ਵਾਰਾਨਸੀ : ਬਨਾਰਸ ਹਿੰਦੂ ਯੂਨੀਵਰਸਿਟੀ ਵਿਚ ਵਿਦਿਆਰਥਣ ਨਾਲ ਇਕ ਨਵੰਬਰ ਨੂੰ ਗੈਂਗਰੇਪ ਕਰਨ ਦੇ ਦੋਸ਼ ਵਿਚ ਤਿੰਨ ਨੌਜਵਾਨਾਂ ਨੂੰ ਦੋ ਮਹੀਨਿਆਂ ਬਾਅਦ ਕਾਬੂ ਕਰ ਲਿਆ ਗਿਆ ਹੈ। ਇਹ ਤਿੰਨੋਂ ਭਾਜਪਾ ਦੇ ਆਈ ਟੀ ਸੈੱਲ ਨਾਲ ਜੁੜੇ ਹੋਏ ਹਨ। ਇਨ੍ਹਾਂ ਦੀ ਪਛਾਣ ਕੁਣਾਲ ਪਾਂਡੇ, ਆਨੰਦ ਉਰਫ ਅਭਿਸ਼ੇਕ ਚੌਹਾਨ ਤੇ ਸਕਸ਼ਮ ਪਟੇਲ ਵਜੋਂ ਹੋਈ ਹੈ। ਤਿੰਨੋਂ ਸ਼ਹਿਰ ਦੇ ਰਸੂਖਦਾਰ ਪਰਵਾਰਾਂ ਵਿੱਚੋਂ ਹਨ। ਕੁਣਾਲ ਭਾਜਪਾ ਕੌਂਸਲਰ ਦਾ ਦਾਮਾਦ ਹੈ।
ਯੂਨੀਵਰਸਿਟੀ ਵਿਚ ਆਈ ਆਈ ਟੀ ਤੋਂ ਬੀ ਟੈੱਕ ਕਰ ਰਹੀ ਵਿਦਿਆਰਥਣ ਦੇਰ ਰਾਤ ਹੋਸਟਲ ਤੋਂ ਸੈਰ ਲਈ ਨਿਕਲੀ ਸੀ। ਇਸ ਦੌਰਾਨ ਉਸ ਦਾ ਦੋਸਤ ਮਿਲ ਗਿਆ ਤੇ ਉਹ ਦੋਵੇਂ ਸੈਰ ਕਰਨ ਲੱਗੇ। ਆਈ ਆਈ ਟੀ ਦੇ ਪਿਛਲੇ ਪਾਸੇ ਕਰਮਨਬੀਰ ਬਾਬਾ ਮੰਦਰ ਤੋਂ ਥੋੜ੍ਹਾ ਪਹਿਲਾਂ ਬੁਲੇਟ ਸਵਾਰ ਤਿੰਨ ਨੌਜਵਾਨ ਪੁੱਜੇ ਤੇ ਦੋਹਾਂ ਨੂੰ ਫੜ ਲਿਆ। ਉਨ੍ਹਾਂ ਕੋਲ ਹਥਿਆਰ ਵੀ ਸਨ। ਤਿੰਨਾਂ ਨੇ ਵਿਦਿਆਰਥਣ ਤੇ ਵਿਦਿਆਰਥੀ ਧਮਕਾ ਕੇ ਮੋਬਾਇਲ ਖੋਹ ਲਿਆ। ਵਿਦਿਆਰਥਣ ਦਾ ਮੂੰਹ ਦਬਾ ਕੇ ਲੈ ਗਏ ਅਤੇ ਕੱਪੜੇ ਲੁਹਾ ਕੇ ਵੀਡੀਓ ਬਣਾਇਆ। ਉਸ ਨਾਲ ਗੈਂਗਰੇਪ ਵੀ ਕੀਤਾ ਤੇ ਧਮਕਾ ਕੇ ਚਲੇ ਗਏ। ਵਿਦਿਆਰਥਣ ਜਾਨ ਬਚਾਉਣ ਲਈ ਉੱਥੋਂ ਭੱਜ ਕੇ ਪ੍ਰੋਫੈਸਰ ਦੇ ਘਰ ਪੁੱਜੀ। ਅਗਲੇ ਦਿਨ ਯੂਨੀਵਰਸਿਟੀ ਵਿਚ ਇਸ ਘਿਨਾਉਣੇ ਕਾਰੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਹੋਇਆ। ਕਾਂਗਰਸ ਦੇ ਸੂਬਾ ਪ੍ਰਧਾਨ ਅਜੈ ਰਾਇ ਨੇ ਕਿਹਾ ਕਿ ਪਹਿਲਾਂ ਭਾਜਪਾ ਸਰਕਾਰ ਨੇ ਮਾਮਲੇ ਨੂੰ ਦਬਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ। ਦਬਾਅ ਬਣਨ ‘ਤੇ ਐੱਫ ਆਈ ਆਰ ਲਿਖੀ। ਦੋ ਮਹੀਨਿਆਂ ਬਾਅਦ ਇਨ੍ਹਾਂ ਮੁਲਜ਼ਮਾਂ ਨੂੰ ਫੜਿਆ ਗਿਆ। ਇਹ ਸਾਰੇ ਭਾਜਪਾ ਦੇ ਅਹੁਦੇਦਾਰ ਹਨ। ਭਾਜਪਾ ਦੇ ਆਈ ਟੀ ਸੈੱਲ ਵਿਚ ਇਨ੍ਹਾਂ ਦੀ ਚੰਗੀ ਪੁਜ਼ੀਸ਼ਨ ਹੈ। ਕੁਣਾਲ ਪਾਂਡੇ ਭਾਜਪਾ ਆਈ ਟੀ ਸੈੱਲ ਦਾ ਵਾਰਾਨਸੀ ਦਾ ਕਨਵੀਨਰ ਹੈ। ਉਸ ਦੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੌਮੀ ਭਾਜਪਾ ਪ੍ਰਧਾਨ ਜੇ ਪੀ ਨੱਢਾ, ਮੁੱਖ ਮੰਤਰੀ ਆਦਿੱਤਿਆ ਨਾਥ ਯੋਗੀ ਤੇ ਭਾਜਪਾ ਦੇ ਹੋਰਨਾਂ ਵੱਡੇ ਆਗੂਆਂ ਨਾਲ ਤਸਵੀਰਾਂ ਦੇਖੀਆਂ ਜਾ ਸਕਦੀਆਂ ਹਨ। ਸਕਸ਼ਮ ਪਟੇਲ ਵੀ ਭਾਜਪਾ ਦਾ ਅਹੁਦੇਦਾਰ ਹੈ ਅਤੇ ਵਰਤਮਾਨ ਕਾਸ਼ੀ ਪ੍ਰਾਂਤ ਪ੍ਰਧਾਨ ਦਲੀਪ ਪਟੇਲ ਦਾ ਸਹਿਯੋਗੀ ਹੈ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਤਿੰਨਾਂ ਮੁਲਜ਼ਮਾਂ ਦੀ ਫੋਟੋ ਸ਼ੇਅਰ ਕਰਦਿਆਂ ਪੋਸਟ ਪਾਈ ਹੈ—ਇਹ ਹਨ ਭਾਜਪਾ ਦੇ ਵੱਡੇ ਆਗੂਆਂ ਦੀ ਛਤਰ-ਛਾਇਆ ਵਿਚ ਸਰੇਆਮ ਪਨਪਦੇ ਤੇ ਘੁੰਮਦੇ ਭਾਜਪਾਈਆਂ ਦੀ ਉਹ ਨਸਲ, ਜਿਨ੍ਹਾਂ ਦੀ ਅਖੌਤੀ ਜ਼ੀਰੋ ਟਾਲਰੈਂਸ ਸਰਕਾਰ ਵਿਚ ਦਿਖਾਵਟੀ ਤਲਾਸ਼ ਜਾਰੀ ਸੀ, ਪਰ ਪੁਖਤਾ ਸਬੂਤਾਂ ਤੇ ਲੋਕਾਂ ਦੇ ਦਬਾਅ ਵਿਚ ਭਾਜਪਾ ਸਰਕਾਰ ਨੂੰ ਆਖਰ ਇਨ੍ਹਾਂ ਨੂੰ ਗ੍ਰਿਫਤਾਰ ਕਰਨਾ ਪਿਆ।