ਭੀਖੀ ਮਾਨਸਾ (ਪਮਾਰ)
ਸਰਕਾਰਾਂ ਦਾ ਆਪਣੀਂ ਜ਼ਿੰਮੇਵਾਰੀ ਤੋਂ ਭੱਜਣਾ ਤੇ ਕੰਪਨੀਆਂ ਨੂੰ ਨਿਵੇਸ਼ ਕਰਨ ਲਈ ਦਿੱਤੀ ਜਾ ਖੁੱਲ੍ਹ ਆਮ ਲੋਕਾਂ ਦੀ ਲੁੱਟ ਦਾ ਕਾਰਨ ਬਣ ਰਹੀ ਹੈ। ਭੀਖੀ ਨੇੜਲੇ ਪਿੰਡ ਢੈਪਈ ‘ਤੇ ਬਣੇ ਟੋਲ, ਜੋ ਕਿ ਆਪਣੀ ਮਿਆਦ ਪੁਗਾ ਚੁੱਕਾ ਹੈ ਅਤੇ ਲੰਮੇ ਸਮੇਂ ਤੋਂ ਬੰਦ ਰਹਿਣ ਕਾਰਨ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਟੋਲ ਨੂੰ ਚੁਕਵਾਉਣ ਸੰਬੰਧੀ ਲੱਗੇ ਮੋਰਚੇ ਵਿੱਚ ਸ਼ਾਮਲ ਹੋਣ ਉਪਰੰਤ ਕੀਤਾ। ਸੀਨੀਅਰ ਕਮਿਊਨਿਸਟ ਆਗੂ ਅਰਸ਼ੀ ਨੇ ਸਰਕਾਰ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਮਿਆਦ ਪੂਰੀ ਹੋਏ ਟੋਲ ਪਲਾਜ਼ਾ ਨੂੰ ਸਰਕਾਰ ਬਿਨਾਂ ਦੇਰੀ ਚੁੱਕੇ, ਕਿਉਂਕਿ ਇਹਨਾਂ ਕਰਕੇ ਜਿਥੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਤੇ ਕਤਲੇਆਮ ਵਿੱਚ ਵਾਧਾ ਹੋ ਰਿਹਾ ਹੈ, ਉੱਥੇ ਹਾਦਸਿਆਂ ਕਰਕੇ ਅਨੇਕਾਂ ਪਰਵਾਰਾਂ ਦੇ ਚਿਰਾਗ ਵੀ ਬੁਝ ਰਹੇ ਹਨ। ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਸਿੰਘ ਚੌਹਾਨ ਨੇ ਲੱਗੇ ਮੋਰਚੇ ਦਾ ਸੀ ਪੀ ਆਈ ਵੱਲੋਂ ਸਮਰਥਨ ਕੀਤਾ ਅਤੇ ਇਨਸਾਫ਼ਪਸੰਦ ਲੋਕਾਂ ਨੂੰ ਅਪੀਲ ਕੀਤੀ ਕਿ ਬੰਦ ਪਏ ਟੋਲ ਪਲਾਜ਼ਾ ਕਰਕੇ ਆਮ ਰਾਹਗੀਰਾਂ ਦੀ ਹੋ ਰਹੀ ਲੁੱਟ ਤੇ ਹਾਦਸਿਆਂ ਨੂੰ ਰੋਕਣ ਲਈ ਸਰਕਾਰ ਨੂੰ ਜਗਾਉਣ ਵਿੱਚ ਸਹਿਯੋਗ ਕਰਨ।