ਦੇਸ਼ ਦੇ ਲੋਕਤੰਤਰ ਨੂੰ 75 ਸਾਲ ਤੋਂ ਉੱਪਰ ਹੋ ਗਏ ਹਨ, ਪਰ ਜੋ 75 ਸਾਲਾਂ ਵਿਚ ਨਹੀਂ ਹੋਇਆ, ਉਹ ਮੋਦੀ ਦੇ ਦੌਰ ਵਿਚ ਦੇਖਣ ਨੂੰ ਮਿਲ ਰਿਹਾ ਹੈ। ਪ੍ਰਧਾਨ ਮੰਤਰੀ ਅਯੁੱਧਿਆ ਵਿਚ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਦੇ ਬਦਲੇ ਦੇਸ਼ ਦੇ ਨਾਗਰਿਕਾਂ ਤੋਂ ਇਕ ਅਦਦ ਵੋਟ ਚਾਹੇਗਾ। ਇਹ ਸਭ ਉਸ ਰਾਮ ਦੇ ਨਾਂਅ ’ਤੇ ਕੀਤਾ ਜਾ ਰਿਹਾ ਹੈ, ਜਿਸ ਦੇ ਰਾਜ ਨੂੰ ਆਦਰਸ਼ ਰਾਜ ਦੇ ਤੌਰ ’ਤੇ ਪੇਸ਼ ਕੀਤਾ ਜਾਂਦਾ ਰਿਹਾ ਹੈ। ਕਿਹਾ ਜਾਂਦਾ ਹੈ ਕਿ ਰਾਮ ਰਾਜ ਵਿਚ ਕੋਈ ਦੀਨ-ਹੀਨ ਨਹੀਂ ਸੀ, ਪਰ ਕੀ ਮੋਦੀ ਆਪਣੇ 10 ਸਾਲ ਦੇ ਰਾਜ ਵਿਚ ਇਨ੍ਹਾਂ ਕਸੌਟੀਆਂ ’ਤੇ ਖਰੇ ਉਤਰੇ ਹਨ? 2014 ਵਿਚ ਮੋਦੀ ਦੇ ਸੱਤਾ ’ਚ ਆਉਣ ਵੇਲੇ ਦੇਸ਼ ’ਤੇ ਕੁੱਲ ਕਰਜ਼ 55 ਲੱਖ ਕਰੋੜ ਰੁਪਏ ਸੀ, ਜਿਹੜਾ ਹੁਣ 205 ਲੱਖ ਕਰੋੜ ਹੋ ਚੁੱਕਾ ਹੈ। ਗਰੀਬੀ ਤੋਂ ਹੇਠਾਂ ਜ਼ਿੰਦਗੀ ਜਿਊਣ ਵਾਲਿਆਂ ਦੀ ਗਿਣਤੀ 22 ਫੀਸਦੀ ਤੋਂ ਉੱਪਰ ਹੋ ਗਈ ਹੈ। ਧਨ ਦਾ ਪੂਰਾ ਕੇਂਦਰੀਕਰਨ ਉੱਪਰਲੇ 5 ਫੀਸਦੀ ਲੋਕਾਂ ਦੇ ਹੱਥਾਂ ਵਿਚ ਹੋ ਚੁੱਕਾ ਹੈ। ਬਾਕੀ ਲੋਕ ਮੋਦੀ ਦੇ ਅਨਾਜ ’ਤੇ ਜਿਊਂਦੇ ਹਨ। ਸਰਕਾਰ ਦੇ ਆਪਣੇ ਅੰਕੜੇ ਦੱਸ ਰਹੇ ਹਨ ਕਿ ਦੇਸ਼ ਵਿਚ 80 ਕਰੋੜ ਲੋਕ ਗਰੀਬ ਹਨ, ਜਿਹੜੇ ਮੁਫਤ ਅਨਾਜ ਨਾਲ ਡੰਗ ਕੱਟ ਰਹੇ ਹਨ। ਨਾਉਮੀਦੀ ਇਸ ਹੱਦ ਤੱਕ ਪੁੱਜ ਚੁੱਕੀ ਹੈ ਕਿ ਲੋਕਾਂ ਨੇ ਰੁਜ਼ਗਾਰ ਦੀ ਇੱਛਾ ਹੀ ਤਿਆਗ ਦਿੱਤੀ ਹੈ। ‘ਅੱਛੇ ਦਿਨ’ ਦੇ ਵਾਅਦੇ ਨਾਲ ਆਈ ਸਰਕਾਰ ਦੇ 10 ਸਾਲਾਂ ਵਿਚ 22 ਲੱਖ ਲੋਕ ਦੇਸ਼ ਛੱਡ ਕੇ ਵਿਦੇਸ਼ਾਂ ਵਿਚ ਵਸ ਗਏ ਹਨ, ਭਾਵੇਂ ਉੱਥੇ ਉਨ੍ਹਾਂ ਨੂੰ ਮਜ਼ਦੂਰੀ ਕਰਨੀ ਪਵੇ। ਫਰਾਂਸ ਵਿਚ ਰੋਕੇ ਗਏ ਜਹਾਜ਼ ਵਿਚ ਅੱਧੇ ਤੋਂ ਵੱਧ ਮੋਦੀ ਦੇ ਜੱਦੀ ਰਾਜ ਗੁਜਰਾਤ ਦੇ ਸਨ, ਜਿਹੜੇ ਦੁਬਈ ਦੇ ਰਸਤੇ ਨਿਕਾਰਾਗੁਆ ਪੁੱਜ ਕੇ ਕੈਨੇਡਾ ਜਾਂ ਮੈਕਸੀਕੋ ਵੱਲੋਂ ਅਮਰੀਕਾ ਪੁੱਜਣਾ ਚਾਹੁੰਦੇ ਸਨ। ਅਜਿਹਾ ਨਹੀਂ ਕਿ ਇਹ ਗਰੀਬ ਸਨ। ਇਨ੍ਹਾਂ ਸਭ ਨੇ 30-70 ਲੱਖ ਰੁਪਏ ਤੱਕ ਦੇ ਰੱਖੇ ਸਨ। ਦਰਅਸਲ ਉਹ ਇਸ ਦੇਸ਼ ਵਿਚ ਰਹਿਣਾ ਹੀ ਨਹੀਂ ਸਨ ਚਾਹੁੰਦੇ, ਜਿੱਥੇ ਉਨ੍ਹਾਂ ਤੇ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਨਹੀਂ। ਸੋਚਿਆ ਜਾ ਸਕਦਾ ਹੈ ਕਿ ਜੇ ਅਜਿਹੇ ਲੋਕਾਂ ਲਈ ਦੇਸ਼ ਵਿਚ ਕੁਝ ਨਹੀਂ ਬਚਿਆ ਤਾਂ ਸਰਕਾਰੀ ਅਨਾਜ ਨਾਲ ਢਿੱਡ ਭਰਨ ਵਾਲਿਆਂ ਲਈ ਕੀ ਬਚਿਆ ਹੋਵੇਗਾ? ਹਾਲਾਤ ਇੱਥੋਂ ਤੱਕ ਪੁੱਜ ਗਏ ਹਨ ਕਿ ਭਾਰਤ ਦੁਨੀਆ ਲਈ ਮਜ਼ਦੂਰ ਸਪਲਾਈ ਦਾ ਕੇਂਦਰ ਬਣ ਗਿਆ ਹੈ। ਖੁਦ ਨੂੰ ‘ਵਿਸ਼ਵ ਗੁਰੂ’ ਕਹਾਉਣ ਵਾਲੀ ਸਰਕਾਰ ਨੇ ਇਜ਼ਰਾਈਲ, ਯੂਨਾਨ ਤੇ ਇਟਲੀ ਨੂੰ ਸਸਤੇ ਭਾਅ ਮਜ਼ਦੂਰ ਸਪਲਾਈ ਕਰਨ ਦੇ ਕਰਾਰ ਕੀਤੇ ਹਨ। 18 ਹਜ਼ਾਰ ਮਜ਼ਦੂਰ ਇਟਲੀ ਭੇਜੇ ਜਾਣੇ ਹਨ। ਇਸ ਨੇ ਉਹ ਅੰਗਰੇਜ਼ੀ ਰਾਜ ਚੇਤੇ ਕਰਾ ਦਿੱਤਾ ਹੈ, ਜਦੋਂ ਅੰਗਰੇਜ਼ ਗਰੀਬ ਮਜ਼ਦੂਰਾਂ ਨੂੰ ਵੱਡੀ ਗਿਣਤੀ ਵਿਚ ਮਾਰੀਸ਼ਸ ਤੋਂ ਲੈ ਕੇ ਅਫਰੀਕਾ ਦੇ ਕਈ ਦੇਸ਼ਾਂ ਵਿਚ ਲੈ ਗਏ ਸਨ। ਸੱਤਾ ਵਿਚ ਆਉਣ ਤੋਂ ਪਹਿਲਾਂ ਮੋਦੀ ਦੀ ਪਾਰਟੀ ਨੇ ਦੋ ਕਰੋੜ ਲੋਕਾਂ ਨੂੰ ਹਰ ਸਾਲ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ। ਦੇਸ਼ ਦੇ ਹਾਲਾਤ ਏਨੇ ਨਿਘਰਨ ਦੇ ਬਾਵਜੂਦ ਭਾਜਪਾ ਨੇ ਧਰਮ ਤੇ ਫਿਰਕਿਆਂ ਦੀ ਸਿਆਸਤ ਕਰਕੇ ਏਨੇ ਅੰਧ-ਭਗਤ ਬਣਾ ਲਏ ਹਨ ਕਿ ਉਹ ਮਜ਼ਦੂਰਾਂ ਦੀ ਵਿਦੇਸ਼ਾਂ ਨੂੰ ਸਪਲਾਈ ਨੂੰ ਵੀ ਮੋਦੀ ਦਾ ਮਾਸਟਰ ਸਟਰੋਕ ਕਹਿ ਸਕਦੇ ਹਨ।