ਕੋਲਕਾਤਾ : ਪੱਛਮੀ ਬੰਗਾਲ ਦੇ ਸਾਊਥ 24 ਪਰਗਨਾ ਜ਼ਿਲ੍ਹੇ ਵਿਚ ਸ਼ੁੱਕਰਵਾਰ ਭੀੜ ਨੇ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਤੇ ਸੀ ਆਰ ਪੀ ਐੱਫ ਦੀ ਟੀਮ ‘ਤੇ ਹਮਲਾ ਕਰ ਦਿੱਤਾ | ਕਰੀਬ 200 ਮਰਦਾਂ ਤੇ ਔਰਤਾਂ ਨੇ ਦੋ ਗੱਡੀਆਂ ਭੰਨ ਦਿੱਤੀਆਂ | ਈ ਡੀ ਦੇ ਕੁਝ ਅਫਸਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਲਿਜਾਣਾ ਪਿਆ | ਈ ਡੀ ਨੇ ਰਾਸ਼ਨ ਘੁਟਾਲਾ ਮਾਮਲੇ ਵਿਚ ਸੂਬੇ ਦੇ 15 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ | ਟੀਮ ਸਾਊਥ 24 ਪਰਗਨਾ ਜ਼ਿਲ੍ਹੇ ਦੇ ਸੰਦੇਸ਼ਖਲੀ ਪਿੰਡ ਵਿਚ ਤਿ੍ਣਮੂਲ ਕਾਂਗਰਸ ਦੇ ਆਗੂ ਸ਼ੇਖ ਸ਼ਾਹਜਹਾਂ ਤੇ ਬੋਂਗਾਂਵ ਨਗਰਪਾਲਿਕਾ ਦੇ ਸਾਬਕਾ ਪ੍ਰਧਾਨ ਸ਼ੰਕਰ ਆਧਿਆ ਦੇ ਘਰ ਛਾਪਾ ਮਾਰਨ ਪੁੱਜੀ ਤਾਂ ਉਨ੍ਹਾਂ ਦੇ ਹਮਾਇਤੀਆਂ ਨੇ ਘੇਰ ਲਿਆ ਤੇ ਹਮਲਾ ਕਰ ਦਿੱਤਾ | ਸ਼ੇਖ ਸ਼ਾਹਜਹਾਂ ਜ਼ਿਲ੍ਹਾ ਪ੍ਰੀਸ਼ਦ ਵਿਚ ਮੱਛੀ ਤੇ ਪਸ਼ੂ ਵਸੀਲਾ ਅਧਿਕਾਰੀ ਹੋਣ ਦੇ ਨਾਲ-ਨਾਲ ਸੰਦੇਸ਼ਖਾਲੀ ਬਲਾਕ ਦੇ ਪਾਰਟੀ ਪ੍ਰਧਾਨ ਵੀ ਹਨ | ਉਹ ਵਣ ਮੰਤਰੀ ਜਿਓਤੀਪਿ੍ਅ ਮਲਿਕ ਦੇ ਕਰੀਬੀ ਹਨ, ਜਿਹੜੇ ਰਾਸ਼ਨ ਘੁਟਾਲੇ ਵਿਚ ਜੇਲ੍ਹ ‘ਚ ਬੰਦ ਹਨ | ਟੀਮ ‘ਤੇ ਉਦੋਂ ਹਮਲਾ ਹੋਇਆ, ਜਦੋਂ ਉਹ ਸ਼ਾਹਜਹਾਂ ਦੇ ਘਰ ਦਾ ਤਾਲਾ ਤੋੜ ਰਹੀ ਸੀ | ਟੀਮ ਨੇ ਸ਼ਾਹਜਹਾਂ ਨੂੰ ਕਈ ਵਾਰ ਫੋਨ ਕਰਕੇ ਆਉਣ ਲਈ ਕਿਹਾ ਸੀ, ਪਰ ਉਹ ਨਹੀਂ ਆਏ | ਜ਼ਿਲ੍ਹੇ ਦੇ ਐੱਸ ਪੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾ ਵੀ ਗੱਲ ਨਹੀਂ ਕੀਤੀ | ਰਾਜਪਾਲ ਸੀ ਵੀ ਆਨੰਦ ਨੇ ਘਟਨਾ ਦੀ ਜਾਣਕਾਰੀ ਮਿਲਣ ‘ਤੇ ਗ੍ਰਹਿ ਸਕੱਤਰ ਤੇ ਡੀ ਜੀ ਪੀ ਨੂੰ ਤਲਬ ਕਰ ਲਿਆ | ਉਨ੍ਹਾ ਕਿਹਾ ਕਿ ਜੇ ਕੋਈ ਸਰਕਾਰ ਆਪਣੇ ਬੁਨਿਆਦੀ ਫਰਜ਼ ਨੂੰ ਨਿਭਾਉਣ ਵਿਚ ਨਾਕਾਮ ਰਹਿੰਦੀ ਹੈ ਤਾਂ ਭਾਰਤ ਦਾ ਸੰਵਿਧਾਨ ਆਪਣਾ ਕੰਮ ਕਰੇਗਾ | ਸੂਬੇ ਵਿਚ ਆਪੋਜ਼ੀਸ਼ਨ ਦੇ ਆਗੂ ਸੁਵੇਂਦੂ ਅਧਿਕਾਰੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਹਮਲੇ ਦੀ ਐੱਨ ਆਈ ਏ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਹੈ | ਭਾਜਪਾ ਦੇ ਆਈ ਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਕਿਹਾ ਹੈ ਕਿ ਲੱਗਦਾ ਹੈ ਕਿ ਹਮਲਾ ਸਥਾਨਕ ਤਿ੍ਣਮੂਲ ਆਗੂਆਂ ਦੀ ਸਰਪ੍ਰਸਤੀ ਵਾਲੇ ਗੈਰਕਾਨੂੰਨੀ ਪ੍ਰਵਾਸੀਆਂ ਨੇ ਕੀਤਾ ਹੈ | ਮਮਤਾ ਸਰਕਾਰ ਦਾ ਜਾਰੀ ਰਹਿਣਾ ਕੌਮੀ ਸੁਰੱਖਿਆ ਲਈ ਖਤਰਾ ਬਣ ਗਿਆ ਹੈ | ਕਾਂਗਰਸ ਦੇ ਲੋਕ ਸਭਾ ਵਿਚ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਈ ਡੀ ਅਧਿਕਾਰੀਆਂ ‘ਤੇ ਸਰਕਾਰੀ ਗੁੰਡਿਆਂ ਦਾ ਹਮਲਾ ਦੱਸਦਾ ਹੈ ਕਿ ਸੂਬੇ ਵਿਚ ਅਮਨ-ਕਾਨੂੰਨ ਨਾਂਅ ਦੀ ਕੋਈ ਚੀਜ਼ ਨਹੀਂ ਰਹੀ | ਅੱਜ ਈ ਡੀ ਵਾਲੇ ਜ਼ਖਮੀ ਹੋਏ ਹਨ, ਭਲਕੇ ਉਨ੍ਹਾਂ ਦੀ ਹੱਤਿਆ ਕੀਤੀ ਜਾ ਸਕਦੀ ਹੈ | ਜੇ ਅਜਿਹਾ ਹੁੰਦਾ ਹੈ ਤਾਂ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ |


