ਨਵੀਂ ਦਿੱਲੀ : ਉੱਤਰ ਭਾਰਤ ’ਚ ਕੜਾਕੇ ਦੀ ਠੰਢ ਪੈ ਰਹੀ ਹੈ। ਠੰਢ ਕਾਰਨ ਲੋਕ ਕੰਬ ਰਹੇ ਹਨ ਅਤੇ ਸ਼ਹਿਰ ਸੰਘਣੀ ਧੁੰਦ ’ਚ ਡੁੱਬੇ ਹੋਏ ਹਨ। ਤਾਪਮਾਨ ਹੱਡੀਆਂ ਕੰਬਾਉਣ ਵਾਲੇ ਪੱਧਰ ’ਤੇ ਪਹੁੰਚ ਚੁੱਕਾ ਹੈ। ਭਾਰਤ ਦੇ ਵੱਖ-ਵੱਖ ਹਿੱਸਿਆਂ ’ਚ ਲੋਕਾਂ ਨੂੰ ਸੀਤ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਦੌਰਾਨ ਦਿੱਲੀ ਏਅਰਪੋਰਟ ਦੇ ਸੂਤਰਾਂ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ 8.30 ਆਈ ਜੀ ਆਈ ਏਅਰਪੋਰਟ ਤੋਂ ਜਾਣ ਵਾਲੀਆਂ ਕਰੀਬ 80 ਉਡਾਨਾਂ ਦੇਰੀ ਨਾਲ ਉਡੀਆਂ। ਏਅਰਪੋਰਟ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਖਰਾਬ ਮੌਸਮ ਕਾਰਨ ਉਡਾਨ ਸੇਵਾਵਾਂ ’ਤੇ ਵੱਡਾ ਅਸਰ ਪਿਆ। ਉਥੇ ਹੀ ਕਈ ਰੇਲ ਗੱਡੀਆਂ ਵੀ ਦੇਰੀ ਨਾਲ ਚੱਲ ਰਹੀਆਂ ਹਨ। ਜਾਣਕਾਰੀ ਅਨੁਸਾਰ ਤੇਲੰਗਾਨਾ ਐਕਸਪ੍ਰੈੱਸ 3.40 ਘੰਟੇ, ਪੰਜਾਬ ਮੇਲ 6 .07, ਗੋਰਖਧਾਮ ਐਕਸਪ੍ਰੈੱਸ, ਲਖਨਊ ਮੇਲ, ਦਾਦਰ ਐਕਸਪ੍ਰੈੱਸ, ਬਾਂਦਰਾ-ਸ੍ਰੀਮਾਤਾ ਵੈਸ਼ਨੋ ਦੇਵੀ ਸਮੇਤ ਕਈ ਰੇਲ ਗੱਡੀਆਂ ਸ਼ਾਮਲ ਹਨ। ਜ਼ਿਆਦਾਤਰ ਰੇਲ ਗੱਡੀਆਂ 2 ਘੰਟੇ ਤੋਂ 6 ਘੰਟੇ ਤੱਕ ਦੀ ਦੇਰੀ ਨਾਲ ਚੱਲ ਰਹੀਆਂ। ਹਿਮਾਚਲ ਅਤੇ ਉੱਤਰ ਪ੍ਰਦੇਸ਼ ’ਚ ਧੁੰਦ ਕਾਰਨ ਸੜਕ ਹਾਦਸੇ ’ਚ ਪੰਜ ਲੋਕਾਂ ਦੀ ਮੌਤ ਹੋ ਗਈ। ਮੌਸਮ ਵਿਭਾਗ ਮੁਤਾਬਕ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਉੱਤਰੀ ਰਾਜਸਥਾਨ ਅਤੇ ਉੱਤਰੀ ਮੱਧ ਪ੍ਰਦੇਸ਼ ਦੇ ਕੁਝ ਏਅਰਪੋਰਟ, ਹਾਈਵੇ ਅਤੇ ਰੇਲ ਰੂਟ ਧੁੰਦ ਕਾਰਨ 31 ਦਸੰਬਰ ਨੂੰ ਵੀ ਪ੍ਰਭਾਵਿਤ ਹੋ ਸਕਦੇ ਹਨ। ਮੌਸਮ ਵਿਭਾਗ ਨੇ ਪੰਜਾਬ ’ਚ 31 ਦਸੰਬਰ ਲਈ ਆਰੇਂਜ ਅਲਰਟ ਅਤੇ 1 ਜਨਵਰੀ 2024 ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। 2 ਜਨਵਰੀ ਤੱਕ ਕਸ਼ਮੀਰ, ਹਿਮਾਚਲ ਪ੍ਰਦੇਸ਼, ਉਤਰਾਖੰਡ ਸਮੇਤ ਨਾਰਥ ਵੈਸਟ ਅਤੇ ਸੈਂਟਰਲ ਦਿੱਲੀ ’ਚ ਹਲਕੀ ਬਾਰਿਸ਼ ਅਤੇ ਬਰਫ਼ਬਾਰੀ ਦਾ ਅਨੁਮਾਨ ਪ੍ਰਗਟਾਇਆ ਗਿਆ ਹੈ। ਪ੍ਰਾਈਵੇਟ ਵੈਦਰ ਏਜੰਸੀ ਸਕਾਈਮੇਟ ਮੁਤਾਬਿਕ ਪੰਜਾਬ, ਹਰਿਆਣਾ, ਉਤਰ ਪ੍ਰਦੇਸ਼, ਉਤਰੀ ਰਾਜਸਥਾਨ ਦੇ ਕੁਝ ਹਿੱਸਿਆਂ ’ਚ ਸੰਘਣਾ ਕੋਹਰਾ ਜਾਰੀ ਰਹਿ ਸਕਦਾ ਹੈ। ਏਜੰਸੀ ਮੁਤਾਬਿਕ 31 ਦਸੰਬਰ ਨੂੰ ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ’ਚ ਕੋਲਡ ਡੇ ਦੀ ਸਥਿਤੀ ਹੋ ਸਕਦੀ ਹੈ। ਜੰਮੂ ਅਤੇ ਕਸ਼ਮੀਰ ’ਚ ਸ੍ਰੀਨਗਰ-25, ਪੰਜਾਬ ’ਚ ਅੰਮਿ੍ਰਤਸਰ, ਚੰਡੀਗੜ੍ਹ, ਪਟਿਆਲਾ-25, ਹਰਿਆਣਾ ’ਚ ਅੰਬਾਲਾ-25, ਕਰਨਾਲ, ਹਿਸਾਰ-50, ਦਿੱਲੀ ਦੇ ਆਯਾਨਗਰ, ਸਫਦਰਜੰਗ-200, ਪਾਲਸ, ਦਿੱਲੀ-ਰਿਜ-500, ਪੱਛਮੀ ਉੱਤਰ ਪ੍ਰਦੇਸ਼ ਦੇ ਝਾਂਸੀ, ਮੇਰਠ-50, ਪੂਰਬੀ ਉੱਤਰ ਪ੍ਰਦੇਸ਼ ਦੇ ਗੋਰਖਪੁਰ-200, ਲਖਨਊ, ਵਾਰਾਣਸੀ, ਸੁਲਤਾਨਪੁਰ-500, ਪੂਰਬੀ ਮੱਧ ਪ੍ਰਦੇਸ਼ ਦੇ ਸਤਨਾ-25 ਮੀਟਰ ਕੋਹਰਾ ਦਰਜ ਕੀਤਾ ਗਿਆ।