ਨਵੀਂ ਦਿੱਲੀ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮਹਿਲਾ ਭਲਵਾਨ ਵਿਨੇਸ਼ ਫੋਗਾਟ ਵੱਲੋਂ ਆਪਣਾ ਖੇਲ ਰਤਨ ਤੇ ਅਰਜੁਨ ਐਵਾਰਡ ਸਰਕਾਰ ਨੂੰ ਮੋੜੇ ਜਾਣ ਦੇ ਹਵਾਲੇ ਨਾਲ ਐਤਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਪੀ ਐੱਮ ਦੇਸ਼ ਦੇ ਰਖਵਾਲੇ ਹਨ ਤੇ ਉਨ੍ਹਾ ਵੱਲੋਂ ‘ਅਜਿਹਾ ਜ਼ੁਲਮ’ ਦੇਖ ਕੇ ਦਰਦ ਹੁੰਦਾ ਹੈ। ਰਾਹੁਲ ਨੇ ਫੋਗਾਟ ਦੀ ਕਰਤੱਵਿਆ ਪੱਥ ਵਾਲੀ ਤਸਵੀਰ ਸਾਂਝੀ ਕਰਦਿਆਂ ਐੱਕਸ ‘ਤੇ ਇਕ ਪੋਸਟ ਵਿੱਚ ਕਿਹਾ—ਦੇਸ਼ ਦੀ ਹਰ ਧੀ ਲਈ ਸਵੈ-ਮਾਣ ਸਭ ਤੋਂ ਪਹਿਲਾਂ, ਜਦੋਂਕਿ ਤਮਗੇ ਜਾਂ ਹੋਰ ਸਨਮਾਨ ਬਾਅਦ ਵਿਚ ਹਨ। ਕੀ ਕਿਸੇ ‘ਅਖੌਤੀ ਬਾਹੂਬਲੀ’ ਤੋਂ ਮਿਲੇ ‘ਸਿਆਸੀ ਲਾਭ’ ਦੀ ਕੀਮਤ ਇਨ੍ਹਾਂ ਬਹਾਦਰ ਧੀਆਂ ਦੇ ਹੰਝੂਆਂ ਤੋਂ ਵੱਧ ਹੈ? ਵਿਨੇਸ਼ ਫੋਗਾਟ ਨੇ ਸ਼ਨੀਵਾਰ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਸੀ ਤਾਂ ਦਿੱਲੀ ਪੁਲਸ ਨੇ ਉਸ ਨੂੰ ਪੀ ਐੱਮ ਦਫ਼ਤਰ ਜਾਣ ਤੋਂ ਰੋਕ ਦਿੱਤਾ ਸੀ। ਮਗਰੋਂ ਫੋਗਾਟ ਨੇ ਦਿੱਲੀ ਦੇ ਕਰਤੱਵਿਆ ਪੱਥ ਦੇ ਐਨ ਵਿਚਾਲੇ ਆਪਣਾ ਖੇਲ ਰਤਨ ਤੇ ਅਰਜੁਨ ਐਵਾਰਡ ਰੱਖ ਕੇ ਸਰਕਾਰ ਨੂੰ ਮੋੜ ਦਿੱਤੇ ਸਨ। ਫੋਗਾਟ ਨੇ ਉਲੰਪਿਕ ਤਗ਼ਮਾ ਜੇਤੂ ਭਲਵਾਨ ਸਾਕਸ਼ੀ ਮਲਿਕ ਤੇ ਬਜਰੰਗ ਪੂਨੀਆ ਨਾਲ ਮਿਲ ਕੇ ਸੰਜੈ ਸਿੰਘ ਨੂੰ ਭਾਰਤੀ ਕੁਸ਼ਤੀ ਫੈਡਰੇਸ਼ਨ ਦਾ ਨਵਾਂ ਪ੍ਰਧਾਨ ਚੁਣੇ ਜਾਣ ‘ਤੇ ਇਤਰਾਜ਼ ਜਤਾਇਆ ਸੀ। ਭਲਵਾਨਾਂ ਨੇ ਸੰਜੈ ਸਿੰਘ ਨੂੰ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਤੇ ਭਾਜਪਾ ਆਗੂ ਬ੍ਰਿਜ ਭੂਸ਼ਣ ਸ਼ਰਣ ਸਿੰਘ ਦਾ ਵਫਾਦਾਰ ਦੱਸਿਆ ਸੀ।