟਿੰਗ ਵਿਚ ਚਾਰ ਤਜਵੀਜ਼ਾਂ ਪਾਸ ਕੀਤੀਆਂ ਗਈਆਂ, ਜਿਨ੍ਹਾਂ ਵਿਚ ਕੌਮੀ ਪੱਧਰ ‘ਤੇ ਜਾਤੀ ਜਨਗਣਨਾ ਕਰਾਉਣਾ ਵੀ ਸ਼ਾਮਲ ਹੈ | ਉਨ੍ਹਾ ਕਿਹਾ ਕਿ ਨਿਤੀਸ਼ ਕੁਮਾਰ ਜਨਵਰੀ ਵਿਚ ਝਾਰਖੰਡ ਤੋਂ ਦੇਸ਼ਵਿਆਪੀ ਦੌਰੇ ਸ਼ੁਰੂ ਕਰਨਗੇ | ਪਾਰਟੀ ਨੇ ਆਪੋਜ਼ੀਸ਼ਨ ਦੇ ਗੱਠਜੋੜ ‘ਇੰਡੀਆ’ ਵਿਚ ਸ਼ਾਮਲ ਪਾਰਟੀਆਂ ਨਾਲ ਸੀਟਾਂ ਦੀ ਵੰਡ ਦਾ ਫੈਸਲਾ ਕਰਨ ਦਾ ਅਧਿਕਾਰ ਵੀ ਨਿਤੀਸ਼ ਕੁਮਾਰ ਨੂੰ ਦੇ ਦਿੱਤਾ ਹੈ |
ਲੱਲਨ ਸਿੰਘ ਨੇ ਕਿਹਾ ਕਿ 2024 ਦੀਆਂ ਅਹਿਮ ਲੋਕ ਸਭਾ ਚੋਣਾਂ ਵਿਚ ਨਿਤੀਸ਼ ਕੁਮਾਰ ਹਵਾਲੇ ਕਮਾਨ ਦੇਣ ਦੀ ਲੋੜ ਸੀ | ਉਂਜ ਵੀ ਉਹ ਚੋਣਾਂ ਦੌਰਾਨ ਆਪਣੇ ਹਲਕੇ ਮੁੰਗੇਰ ਵਿਚ ਰੁਝੇ ਰਹਿਣਗੇ |
ਪ੍ਰਧਾਨਗੀ ਸੰਭਾਲਣ ਤੋਂ ਬਾਅਦ 70 ਸਾਲਾ ਨਿਤੀਸ਼ ਕੁਮਾਰ ਨੇ ਕਿਹਾ—ਮੈਂ ਕੋਈ ਅਹੁਦਾ ਨਹੀਂ ਮੰਗਿਆ ਸੀ | ਅਸੀਂ ਬਿਹਾਰ ਵਿਚ ਜੋ ਚੰਗਾ ਕੰਮ ਕੀਤਾ ਹੈ, ਉਸ ਦਾ ਦੇਸ਼-ਭਰ ਵਿਚ ਪ੍ਰਚਾਰ ਕਰਨ ਦੀ ਲੋੜ ਹੈ | ਮੈਂ ਵੱਖ-ਵੱਖ ਰਾਜਾਂ ਦਾ ਦੌਰਾ ਕਰਾਂਗਾ | ਭਾਜਪਾ ਸਾਨੂੰ ਆਪਣੀਆਂ ਪ੍ਰਾਪਤੀਆਂ ਨੂੰ ਉਜਾਗਰ ਨਹੀਂ ਕਰਨ ਦੇ ਰਹੀ |