ਚੰਡੀਗੜ੍ਹ (ਗੁਰਜੀਤ ਬਿੱਲਾ)-ਗਣਤੰਤਰ ਦਿਵਸ ਪਰੇਡ ਲਈ ਪੰਜਾਬ ਦੀ ਝਾਕੀ ਰੱਦ ਕੀਤੇ ਜਾਣ ਨੂੰ ਲੈ ਕੇ ਪੰਜਾਬ ਦੀ ‘ਆਪ’ ਸਰਕਾਰ ਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਰਮਿਆਨ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਕੇਂਦਰੀ ਰੱਖਿਆ ਮੰਤਰਾਲੇ ਨੇ ਐਤਵਾਰ ਸਪੱਸ਼ਟ ਕੀਤਾ ਕਿ ਕਲਾ, ਸੱਭਿਆਚਾਰ, ਪੇਂਟਿੰਗ, ਮੂਰਤੀ ਕਲਾ, ਸੰਗੀਤ, ਭਵਨ ਨਿਰਮਾਣ ਕਲਾ, ਕੋਰੀਓਗ੍ਰਾਫ਼ੀ ਆਦਿ ਨਾਲ ਖੇਤਰਾਂ ਨਾਲ ਸੰਬੰਧਤ ਉੱਘੀਆਂ ਹਸਤੀਆਂ ਦੀ ਸ਼ਮੂਲੀਅਤ ਵਾਲੀ ਮਾਹਰਾਂ ਦੀ ਕਮੇਟੀ ਨੇ ਪਹਿਲੇ ਤਿੰਨ ਗੇੜਾਂ ਤੱਕ ਪੰਜਾਬ ਵੱਲੋਂ ਭੇਜੀ ਝਾਕੀ ‘ਤੇ ਵਿਚਾਰ ਕੀਤਾ ਸੀ। ਇਸ ਸਾਲ ਦੀ ਝਾਕੀ ਦੇ ਵਿਆਪਕ ਵਿਸ਼ਿਆਂ ਦੇ ਥੀਮ ਨਾਲ ਮੇਲ ਨਾ ਖਾਣ ਕਰਕੇ ਪੰਜਾਬ ਦੀ ਝਾਕੀ ਨੂੰ ਹੋਰ ਵਿਚਾਰ ਲਈ ਅੱਗੇ ਨਹੀਂ ਲਿਜਾਇਆ ਜਾ ਸਕਿਆ। ਉਧਰ, ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੱਤਾ ਦੇ ਹੰਕਾਰ ‘ਚ ਝੱਲੀ ਹੋਈ ਕੇਂਦਰ ਸਰਕਾਰ ਪੰਜਾਬੀਆਂ ਵੱਲੋਂ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਪਾਈਆਂ ਮਹਾਨ ਕੁਰਬਾਨੀਆਂ ਦਾ ਨਿਰਾਦਰ ਕਰ ਰਹੀ ਹੈ। ਇਸ ਦੌਰਾਨ ਸੂਤਰਾਂ ਮੁਤਾਬਕ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਇਕ ਪੱਤਰ ਲਿਖਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਸਣੇ ਹੋਰਨਾਂ ਰਾਜਾਂ ਦੀਆਂ ਜਿਹੜੀਆਂ ਝਾਕੀਆਂ ਗਣਤੰਤਰ ਦਿਵਸ ਪਰੇਡ ‘ਚ ਸ਼ਾਮਲ ਹੋਣ ਤੋਂ ਰਹਿ ਗਈਆਂ ਹਨ, ਉਨ੍ਹਾਂ ਨੂੰ 23 ਤੋਂ 31 ਜਨਵਰੀ ਤੱਕ ਲਾਲ ਕਿਲ੍ਹੇ ਵਿੱਚ ਲੱਗਣ ਵਾਲੇ ‘ਭਾਰਤ ਪਰਵ’ ਵਿੱਚ ਸ਼ਾਮਲ ਕੀਤਾ ਜਾਵੇਗਾ। ਪੰਜਾਬ ਸਰਕਾਰ ਨੇ ‘ਭਾਰਤ ਪਰਵ’ ਲਈ ਝਾਕੀ ਭੇਜਣ ਤੋਂ ਨਾਂਹ ਕਰ ਦਿੱਤੀ ਹੈ। ਮਾਨ ਸਰਕਾਰ ਨੇ ਕਿਹਾ ਕਿ ਕੇਂਦਰ ਨੇ ਸੂਬੇ ਦੀ ਝਾਕੀ ਰੱਦ ਕਰਕੇ ਆਜ਼ਾਦੀ ਘੁਲਾਟੀਆਂ ਦਾ ਅਪਮਾਨ ਕੀਤਾ ਹੈ। ਮਾਨ ਨੇ ਐੱਕਸ ‘ਤੇ ਇਕ ਟਵੀਟ ਵਿੱਚ ਕਿਹਾ—ਅਸੀਂ ਸਾਡੇ ਭਗਤ ਸਿੰਘ, ਰਾਜਗੁਰੂ, ਸੁਖਦੇਵ, ਲਾਲਾ ਲਾਜਪਤ ਰਾਏ, ਊਧਮ ਸਿੰਘ, ਮਾਈ ਭਾਗੋ, ਸਰਾਭੇ, ਗ਼ਦਰੀ ਬਾਬਿਆਂ ਅਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਕੁਰਬਾਨੀਆਂ ਨੂੰ ਰੱਦ ਕੀਤੀਆਂ ਸ਼੍ਰੇਣੀਆਂ ਵਿੱਚ ਨਹੀਂ ਭੇਜਣਾ,…ਇਹ ਸਾਡੇ ਹੀਰੋ ਨੇ, ਇਨ੍ਹਾਂ ਦਾ ਮਾਣ-ਸਨਮਾਨ ਕਰਨਾ ਅਸੀਂ ਜਾਣਦੇ ਹਾਂ। ਭਾਜਪਾ ਦੇ ਐੱਨ ਓ ਸੀ ਦੀ ਲੋੜ ਨਹੀਂ…।