ਲੁਧਿਆਣਾ (ਐੱਮ ਐੱਸ ਭਾਟੀਆ)
ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਜ਼ਿਲ੍ਹਾ ਲੁਧਿਆਣਾ ਨੇ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ ਕਿ ਉਸ ਨੇ 540 ਕਿਲੋਵਾਟ ਦਾ ਪਾਵਰ ਪਲਾਂਟ, ਜੋ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਥਿਤ ਹੈ, ਨੂੰ ਖਰੀਦ ਕੇ ਸਰਕਾਰੀ ਖੇਤਰ ਵਿੱਚ ਲੈ ਆਂਦਾ ਹੈ। ਪਾਰਟੀ ਨੇ ਮੰਗ ਕੀਤੀ ਹੈ ਕਿ ਬਾਕੀ ਦੇ ਰਹਿੰਦੇ ਪਾਵਰ ਪਲਾਂਟਾਂ ਨੂੰ ਵੀ ਸਰਕਾਰੀ ਖੇਤਰ ਵਿੱਚ ਲਿਆਂਦਾ ਜਾਵੇ। ਇਸ ਦੇ ਨਾਲ ਹੀ ਰੋਡਵੇਜ਼ ਦਾ ਵੀ ਪੂਰੀ ਤਰ੍ਹਾਂ ਸਰਕਾਰੀਕਰਨ ਕੀਤਾ ਜਾਣਾ ਚਾਹੀਦਾ ਹੈ। ਅਨੇਕਾਂ ਵਾਰ ਪ੍ਰਾਈਵੇਟ ਬੱਸਾਂ ਵਾਲੇ ਸਰਕਾਰੀ ਸਕੀਮਾਂ ਨੂੰ ਆਪਣੀਆਂ ਬੱਸਾਂ ’ਤੇ ਲਾਗੂ ਨਹੀਂ ਕਰਦੇ।
ਪਾਰਟੀ ਦੇ ਜ਼ਿਲ੍ਹਾ ਸਕੱਤਰ ਡੀ ਪੀ ਮੌੜ, ਸਹਾਇਕ ਸਕੱਤਰ ਡਾਕਟਰ ਅਰੁਣ ਮਿਤਰਾ ਅਤੇ ਚਮਕੌਰ ਸਿੰਘ, ਸ਼ਹਿਰੀ ਸਕੱਤਰ ਐੱਮ ਐੱਸ ਭਾਟੀਆ, ਸਹਾਇਕ ਸ਼ਹਿਰੀ ਸਕੱਤਰ ਵਿਜੇ ਕੁਮਾਰ, ਵਿਨੋਦ ਕੁਮਾਰ ਅਤੇ ਕੁਲਵੰਤ ਕੌਰ ਨੇ ਸਾਂਝੇ ਬਿਆਨ ’ਚ ਕਿਹਾ ਕਿ ਸਿਹਤ ਸੇਵਾਵਾਂ ਵਿੱਚ ਜੋ ਪਿਛਲੇ ਸਮੇਂ ਵਿੱਚ ਨਿੱਜੀਕਰਨ ਦੇ ਤਹਿਤ ਸਰਕਾਰੀ ਹਸਪਤਾਲਾਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਲਈ ਪੀ ਪੀ ਪੀ ਤਹਿਤ ਹੋਏ ਸਮਝੌਤਿਆਂ ਨੂੰ ਰੱਦ ਕਰਕੇ ਸਰਕਾਰ ਆਪ ਉਨ੍ਹਾਂ ਨੂੰ ਚਲਾਵੇ ਅਤੇ ਉਹਨਾਂ ਵਿੱਚ ਲੋੜ ਮੁਤਾਬਕ ਡਾਕਟਰ ਅਤੇ ਹੋਰ ਸਟਾਫ ਭਰਤੀ ਕਰੇ। ਸਿੱਖਿਆ ਦੇ ਖੇਤਰ ਵਿੱਚ ਵੀ ਸਰਕਾਰ ਨੂੰ ਪਹਿਲ ਕਰਕੇ ਸਕੂਲਾਂ ਵਿੱਚ ਅਧਿਆਪਕਾਂ ਦੀ ਗਿਣਤੀ ਨੂੰ ਪੂਰਾ ਕਰਨਾ ਚਾਹੀਦਾ ਹੈ। ਪਾਰਟੀ ਦਾ ਹਮੇਸ਼ਾ ਹੀ ਇਹ ਵਿਚਾਰ ਰਿਹਾ ਹੈ ਕਿ ਮੁਢਲਾ ਢਾਂਚਾ ਸਰਕਾਰੀ ਖੇਤਰ ਵਿੱਚ ਹੋਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਹੀ ਸਿਹਤ ਸੇਵਾਵਾਂ ਅਤੇ ਸਿੱਖਿਆ ਵੀ ਸਰਕਾਰੀ ਖੇਤਰ ਵਿੱਚ ਹੋਣੀਆਂ ਚਾਹੀਦੀਆਂ ਹਨ, ਤਾਂ ਕਿ ਸਾਰਿਆਂ ਨੂੰ ਮੁਫਤ ਤੇ ਮਿਆਰੀ ਸਹੂਲਤਾਂ ਮਿਲ ਸਕਣ। ਸਰਕਾਰੀ ਸਿੱਖਿਆ ਖੇਤਰ ਵਿੱਚ ਕਾਮਨ ਸਕੂਲ ਸਿਸਟਮ ਲਾਗੂ ਕੀਤਾ ਜਾਵੇ। ਪਾਰਟੀ ਨੇ ਇਹ ਵੀ ਮੰਗ ਕੀਤੀ ਕਿ ਠੇਕੇਦਾਰੀ ਪ੍ਰਬੰਧ ਸਮਾਪਤ ਕਰਕੇ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਏ।