ਵਾਸ਼ਿੰਗਟਨ : ਅਮਰੀਕਾ ’ਚ ਅਲਾਸਕਾ ਏਅਰ ਲਾਈਨਜ਼ ਦੇ ਇੱਕ ਬੋਇੰਗ ਜਹਾਜ਼ ਦਾ ਦਰਵਾਜ਼ਾ ਟੇਕ ਆਫ਼ ਕਰਨ ਤੋਂ ਬਾਅਦ ਅਸਮਾਨ ’ਚ ਕਰੀਬ 16000 ਫੁੱਟ ਦੀ ਉਚਾਈ ’ਤੇ ਟੁੱਟ ਗਿਆ। ਇਸ ਜਹਾਜ਼ ’ਚ ਸਵਾਰ ਸਾਰੇ 174 ਯਾਤਰੀਆਂ ਦੀ ਜਾਨ ’ਤੇ ਸੰਕਟ ਆ ਗਿਆ। ਐਮਰਜੈਂਸੀ ਸਥਿਤੀ ਨੂੰ ਦੇਖਦੇ ਹੋਏ ਜਹਾਜ਼ ਦੀ ਪੋਰਟਲੈਂਡ ’ਤੇ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ। ਇਹ ਜਹਾਜ਼ ਪੋਰਟਲੈਂਡ ਤੋਂ ਕੈਲੀਫੋਰਨੀਆ ਦੇ ਓਂਟਾਰੀਓ ਜਾ ਰਿਹਾ ਸੀ। ਅਲਾਸਕਾ ਏਅਰਲਾਈਨਜ਼ ਦੀ ਫਲਾਈਟ 1282 ਪੋਰਟਲੈਂਡ ਇੰਟਰਨੈਸ਼ਨਲ ਏਅਰਪੋਰਟ ਤੋਂ ਸ਼ਾਮ 4.52 ਵਜੇ ਰਵਾਨਾ ਹੋਈ ਸੀ, ਪਰ ਇਸ ਹਾਦਸੇ ਤੋਂ ਬਾਅਦ ਜਹਾਜ਼ ਨੂੰ 5.30 ਵਜੇ ਫਿਰ ਤੋਂ ਪੋਰਟਲੈਂਡ ਏਅਰਪੋਰਟ ’ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਦਰਵਾਜ਼ਾ ਟੁੱਟਣ ਤੋਂ ਬਾਅਦ ਨੇੜਲੀ ਸੀਟ ’ਤੇ ਬੈਠੇ ਯਾਤਰੀ ਦੀ ਸ਼ਰਟ ਵੀ ਫਟ ਗਏ। ਉਥੇ ਹੀ ਕੁਝ ਯਾਤਰੀਆਂ ਦੇ ਫੋਨ ਵੀ ਹਵਾ ’ਚ ਉਡ ਗਏ। ਅਲਾਸਕਾ ਏਅਰਲਾਈਨਜ਼ ਨੇ ‘ਐਕਸ’ ’ਤੇ ਪੋਸਟ ਕੀਤਾ ਕਿ ਅਸੀਂ ਜਾਂਚ ਕਰ ਰਹੇ ਹਾਂ ਕਿ ਇਹ ਕਿਸ ਤਰ੍ਹਾਂ ਹੋਇਆ।

