ਸੰਗਰੂਰ, (ਪ੍ਰਵੀਨ ਸਿੰਘ) -ਸੀ ਪੀ ਆਈ ਜ਼ਿਲ੍ਹਾ ਸੰਗਰੂਰ ਵੱਲੋਂ ਸਤਵੰਤ ਸਿੰਘ ਖੰਡੇਵਾਦ, ਮਨਿੰਦਰ ਸਿੰਘ ਧਾਲੀਵਾਲ ਤੇ ਭਰਪੂਰ ਸਿੰਘ ਬੁੱਲਾਂਪੁਰ ’ਤੇ ਅਧਾਰਤ ਪ੍ਰਧਾਨਗੀ ਮੰਡਲ ਦੀ ਪ੍ਰਧਾਨਗੀ ਹੇਠ ਭਾਨ ਸਿੰਘ ਭੌਰਾ ਦੀ 19ਵੀਂ ਬਰਸੀ ਮਨਾਈ ਗਈ। ਵਿਛੜੇ ਆਗੂਆਂ ਦੀ ਯਾਦ ਵਿੱਚ ਸ਼ਰਧਾਂਜਲੀ ਭੇਟ ਕੀਤੀ ਗਈ। ਕਾਨਫਰੰਸ ਸ਼ੁਰੂ ਕਰਨ ਤੋਂ ਪਹਿਲਾਂ ਸੀ ਪੀ ਆਈ ਦਾ ਲਾਲ ਝੰਡਾ ਬੀਬੀ ਕੁਸ਼ਲ ਭੌਰਾ ਨੇ ਲਹਿਰਾਇਆ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੂਬਾ ਸੀ ਪੀ ਆਈ ਸਕੱਤਰੇਤ ਦੇ ਮੈਂਬਰ ਅਤੇ ਰੁਜ਼ਗਾਰ ਪ੍ਰਾਪਤੀ ਚੇਤਨਾ ਮੁਹਿੰਮ ਦੇ ਸਲਾਹਕਾਰ ਜਗਰੂਪ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇਸ਼ ਅੰਦਰ ਫਾਸ਼ੀਵਾਦ ਰੁਝਾਨ ਤਿੱਖਾ ਹੋਇਆ ਹੈ। ਫਿਰਕਾਪ੍ਰਸਤੀ ਦੇਸ਼ ਲਈ ਘਾਤਕ ਸਿੱਧ ਹੋ ਰਹੀ ਹੈ। ਦੇਸ਼ ਅੰਦਰ ਬੇਰੁਜ਼ਗਾਰੀ ਜੋਬਨ ’ਤੇ ਹੈ। ਅੱਜ ਦੇਸ਼ ਅੰਦਰ ਕਾਰਪੋਰੇਟਸ ਦਾ ਬੋਲਬਾਲਾ ਹੈ। ਦੇਸ਼ ਦੇ ਕੁਦਰਤੀ ਸੋਮਿਆਂ ਨੂੰ ਵੇਚਿਆ ਜਾ ਰਿਹਾ ਹੈ। ਕਿਸਾਨਾਂ ਦੇ ਮਸਲੇ ਹੱਲ ਨਹੀਂ ਹੋ ਰਹੇ, ਘੱਟ ਗਿਣਤੀਆਂ ’ਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਭਾਜਪਾ ਦੇ ਗੁੰਡੇ ਨੌਜਵਾਨ ਕੁੜੀਆਂ ਨਾਲ ਸਰੇਆਮ ਬਲਾਤਕਾਰ ਕਰ ਰਹੇ ਸਨ।
ਬੀਬੀ ਕੁਸ਼ਲ ਭੌਰਾ ਨੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਅੰਦਰ ਔਰਤਾਂ ਖਾਸ ਕਿਰਤੀ ਵਰਗ ਦੀਆਂ ਔਰਤਾਂ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਔਰਤਾਂ ਲਈ ਪਹਿਲਾਂ ਤਾਂ ਰੁਜ਼ਗਾਰ ਦੇ ਮੌਕੇ ਹੀ ਖਤਮ ਕੀਤੇ ਜਾ ਰਹੇ ਹਨ, ਜੇਕਰ ਕਿਤੇ ਹਨ ਤਾਂ ਉੱਥੇ ਜਾਣਾ ਅਤੇ ਕੰਮ ਦੇ ਸਮੇਂ ਔਰਤਾਂ ਦੀ ਸੁਰੱਖਿਆ ਦੀ ਕੋਈ ਗਰੰਟੀ ਨਹੀਂ। ਦੇਸ਼ ਅੰਦਰ ਅਰਾਜਕਤਾ ਵਾਲਾ ਮਾਹੌਲ ਮੋਦੀ ਰਾਜ ਪੈਦਾ ਚੁੱਕਿਆ ਹੈ। ਸਮਾਂ ਇਹ ਮੰਗ ਕਰਦਾ ਹੈ ਕਿ ਔਰਤਾਂ ਪਾਰਟੀ ਦੇ ਝੰਡੇ ਹੇਠ ਲਾਮਬੰਦ ਹੋ ਕੇ ਸੰਘਰਸ਼ਾਂ ਵਿੱਚ ਹਿੱਸਾ ਪਾਉਣ। ਸੁਖਦੇਵ ਸ਼ਰਮਾ ਜ਼ਿਲ੍ਹਾ ਸਕੱਤਰ ਨੇ ਕਿਹਾ ਕਿ ਪੰਜਾਬ ਸਰਕਾਰ ਨਾਅਰੇ ਇਨਕਲਾਬ ਦੇ ਲਗਾਉਦੀ ਹੈ, ਪਰ ਕੰਮ ਕਾਰਪੋਰੇਟਾਂ ਦੇ ਹੱਕ ਵਿੱਚ ਕਰਦੀ ਹੈ। ਕਿਰਤੀਆਂ ਨੂੰ ਮਿਲਣ ਲਈ ਮੁੱਖ ਮੰਤਰੀ ਕੋਲ ਸਮਾਂ ਨਹੀਂ, ਪਰ ਹਰ ਥਾਂ ਫੋਟੋਆਂ ਲਾਈਆਂ ਜਾ ਰਹੀਆਂ ਹਨ। ਪੜ੍ਹੇ-ਲਿਖੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਉਹਨਾ ਕਿਹਾ ਕਿ ਉਹ ਨਿਰਾਸ਼ਤਾ ਵੱਲ ਜਾਣ ਦੀ ਥਾਂ ਆਪਣੇ ਹੱਕ-ਹਕੂਕਾਂ ਲਈ ਕਮਿਊਨਿਸਟ ਪਾਰਟੀ ਵੱਲੋਂ ਕੀਤੇ ਜਾ ਰਹੇ ਸੰਘਰਸ਼ ਵਿੱਚ ਹਿੱਸਾ ਪਾਉਣ।
ਕਾਨਫਰੰਸ ਵਿੱਚ ਹੋਰਨਾਂ ਤੋਂ ਇਲਾਵਾ ਭਾਨ ਸਿੰਘ ਭੌਰਾ ਦਾ ਪਰਵਾਰ, ਮੁਹੰਮਦ ਖਲੀਲ, ਲੀਲੇ ਖਾਂ, ਸੰਪੂਰਨ ਸਿੰਘ ਐਡਵੋਕੇਟ, ਬਿ੍ਰਜ ਲਾਲ, ਬਿਕਰਮਜੀਤ ਸਿੰਘ ਚੰਨੋ, ਨੌਜਵਾਨ ਆਗੂ ਨਵਜੀਤ ਸਿੰਘ, ਸੁਰਿੰਦਰ ਭੈਣੀ, �ਿਸ਼ਨ ਭੜੋ, ਹਰਿੰਦਰ ਸਿੰਘ, ਜਗਰੂਪ ਛਾਜਲੀ ਤੇ ਗੁਰਦਿਆਲ ਨਿਰਮਾਣ ਨੇ ਸੰਬੋਧਨ ਕੀਤਾ। ਸਟੇਜ ਦਾ ਸੰਚਾਲਨ ਨਿਰਮਲ ਸਿੰਘ ਬਟਰਿਆਣਾ ਨੇ ਕੀਤਾ।





