14.5 C
Jalandhar
Friday, November 22, 2024
spot_img

ਪੰਜਾਬ ਸਰਕਾਰ ਨਾਲ ਵਾਰਤਾ ਲਈ ਕਿਸਾਨ ਆਗੂਆਂ ਦੇ ਨਾਂਅ ਤੈਅ

ਸ਼ਾਹਕੋਟ (ਗਿਆਨ ਸੈਦਪੁਰੀ)-ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨਾਲ ਸੰਬੰਧਤ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ, ਲੁਧਿਆਣਾ ਵਿਖੇ ਬਲਦੇਵ ਸਿੰਘ ਨਿਹਾਲਗੜ੍ਹ, ਰੂਪ ਸਿੰਘ ਬਸੰਤ ਅਤੇ ਮਲੂਕ ਸਿੰਘ ਹੀਰਕੇ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚਾ ਵੱਲੋਂ 10 ਤੋਂ 20 ਜਨਵਰੀ ਤੱਕ ਪਿੰਡ ਦੇ ਹਰ ਘਰ ਤੱਕ ਕਿਸਾਨੀ ਮੰਗਾਂ ਲਈ ਪ੍ਰਚਾਰ ਲੈ ਕੇ ਜਾਣ ਅਤੇ 26 ਜਨਵਰੀ ਨੂੰ ਜ਼ਿਲ੍ਹਾ ਅਤੇ ਤਹਿਸੀਲ ਪੱਧਰੀ ਟਰੈਕਟਰ ਪਰੇਡ ਕਰਨ ਦੇ ਸੱਦੇ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ।
ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ ਪੰਜਾਬ ਵਿੱਚ ਕੀਤੀ ਜਾਣ ਵਾਲੀ ਕੌਮੀ ਕਨਵੈਨਸ਼ਨ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕੀਤੀ ਜਾਵੇਗੀ, ਜਿਸ ਦੀ ਮਿਤੀ ਦਾ ਐਲਾਨ ਕੌਮੀ ਤਾਲਮੇਲ ਕਮੇਟੀ ਵੱਲੋਂ ਅਗਲੇ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ। ਇਸ ਕਨਵੈਨਸ਼ਨ ਵਿੱਚ ਅਗਲੇ ਸੰਘਰਸ਼ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ।ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ ਹੇਠ ਬਣਾਈ ਗਈ ਸਬ-ਕਮੇਟੀ ਵਿੱਚ ਐੱਸ ਕੇ ਐੱਮ ਵੱਲੋਂ ਸ਼ਾਮਲ ਹੋਣ ਵਾਲੇ 9 ਕਿਸਾਨ ਆਗੂਆਂ ਦੇ ਨਾਂਅ ਵੀ ਫਾਈਨਲ ਕਰਕੇ ਪੰਜਾਬ ਸਰਕਾਰ ਨੂੰ ਭੇਜੇ ਗਏ ਹਨ। ਇਨ੍ਹਾਂ ਵਿਚ ਹਰਿੰਦਰ ਸਿੰਘ ਲੱਖੋਵਾਲ, ਡਾ. ਦਰਸ਼ਨ ਪਾਲ, ਰੁਲਦੂ ਸਿੰਘ ਮਾਨਸਾ, ਬੂਟਾ ਸਿੰਘ ਬੁਰਜ ਗਿੱਲ, ਸਤਨਾਮ ਸਿੰਘ ਸਾਹਨੀ, ਸਤਨਾਮ ਸਿੰਘ ਅਜਨਾਲਾ, ਬਲਦੇਵ ਸਿੰਘ ਨਿਹਾਲਗੜ੍ਹ, ਮਲੂਕ ਸਿੰਘ ਹੀਰਕੇ ਅਤੇ ਰਾਮਿੰਦਰ ਸਿੰਘ ਪਟਿਆਲਾ ਸ਼ਾਮਲ ਹਨ।
ਵਰਨਣਯੋਗ ਹੈ ਕਿ ਉਪਰੋਕਤ ਸਬ-ਕਮੇਟੀ ਬਣਾਉਣ ਬਾਰੇ ਪੰਜਾਬ ਸਰਕਾਰ ਅਤੇ ਸੰਯੁਕਤ ਕਿਸਾਨ ਮੋਰਚਾ ਵਿੱਚ ਸਹਿਮਤੀ 19 ਦਸੰਬਰ ਨੂੰ ਮੁੱਖ ਮੰਤਰੀ ਨਾਲ ਹੋਈ ਕਿਸਾਨ ਜਥੇਬੰਦੀਆਂ ਦੀ ਪੈਨਲ ਮੀਟਿੰਗ ਵਿੱਚ ਬਣੀ ਸੀ। ਇਸ ਸਬ-ਕਮੇਟੀ ਨੇ ਕਿਸਾਨ ਮੰਗਾਂ ਦੇ ਹੱਲ ਲਈ ਵਿਚਾਰ-ਵਟਾਂਦਰਾ ਅਤੇ ਉਨ੍ਹਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਵਾਉਣ ਦੀ ਦਿਸ਼ਾ ਵਿੱਚ ਕੰਮ ਕਰਨਾ ਹੈ।
ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਵਿੱਚ ਟਰੱਕ ਡਰਾਈਵਰਾਂ ਵੱਲੋਂ ਹਿੱਟ ਐਂਡ ਰਨ ਮਾਮਲੇ ਤੇ ਨਵੇਂ ਫੌਜਦਾਰੀ ਵਿਧਾਨ ਵਿੱਚ 10 ਸਾਲ ਦੀ ਸਖਤ ਸਜ਼ਾ ਅਤੇ ਪੰਜ ਲੱਖ ਰੁਪਏ ਜੁਰਮਾਨਾ ਕਰਨ ਦੀ ਮੱਦ ਵਿਰੁੱਧ ਕੀਤੀ ਹੜਤਾਲ ਦਾ ਸਮਰਥਨ ਕਰਨ ਦਾ ਮਤਾ ਪਾਸ ਕੀਤਾ ਗਿਆ। ਮੋਰਚੇ ਨੇ ਕਿਹਾ ਕਿ ਜ਼ਿਆਦਾਤਰ ਸੜਕੀ ਦੁਰਘਟਨਾਵਾਂ ਖਰਾਬ ਅਤੇ ਟੁੱਟੀਆਂ ਸੜਕਾਂ ਅਤੇ ਆਵਾਜਾਈ ਦੇ ਮਾੜੇ ਪ੍ਰਬੰਧ ਕਰਕੇ ਵਾਪਰਦੀਆਂ ਹਨ। ਆਵਾਜਾਈ ਦੇ ਸੰਕੇਤਾਂ ਦੇ ਰੱਖ-ਰਖਾਓ ਵਿੱਚ ਅਣਗਹਿਲੀ ਆਮ ਵਰਤਾਰਾ ਹੈ, ਜਿਸ ਦਾ ਦੁਰਘਟਨਾ ਪੀੜਤ ਅਤੇ ਡਰਾਈਵਰ ਦੋਵੇਂ ਸ਼ਿਕਾਰ ਹੁੰਦੇ ਹਨ। ਸਰਕਾਰ ਵੱਲੋਂ ਇਸ ਮਾੜੇ ਪ੍ਰਬੰਧ ਨੂੰ ਸੁਧਾਰਨ ਦੀ ਥਾਂ ਸਖਤ ਸਜ਼ਾਵਾਂ ਦੀ ਵਿਵਸਥਾ ਆਪਣੀ ਜ਼ਿੰਮੇਵਾਰੀ ਤੋਂ ਮੂੰਹ ਮੋੜਨ ਦੇ ਬਰਾਬਰ ਹੈ। ਮੀਟਿੰਗ ਵਿੱਚ ਪ੍ਰਧਾਨਗੀ ਮੰਡਲ ਤੋਂ ਇਲਾਵਾ ਹਰਿੰਦਰ ਸਿੰਘ ਲੱਖੋਵਾਲ, ਆਈ ਐੱਸ ਗੁਲਾਟੀ, ਵੀਰ ਸਿੰਘ ਬੜਵਾ, ਸਤਨਾਮ ਸਿੰਘ ਅਜਨਾਲਾ, ਡਾ. ਦਰਸ਼ਨ ਪਾਲ, ਸਤਨਾਮ ਸਿੰਘ ਸਾਹਨੀ, ਹਰਦੇਵ ਸਿੰਘ ਸੰਧੂ, ਮਨਜੀਤ ਸਿੰਘ ਧਨੇਰ, ਨਿਰਭੈ ਸਿੰਘ ਢੁੱਡੀਕੇ, ਨਿਰਵੈਲ ਸਿੰਘ ਡਾਲੇਕੇ, ਬੂਟਾ ਸਿੰਘ ਬੁਰਜ ਗਿੱਲ, ਰੁਲਦੂ ਸਿੰਘ ਮਾਨਸਾ, ਸਤਨਾਮ ਸਿੰਘ ਸੰਧੂ, ਬਲਵਿੰਦਰ ਸਿੰਘ ਰਾਜੂ ਔਲਖ, ਬਿੰਦਰ ਸਿੰਘ ਗੋਲੇਵਾਲਾ ਤੇ ਸੁੱਖ ਗਿੱਲ ਮੋਗਾ ਆਦਿ ਸ਼ਾਮਲ ਸਨ।

Related Articles

LEAVE A REPLY

Please enter your comment!
Please enter your name here

Latest Articles