17.1 C
Jalandhar
Thursday, November 21, 2024
spot_img

ਗੈਰ-ਐੱਸ ਕੇ ਐੱਮ ਜਥੇਬੰਦੀਆਂ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ

ਜੰਡਿਆਲਾ ਗੁਰੂ : ਇਥੋਂ ਦੀ ਦਾਣਾ ਮੰਡੀ ਵਿੱਚ ਉਤਰੀ ਭਾਰਤ ਦੀਆਂ 18 ਕਿਸਾਨ-ਮਜ਼ਦੂਰ ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਦੇ ਸਾਂਝੇ ਸੱਦੇ ’ਤੇ ਮੰਗਲਵਾਰ ਹੋਈ ਮਹਾਂ ਰੈਲੀ ਵਿੱਚ 13 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਇਕੱਠ ਕੇਂਦਰ ਸਰਕਾਰ ਤੋਂ ਮੰਗ ਕਰਦਾ ਹੈ ਕਿ ਸਾਰੀਆਂ ਫਸਲਾਂ ਦੀ ਖਰੀਦ ’ਤੇ ਐੱਮ ਐੱਸ ਪੀ ਗਾਰੰਟੀ ਕਾਨੂੰਨ ਬਣਾ ਕੇ ਫਸਲਾਂ ਦੇ ਭਾਅ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਦਿੱਤੇ ਜਾਣ, ਫਸਲੀ ਬੀਮਾ ਯੋਜਨਾ ਸਰਕਾਰ ਵੱਲੋਂ ਲਾਗੂ ਕੀਤੀ ਜਾਵੇ, ਕਿਸਾਨ ਅਤੇ ਖੇਤ ਮਜ਼ਦੂਰ ਦੀ ਪੂਰਨ ਕਰਜ਼-ਮੁਕਤੀ ਕੀਤੀ ਜਾਵੇ, ਜ਼ਮੀਨ ਐਕਵਾਇਰ ਕਰਨ ਸੰਬੰਧੀ 2013 ਦੇ ਕਨੂੰਨ ਵਿੱਚ ਸਾਲ 2015 ਦੌਰਾਨ ਕੀਤੀਆਂ ਸੋਧਾਂ ਰੱਦ ਕਰਕੇ ਇਸ ਨੂੰ ਪਹਿਲੇ ਰੂਪ ਵਿੱਚ ਲਾਗੂ ਕੀਤਾ ਜਾਵੇ, ਵਿਸ਼ਵ ਵਪਾਰ ਸੰਸਥਾ ਨਾਲ ਕੀਤੇ ਸਮਝੌਤਿਆਂ ਵਿੱਚੋਂ ਭਾਰਤ ਬਾਹਰ ਆਵੇ ਅਤੇ ਭਾਰਤ ਦੇ ਕਿਸਾਨ ਦੀ ਕੁਲ ਫਸਲ ਪਹਿਲ ਦੇ ਅਧਾਰ ’ਤੇ ਖਰੀਦੀ ਜਾਵੇ, 58 ਸਾਲ ਦੀ ਉਮਰ ਦੇ ਕਿਸਾਨ ਅਤੇ ਖੇਤ ਮਜ਼ਦੂਰ ਦੀ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਬਿਜਲੀ ਬਿੱਲ 2020 ਨੂੰ ਪੂਰੀ ਤਰ੍ਹਾਂ ਰੱਦ ਕੀਤਾ ਜਾਵੇ, ਲਖੀਮਪੁਰ ਖੀਰੀ ਕਤਲ ਕਾਂਡ ਦਾ ਇਨਸਾਫ ਕੀਤਾ ਜਾਵੇ, ਦਿੱਲੀ ਮੋਰਚੇ ਦੌਰਾਨ ਪਾਏ ਪੁਲਸ ਕੇਸ ਰੱਦ ਕੀਤੇ ਜਾਣ। ਇਸ ਇਕੱਠ ਵਿੱਚ ਮਤੇ ਪਾ ਕੇ ਮੰਗ ਕੀਤੀ ਗਈ ਕਿ ਸੂਬੇ ਅੰਦਰ ਨਸ਼ੇ ਕਾਰਨ ਹੋ ਰਹੀਆਂ ਮੌਤਾਂ ’ਤੇ ਇਕੱਠ ਚਿੰਤਾ ਕਰਦਾ ਹੈ ਅਤੇ ਕੇਂਦਰ ਸਮੇਤ ਸੂਬਾ ਸਰਕਾਰ ਤੋਂ ਮੰਗ ਕਰਦਾ ਹੈ ਕਿ ਨਸ਼ੇ ਉਪਰ ਪੂਰਨ ਤੌਰ ’ਤੇ ਪਾਬੰਦੀ ਲੱਗੇ ਅਤੇ ਪੀੜਤ ਨੌਜਵਾਨਾਂ ਦਾ ਇਲਾਜ ਕਰਵਾ ਕੇ ਮੁੜ-ਵਸੇਬਾ ਕੀਤਾ ਜਾਵੇ। ਖੇਤੀ ਜਿਣਸਾਂ ਅਤੇ ਹਰ ਤਰ੍ਹਾਂ ਦੇ ਵਪਾਰ ਲਈ ਵਾਹਗਾ ਅਤੇ ਅਟਾਰੀ ਬਾਰਡਰ ਖੋਲ੍ਹੇ ਜਾਣ, ਇਹ ਵਪਾਰ ਲਾਈਨਾਂ ਖੇਤੀਬਾੜੀ ਨਾਲ ਜੁੜੀਆਂ ਹੋਈਆਂ ਸਨ। ਇਨ੍ਹਾਂ ਨੂੰ ਬੰਦ ਕਰਨ ਦੀ ਬਜਾਏ ਉਨ੍ਹਾਂ ਨੂੰ ਵਧਾ ਕੇ ਚਾਲੂ ਰੱਖਿਆ ਜਾਵੇ। ਧੂਰੀ ਮਿਲ, ਸੇਰੋਂ ਗੰਨਾ ਮਿੱਲ ਤੇ ਹੋਰ ਨਰਮੇ ਨਾਲ ਸੰਬੰਧਤ ਸਨਅਤਾਂ ਨੂੰ ਕਾਇਮ ਰੱਖਿਆ ਜਾਵੇ। ਲਖੀਮਪੁਰ ਕਤਲ ਕਾਂਡ ਦੇ ਮੁਲਜ਼ਮ ਅਜੈ ਮਿਸ਼ਰਾ ਦੇ ਲਖੀਮਪੁਰ ਦੇ ਗੁਰਦੁਆਰੇ ਵਿੱਚ ਕੀਤੇ ਸਨਮਾਨ ਦੀ ਇਕੱਠ ਨਿੰਦਾ ਕਰਦਾ ਹੈ ਅਤੇ ਸਿੰਘ ਸਾਹਿਬ ਨੂੰ ਅਪੀਲ ਕਰਦਾ ਹੈ ਕਿ ਅਜਿਹੇ ਕਿਸੇ ਵਿਅਕਤੀ ਨੂੰ ਗੁਰੂ ਘਰ ਤੋਂ ਸਨਮਾਨਤ ਕਰਨ ’ਤੇ ਰੋਕ ਲਾਉਣ ਲਈ ਹੁਕਮਨਾਮਾ ਜਾਰੀ ਕਰਨ। ਜਨਤਕ ਖੇਤਰ ਵਿੱਚ ਪੱਕੀ ਭਰਤੀ ਯਕੀਨੀ ਬਣਾਈ ਜਾਵੇ। ਡਰਾਈਵਰ ਭਾਈਚਾਰੇ ਵੱਲੋਂ ਕੀਤੀ ਹੜਤਾਲ ਦਾ ਇਹ ਇਕੱਠ ਸਮਰਥਨ ਕਰਦਾ ਹੈ ਅਤੇ ਹਿੱਟ ਐਂਡ ਰਨ ਕਾਨੂੰਨ ’ਤੇ ਮੁੜਵਿਚਾਰ ਦੀ ਅਪੀਲ ਕਰਦਾ ਹੈ।
ਬੁਲਾਰਿਆਂ ਨੇ ਪੰਜਾਬੀਆਂ ਨੂੰ ਮਾਲਵੇ ਦੀ ਧਰਤੀ ’ਤੇ 6 ਜਨਵਰੀ ਦੀ ਮਹਾਂ ਰੈਲੀ ਵਿੱਚ ਵਧ-ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਪੰਜਾਬ ਸਮੇਤ ਵੱਖ-ਵੱਖ ਰਾਜਾਂ ਦੀਆਂ ਜਥੇਬੰਦੀਆਂ ਤੋਂ ਸਰਵਣ ਸਿੰਘ ਪੰਧੇਰ, ਜਗਜੀਤ ਸਿੰਘ ਡੱਲੇਵਾਲ, ਜਸਵਿੰਦਰ ਸਿੰਘ ਲੌਂਗੋਵਾਲ, ਬਲਦੇਵ ਸਿੰਘ ਜ਼ੀਰਾ, ਓਂਕਾਰ ਸਿੰਘ, ਮਲਕੀਤ ਸਿੰਘ, ਚਮਕੌਰ ਸਿੰਘ, ਗੁਰਧਿਆਨ ਸਿੰਘ, ਦੇਸਰਾਜ ਮੋਦਗਿੱਲ, ਗੁਰਮੀਤ ਸਿੰਘ ਮਾਂਗਟ, ਅਮਰਜੀਤ ਸਿੰਘ ਮੋਹੜੀ, ਇੰਦਰਜੀਤ ਸਿੰਘ ਕੋਟ ਬੁੱਢਾ, ਸੁਖਜਿੰਦਰ ਸਿੰਘ ਖੋਸਾ, ਲਖਵਿੰਦਰ ਸਿੰਘ ਸਿਰਸਾ, ਬਲਦੇਵ ਸਿੰਘ ਸਿਰਸਾ, ਦਵਿੰਦਰ ਸਿੰਘ ਡੱਫਰ, ਹਰਪ੍ਰੀਤ ਸਿੰਘ ਸੰਧੂ, ਅਤਰ ਸਿੰਘ ਕੋਟਲਾ ਤੇ ਸਤਨਾਮ ਸਿੰਘ ਬਾਗੜੀਆਂ ਨੇ ਸੰਬੋਧਨ ਕੀਤਾ। ਸਟੇਜ ਸੰਚਾਲਨ ਕਮੇਟੀ ਵਿਚ ਦਿਲਬਾਗ ਸਿੰਘ ਹਰੀਗੜ੍ਹ, ਹਰਵਿੰਦਰ ਸਿੰਘ ਮਸਾਣੀਆਂ, ਸੁਰਿੰਦਰ ਸਿੰਘ, ਦਵਿੰਦਰ ਸਿੰਘ, ਕਰਮਜੀਤ ਸਿੰਘ ਨੰਗਲੀ, ਨਰਿੰਦਰ ਸਿੰਘ ਕੋਟਲਾ ਬਾਮਾ ਸ਼ਾਮਲ ਰਹੇ ਅਤੇ ਸੁਖਵਿੰਦਰ ਸਿੰਘ ਸਭਰਾ ਨੇ ਸਟੇਜ ਸਕੱਤਰ ਦੀ ਡਿਊਟੀ ਨਿਭਾਈ।

Related Articles

LEAVE A REPLY

Please enter your comment!
Please enter your name here

Latest Articles