ਹੇਗ : ਦੱਖਣੀ ਅਫਰੀਕਾ ਨੇ ਸੰਯੁਕਤ ਰਾਸ਼ਟਰ ਦੀ ਸਿਖਰਲੀ ਅਦਾਲਤ ਵਿੱਚ ਕੇਸ ਦਾਇਰ ਕਰਕੇ ਦੋਸ਼ ਲਾਇਆ ਹੈ ਕਿ ਗਾਜ਼ਾ ਵਿੱਚ ਇਜ਼ਰਾਈਲ ਦੀ ਫੌਜੀ ਮੁਹਿੰਮ ਨਸਲਕੁਸ਼ੀ ਦੇ ਬਰਾਬਰ ਹੈ।
ਇਸ ਦੇ ਨਾਲ ਹੀ ਇਜ਼ਰਾਈਲ ਨੇ ਅੰਤਰਰਾਸ਼ਟਰੀ ਅਦਾਲਤ ਵਿੱਚ ਇਸ ਮਾਮਲੇ ਦਾ ਦਲੇਰੀ ਨਾਲ ਸਾਹਮਣਾ ਕਰਨ ਦਾ ਸੰਕਲਪ ਜਤਾਇਆ ਹੈ।
ਦੱਖਣੀ ਅਫ਼ਰੀਕਾ ਨੇ 84 ਪੰਨਿਆਂ ਦੀ ਪਟੀਸ਼ਨ ਵਿੱਚ ਕਿਹਾ ਹੈ ਕਿ ਇਜ਼ਰਾਈਲ ਦੀ ਕਾਰਵਾਈ ਨਸਲਕੁਸ਼ੀ ਕਿਸਮ ਦੀ ਹੈ, ਕਿਉਕਿ ਇਸ ਦੇ ਪਿੱਛੇ ਇਰਾਦਾ ਗਾਜ਼ਾ ਵਿੱਚ ਫਲਸਤੀਨ ਦੇ ਵੱਡੇ ਹਿੱਸੇ ਨੂੰ ਤਬਾਹ ਕਰਨਾ ਹੈ। ਪਟੀਸ਼ਨ ਵਿੱਚ ਅੰਤਰਰਾਸ਼ਟਰੀ ਅਦਾਲਤ ਨੂੰ ਇਹ ਐਲਾਨ ਕਰਨ ਦੀ ਬੇਨਤੀ ਕੀਤੀ ਗਈ ਹੈ ਕਿ ਇਜ਼ਰਾਈਲ ਨੇ ਨਸਲਕੁਸ਼ੀ ਕਨਵੈਨਸ਼ਨ ਦੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਦੀ ਉਲੰਘਣਾ ਕੀਤੀ ਹੈ ਅਤੇ ਲਗਾਤਾਰ ਉਲੰਘਣਾ ਕਰ ਰਿਹਾ ਹੈ। ਹਮਲਾਵਰ ਕਾਰਵਾਈਆਂ ਨੂੰ ਤੁਰੰਤ ਬੰਦ ਕਰਨ ਦੇ ਆਦੇਸ਼ ਵੀ ਦਿੱਤੇ ਜਾਣੇ ਚਾਹੀਦੇ ਹਨ, ਤਾਂ ਜੋ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ ਅਤੇ ਉਹ ਮੁੜ ਇਮਾਰਤਾਂ ਦਾ ਨਿਰਮਾਣ ਕਰ ਸਕਣ, ਜਿਨ੍ਹਾਂ ਨੂੰ ਉਸ ਨੇ ਤਬਾਹ ਕੀਤਾ ਹੈ।