ਇਸ ਤਰ੍ਹਾਂ ਜਾਪਦਾ ਹੈ ਕਿ ਸਾਰੇ ਬਲਾਤਕਾਰੀ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ। ਪ੍ਰਧਾਨ ਮੰਤਰੀ ਦੇ ਲੋਕ ਸਭਾ ਹਲਕੇ ਵਿਚਲੀ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਆਈ ਆਈ ਟੀ ਵਿੱਚ ਬੀਤੀ 1 ਨਵੰਬਰ ਨੂੰ ਤਿੰਨ ਗੁੰਡਿਆਂ ਵੱਲੋਂ ਇੱਕ ਵਿਦਿਆਰਥਣ ਨਾਲ ਜਿਨਸੀ ਦੁਰਵਿਹਾਰ ਕੀਤਾ ਗਿਆ ਸੀ। ਪੀੜਤ ਵਿਦਿਆਰਥਣ ਮੁਤਾਬਕ ਮੋਟਰਸਾਈਕਲ ਉੱਤੇ ਆਏ ਤਿੰਨ ਬਦਮਾਸ਼ਾਂ ਨੇ ਉਸ ਦੇ ਕੱਪੜੇ ਉਤਾਰ ਕੇ ਉਸ ਨਾਲ ਜਿਨਸੀ ਛੇੜਛਾੜ ਕੀਤੀ ਤੇ ਵੀਡੀਓ ਬਣਾਇਆ। ਅਗਲੇ ਦਿਨ ਵਿਦਿਆਰਥੀਆਂ ਨੇ ਸੰਸਥਾ ਦੇ ਡਾਇਰੈਕਟਰ ਦੇ ਦਫ਼ਤਰ ਮੂਹਰੇ ਧਰਨਾ ਲਾ ਦਿੱਤਾ। ਦੇਸ਼ ਪੱਧਰ ਉੱਤੇ ਮਾਮਲਾ ਗਰਮ ਹੋਣ ਉੱਤੇ ਵੀ ਕੋਈ ਕਾਰਵਾਈ ਨਹੀਂ ਹੋਈ।
ਦੋ ਮਹੀਨੇ ਬੀਤ ਜਾਣ ਤੋਂ ਬਾਅਦ ਜਨਤਕ ਦਬਾਅ ਹੇਠ ਹੁਣ ਜਦੋਂ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤਾਂ ਸਮਝ ਵਿੱਚ ਆ ਗਿਆ ਹੈ ਕਿ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਤੋਂ ਪੁਲਸ ਕਿਉਂ ਝਿਜਕ ਰਹੀ ਸੀ। ਅਸਲ ਵਿੱਚ ਇਹ ਬਲਾਤਕਾਰੀ ਭਾਜਪਾ ਦੇ ਹੀ ਪਾਲੇ ਹੋਏ ਗੁੰਡੇ ਸਨ। ਇਨ੍ਹਾਂ ਦੀਆਂ ਤਸਵੀਰਾਂ ਪ੍ਰਧਾਨ ਮੰਤਰੀ ਮੋਦੀ, ਮੁੱਖ ਮੰਤਰੀ ਯੋਗੀ ਅਤੇ ਮਹਿਲਾ ਤੇ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਨਾਲ ਸੋਸ਼ਲ ਮੀਡੀਆ ਦਾ ਸ਼ਿੰਗਾਰ ਬਣੀਆਂ ਹੋਈਆਂ ਹਨ।
ਕਾਂਗਰਸ ਨੇ ਕਿਹਾ ਹੈ ਕਿ ਵਿਦਿਆਰਥਣ ਨਾਲ ਗੈਂਗਰੇਪ ਕਰਨ ਵਾਲੇ 60 ਦਿਨ ਬਾਅਦ ਫੜੇ ਗਏ, ਇਹ ਸਾਰੇ ਭਾਜਪਾ ਦੇ ਅਹੁਦੇਦਾਰ ਹਨ। ਇਹ ਸਾਰੇ ਭਾਜਪਾ ਦੇ ਉੱਚ ਆਗੂਆਂ ਦੇ ਕਰੀਬੀ ਹਨ। ਇਹ ਪ੍ਰਧਾਨ ਮੰਤਰੀ ਨੂੰ ਸਿੱਧੇ ਮਿਲਦੇ ਰਹੇ ਹਨ। ਇਹੋ ਭਾਜਪਾ ਦਾ ਚਾਲ-ਚਲਿੱਤਰ ਹੈ। ਇਸ ਦੇ ਨਾਲ ਹੀ ਕਾਂਗਰਸ ਨੇ ਇਨ੍ਹਾਂ ਦੋਸ਼ੀਆਂ ਦੀਆਂ ਨਰਿੰਦਰ ਮੋਦੀ, ਯੋਗੀ ਆਦਿਤਿਆਨਾਥ ਤੇ ਸਮ੍ਰਿਤੀ ਈਰਾਨੀ ਨਾਲ ਫੋਟੋਆਂ ਜਾਰੀ ਕੀਤੀਆਂ ਹਨ।
ਪੁਲਸ ਅਧਿਕਾਰੀਆਂ ਮੁਤਾਬਕ ਦੋਸ਼ੀਆਂ ਦੀ ਪਛਾਣ ਕੁਣਾਲ ਪਾਂਡੇ, ਆਨੰਦ ਚੌਹਾਨ ਤੇ ਸਕਸ਼ਮ ਪਟੇਲ ਵਜੋਂ ਹੋਈ ਹੈ। ਇਹ ਸਾਰੇ ਵਾਰਾਨਸੀ ਦੇ ਰਹਿਣ ਵਾਲੇ ਹਨ। ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਹੈ, ‘ਇਹ ਹਨ ਭਾਜਪਾ ਦੇ ਵੱਡੇ ਆਗੂਆਂ ਦੀ ਛਤਰਛਾਇਆ ਹੇਠ ਸਰੇਆਮ ਪਲਦੇ ਭਾਜਪਾਈਆਂ ਦੀ ਨਵੀਂ ਫ਼ਸਲ। ਜਨਤਾ ਦੇ ਦਬਾਅ ਕਾਰਨ ਆਖਰ ਦੁਸ਼ਕਰਮੀਆਂ ਨੂੰ ਗ੍ਰਿਫ਼ਤਾਰ ਕਰਨਾ ਪਿਆ।’
‘ਇੰਡੀਅਨ ਐੱਕਸਪ੍ਰੈੱਸ’ ਦੀ ਖ਼ਬਰ ਮੁਤਾਬਕ ਵਿਦਿਆਰਥਣ ਨੇ 2 ਨਵੰਬਰ ਨੂੰ ਪੁਲਸ ਕੋਲ ਸ਼ਿਕਾਇਤ ਦਰਜ ਕਰਾਈ ਸੀ। ਉਸ ਨੇ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਹ 1 ਤੇ 2 ਦੀ ਦਰਮਿਆਨੀ ਰਾਤ ਨੂੰ ਹੋਸਟਲ ਦੇ ਬਾਹਰ ਘੁੰਮ ਰਹੀ ਸੀ। ਇੱਕ ਮੋਟਰਸਾਈਕਲ ਉਤੇ ਤਿੰਨ ਬਦਮਾਸ਼ ਆਏ ਤੇ ਉਸ ਨੂੰ ਫੜ ਕੇ ਇੱਕ ਕੋਨੇ ਵਿੱਚ ਲੈ ਗਏ। ਉਨ੍ਹਾਂ ਮੇਰੇ ਕੱਪੜੇ ਉਤਾਰ ਦਿੱਤੇ ਤੇ ਮੇਰੇ ਨਾਲ ਬਦਤਮੀਜ਼ੀ ਕੀਤੀ। ਕੁਝ ਸਮੇਂ ਬਾਅਦ ਜਦੋਂ ਉਨ੍ਹਾਂ ਮੈਨੂੰ ਛੱਡਿਆ ਤਾਂ ਮੈਂ ਇੱਕ ਪ੍ਰੋਫ਼ੈਸਰ ਦੀ ਰਿਹਾਇਸ਼ ਅੰਦਰ ਗਈ, ਜੋ ਮੈਨੂੰ ਥਾਣੇ ਲੈ ਕੇ ਆਇਆ। ਪੁਲਸ ਨੇ ਪਹਿਲਾਂ ਸਿਰਫ਼ ਨਿਰਵਸਤਰ ਕਰਨ ਦਾ ਕੇਸ ਦਰਜ ਕੀਤਾ। ਬਾਅਦ ਵਿੱਚ ਜਨਤਕ ਦਬਾਅ ਹੇਠ ਸਮੂਹਿਕ ਬਲਾਤਕਾਰ ਦੀ ਧਾਰਾ ਜੋੜੀ ਗਈ ਸੀ। ਇਸ ਘਟਨਾ ਤੋਂ ਦੋ ਦਿਨ ਪਹਿਲਾਂ 30 ਅਕਤੂਬਰ ਨੂੰ ਵੀ ਅਜਿਹੀ ਹੀ ਘਟਨਾ ਵਾਪਰੀ ਸੀ। ਇਸ ਦੀ ਸੂਚਨਾ ਪ੍ਰਾਕਟਰ ਦਫ਼ਤਰ ਨੂੰ ਦਿੱਤੀ ਗਈ ਸੀ, ਪਰ ਉਸ ਉੱਤੇ ਕੋਈ ਕਾਰਵਾਈ ਨਾ ਕੀਤੀ ਗਈ। ਯੂਨੀਵਰਸਿਟੀ ਪ੍ਰਸ਼ਾਸਨ ਜੇ ਉਸ ਘਟਨਾ ਨੂੰ ਸੰਜੀਦਗੀ ਨਾਲ ਲੈਂਦਾ ਤਾਂ ਦੂਜੀ ਘਟਨਾ ਨਾ ਘਟਦੀ।