ਸ਼ਾਹਕੋਟ (ਗਿਆਨ ਸੈਦਪੁਰੀ)-ਸਿਆਸਤ ਵਿੱਚ ਸਿਆਸੀ ਵਫ਼ਾਦਾਰੀਆਂ ਬਦਲ ਲੈਣੀਆਂ ਹੁਣ ਆਮ ਵਰਤਾਰਾ ਹੋ ਗਿਆ ਹੈ। ਕਿਸੇ ਇੱਕ ਸਿਆਸੀ ਆਗੂ ਵੱਲੋਂ ਪਹਿਲੀ ਛੱਡ ਕੇ ਦੂਸਰੀ ਪਾਰਟੀ ਵਿੱਚ ਚਲੇ ਜਾਣ ਦੇ ਵਰਤਾਰੇ ਨਾਲ ਸਮਰਥਕਾਂ ਵੱਲੋਂ ਆਪੋ-ਆਪਣੇ ਆਗੂ ਬਦਲ ਲੈਣ ਦਾ ਰੁਝਾਨ ਵੇਖਣ ਨੂੰ ਮਿਲਣਾ ਵੀ ਸੁਭਾਵਕ ਹੈ। ਸ਼ਾਹਕੋਟ ਦੀ ਸਿਆਸਤ ਵਿੱਚ ਅਜਿਹਾ ਕੁਝ ਵੱਡੇ ਪੱਧਰ ‘ਤੇ ਵਾਪਰਿਆ ਹੈ।
ਸਮਾਜਕ ਤੇ ਪਰਵਾਰਕ ਸਮਾਗਮਾਂ ਵਿੱਚ ਜਦੋਂ ਕਿਤੇ ਰਕੀਬਾਂ ਦਾ ਇੱਕੋ ਸਮੇਂ ਸ਼ਾਮਲ ਹੋਣ ਦਾ ਸਬੱਬ ਬਣ ਜਾਵੇ ਤਾਂ ਕਈ ਵਾਰ ਮਾਹੌਲ ਵਿੱਚ ਤਲਖ਼ੀ ਪੈਦਾ ਹੋ ਜਾਂਦੀ ਹੈ ਤੇ ਕਦੇ-ਕਦੇ ਮੰਜ਼ਰ ਦਿਲਚਸਪੀ ਵਾਲਾ ਵੀ ਨਜ਼ਰ ਆਉਂਦਾ ਹੈ।
ਸ਼ਾਹਕੋਟ ਵਿੱਚ ਐਤਵਾਰ ਨੂੰ ਇੱਕ ਸਮੂਹਿਕ ਵਿਆਹ ਸਮਾਗਮ ਵਿੱਚ ਉਪਰ ਵਰਣਨ ਕੀਤੇ ਮਾਹੌਲ ਦੇ ਦੂਸਰੇ ਹਿੱਸੇ ਵਰਗਾ ਮਾਹੌਲ ਨਜ਼ਰ ਆਇਆ। ਸਮਾਗਮ ਵਿੱਚ ਸਭ ਤੋਂ ਪਹਿਲਾਂ ਬੀਬੀ ਰਣਜੀਤ ਕੌਰ ਆਪਣੇ ਸਮਰਥਕਾਂ ਨਾਲ ਸ਼ਾਮਲ ਹੋਏ। ਰਣਜੀਤ ਕੌਰ ਕੁਵੇਲੇ ਅੱਖਾਂ ਮੀਟ ਗਏ ਆਪ ਦੇ ਹਲਕਾ ਇੰਚਾਰਜ ਰਤਨ ਸਿੰਘ ਕਾਕੜ ਕਲਾਂ ਦੀ ਪਤਨੀ ਹੈ। ਉਹ ਸਮਾਗਮ ਵਿੱਚ ਥੋੜ੍ਹਚਿਰੀ ਹਾਜ਼ਰੀ ਲਗਵਾ ਕੇ ਆਪਣੇ ਸਮਰਥਕਾਂ ਸਮੇਤ ਚਲੇ ਗਏ। ਉਨ੍ਹਾ ਨੂੰ ਸ਼ਾਇਦ ਕਨਸੋਅ ਲੱਗ ਗਈ ਸੀ ਕਿ ਸਿਆਸਤ ਦੇ ਤੇਜ਼-ਤਰਾਰ ਆਗੂ ਰਾਣਾ ਹਰਦੀਪ ਸਿੰਘ ਸਮਾਗਮ ਵਿੱਚ ਜਲਦੀ ਪਹੁੰਚਣ ਵਾਲੇ ਹਨ। ਰਾਣਾ ਹੁਰੀਂ ਜਦੋਂ ਵਿਆਹ ਸਮਾਗਮ ਵਿੱਚ ਪਹੁੰਚੇ ਤਾਂ ਉਨ੍ਹਾ ਦੇ ਨਾਲ ਸਮਰਥਕ ਹੋਰ ਸਨ। ਰਾਣਾ ਹਰਦੀਪ ਸਿੰਘ ਸਿੰਘ ਤੇ ਬੀਬੀ ਰਣਜੀਤ ਕੌਰ ਦੋਵੇਂ ‘ਆਪ’ ਆਗੂ ਹਨ। ਪ੍ਰਬੰਧਕਾਂ ਨੂੰ ਜਦੋਂ ਪਤਾ ਲੱਗਾ ਕਿ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੀ ਹੁਣੇ ਸਮਾਗਮ ਦਾ ਹਿੱਸਾ ਬਣਨ ਵਾਲੇ ਹਨ। ਪ੍ਰਬੰਧਕਾਂ ਦੇ ਹਾਵ-ਭਾਵ ਤੋਂ ਅਹਿਸਾਸ ਹੋ ਰਿਹਾ ਸੀ ਕਿ ਸ਼ਾਇਦ ਉਹ ਸੋਚਦੇ ਹੋਣ ਕਿ ਦੋ ਤਲਵਾਰਾਂ ਇੱਕੋ ਮਿਆਨ ਵਿੱਚ ਕਿਵੇਂ ਪਾਵਾਂਗੇ। ਇਸ ਤਰ੍ਹਾਂ ਸੋਚਣ ਦੀ ਵਾਜਬੀਅਤ ਇਹ ਸੀ ਕਿ ਪਿੱਛੇ ਜਿਹੇ ਇੱਕ ਸਮਾਗਮ ਵਿੱਚ ਉਕਤ ਦੋ ‘ਤਲਵਾਰਾਂ ਖੜਕ’ ਪਈਆਂ ਸਨ, ਜਦੋਂ ਹਲਕਾ ਵਿਧਾਇਕ ਸ਼ੇਰੋਵਾਲੀਆ ਦਾ ਕਾਫ਼ਲਾ ਸਮਾਗਮ ਵਿੱਚ ਸ਼ਾਮਲ ਹੋਇਆ ਤਾਂ ਮਾਹੌਲ ਦਿਲਚਸਪ ਬਣ ਗਿਆ।
ਰਾਣਾ ਹਰਦੀਪ ਸਿੰਘ ਦੇ ਨਾਲ ਬੈਠੇ ਸਮਰਥਕਾਂ ਵਿੱਚ ਕੁਝ ਉਹ ਸਨ, ਜਿਹੜੇ ਕੁਝ ਮਹੀਨੇ ਪਹਿਲਾਂ ਸ਼ੇਰੋਵਾਲੀਆ ਦੀ ‘ਹਿੱਕ ਦੇ ਵਾਲ’ ਸਨ ਤੇ ਸ਼ੇਰੋਵਾਲੀਆ ਦੇ ਨਾਲ ਆਇਆਂ ਵਿੱਚ ਇੱਕ-ਦੋ ਅਜਿਹੇ ਵੀ ਸਨ, ਜੋ ਰਾਣਾ ਦੀ ਸਿਆਸਤ ਦੀ ਚਾਲ-ਢਾਲ ਦੇ ਹਾਮੀ ਸਨ। ਹੁਣ ਦੋਵੇਂ ਆਗੂਆਂ ਦੇ ਸਮਰਥਕ ਆਪਸ ਵਿੱਚ ਅੱਖਾਂ ਮਿਲਾਉਣ ਤਾਂ ਕਿਵੇਂ ਮਿਲਾਉਣ? ਉਨ੍ਹਾਂ ਦੇ ਮਨਾਂ ਵਿੱਚ ਚਲਦੇ ਸੰਵਾਦਾਂ ਵਿੱਚ ਮਨਮੋਹਣ ਵਾਰਿਸ ਦਾ ਮਸ਼ਹੂਰ ਗੀਤ, ‘ਦੱਸ ਸਾਨੂੰ ਛੱਡ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਏ..’, ਵੀ ਸ਼ਾਮਲ ਹੋਵੇਗਾ।