ਭੂਪਾਲ : ਮੱਧ ਪ੍ਰਦੇਸ਼ ਦੀ ਰਾਜਧਾਨੀ ਭੂਪਾਲ ’ਚ ਚੱਲ ਰਹੇ ਗੈਰ-ਕਾਨੂੰਨੀ ਬਾਲਿਕਾ ਗ੍ਰਹਿ ਤੋਂ ਵੱਡੀ ਗਿਣਤੀ ’ਚ ਲੜਕੀਆਂ ਦੇ ਗੁੰਮ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀਆਂ ਦੇ ਇਸ ਤਰ੍ਹਾਂ ਗੁੰਮ ਹੋਣ ਦੀ ਘਟਨਾ ਨਾਲ ਸਿਆਸੀ ਪਾਰਾ ਵੀ ਗਰਮਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚੀਆਂ ਵੱਖ-ਵੱਖ ਸੂਬਿਆਂ ਦੇ ਸ਼ਹਿਰਾਂ ਤੋਂ ਇੱਥੇ ਆਈਆਂ ਸਨ। ਬਿਨਾਂ ਇਜਾਜ਼ਤ ਚੱਲ ਰਹੇ ਇਸ ਬਾਲਿਕਾ ਗ੍ਰਹਿ ਦੇ ਸੰਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਸ ਜਾਂਚ ’ਚ ਲੱਗ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬਾਲਿਕਾ ਗ੍ਰਹਿ ’ਚ ਕੁੱਲ 68 ਬੱਚੀਆਂ ਰਹਿ ਰਹੀਆਂ ਸਨ। ਇਨ੍ਹਾਂ ’ਚੋਂ 26 ਬੱਚੀਆਂ ਅਚਾਨਕ ਗੁੰਮ ਹੋ ਗਈਆਂ, ਜਦਕਿ 41 ਬੱਚੀਆਂ ਹੁਣ ਵੀ ਹਨ। ਇਸ ਬਾਲਿਕਾ ਗ੍ਰਹਿ ’ਚ ਗੁਜਰਾਤ ਤੋਂ ਲੈ ਕੇ ਝਾਰਖੰਡ, ਰਾਜਸਥਾਨ ਦੀਆਂ ਲੜਕੀਆਂ ਰਹਿ ਰਹੀਆ ਸਨ। ਮੱਧ ਪ੍ਰਦੇਸ਼ ਦੇ ਰਾਏਸੇਨ, ਛਿੰਦਵਾੜਾ ਅਤੇ ਬਾਲਾਘਾਟ ਵਰਗੇ ਸ਼ਹਿਰਾਂ ਤੋਂ ਵੀ ਲੜਕੀਆਂ ਇੱਥੇ ਸਨ। ਘਟਨਾ ਦੀ ਜਾਣਕਾਰੀ ਮਿਲਦੇ ਹੀ ਰਾਸ਼ਟਰੀ ਬਾਲ ਕਮਿਸ਼ਨ ਵੀ ਹਰਕਤ ’ਚ ਆ ਗਿਆ। ਕਮਿਸ਼ਨ ਪ੍ਰਧਾਨ ਪਿ੍ਰਆਂਕ ਕਾਨੂੰਨਗੋ ਨੇ ਇਸ ਸੰਬੰਧ ’ਚ ਮੱਧ ਪ੍ਰਦੇਸ਼ ਦੀ ਮੁੱਖ ਸਕੱਤਰ ਵੀਰਾ ਰਾਣਾ ਨੂੰ ਇੱਕ ਪੱਤਰ ਲਿਖਿਆ ਹੈ। ਪਿ੍ਰਆਂਕ ਕਾਨੂੰਨਗੋ ਨੇ ਪਰਵਲੀਆ ’ਚ ਆਂਚਲ ਬਾਲਿਕਾ ਗ੍ਰਹਿ ਦਾ ਦੌਰਾ ਕੀਤਾ ਸੀ। ਇਸ ਦੌਰਾਨ ਉਨ੍ਹਾ ਜਦ ਰਜਿਸਟਰ ਚੈੱਕ ਕੀਤਾ ਤਾਂ ਦੇਖਿਆ ਕਿ ਉਸ ’ਚ 68 ਬੱਚੀਆਂ ਦੀ ਐਂਟਰੀ ਸੀ, ਪਰ ਉਸ ’ਚੋਂ 26 ਬੱਚੀਆਂ ਗਾਇਬ ਸਨ। ਇਸ ਤੋਂ ਬਾਅਦ ਚਿਲਡਰਨ ਹੋਮ ਦੇ ਸੰਚਾਲਕ ਅਨਿਲ ਮੈਥਿਊ ਤੋਂ ਬੱਚੀਆਂ ਬਾਰੇ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਕੋਈ ਸੰਤੋਸ਼ਜਨਕ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਐੱਫ ਆਈ ਆਰ ਮੁਤਾਬਕ ਬੱਚੀਆਂ ਲਈ ਇਸ ਬਾਲ ਗ੍ਰਹਿ ’ਚ ਕਈ ਬੇਨਿਯਮੀਆਂ ਮਿਲੀਆਂ।
ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀ ਪ੍ਰਧਾਨ ਪਿ੍ਰਆਂਕ ਕਾਨੂੰਨਗੋ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਮੱਧ ਪ੍ਰਦੇਸ਼ ਦੀ ਰਾਜਧਾਨੀ ਭੂਪਾਲ ’ਚ ਬਾਲ ਕਮਿਸ਼ਨ ਪ੍ਰਧਾਨ ਅਤੇ ਮੈਂਬਰਾਂ ਦੇ ਨਾਲ ਸੰਯੁਕਤ ਰੂਪ ’ਚ ਇੱਕ ਮਿਸ਼ਨਰੀ ਵੱਲੋਂ ਚਲਾਏ ਜਾ ਰਹੇ ਗੈਰ-ਕਾਨੂੰਨੀ ਬਾਲ ਗ੍ਰਹਿ ਦਾ ਦੌਰਾ ਕੀਤਾ। ਜੋ ਬੱਚੇ ਸੜਕਾਂ ਤੋਂ ਰੈਸਕਿਊ ਕੀਤੇ ਗਏ, ਉਨ੍ਹਾਂ ਦੀ ਜਾਣਕਾਰੀ ਸਰਕਾਰ ਨੂੰ ਦਿੱਤੇ ਬਗੈਰ ਬਿਨਾਂ ਲਾਇਸੰਸ ਲਏ ਚੋਰੀ-ਛਿਪੇ ਬਾਲ ਗ੍ਰਹਿ ਨੂੰ ਚਲਾਇਆ ਜਾ ਰਿਹਾ ਸੀ। ਬਾਲ ਗ੍ਰਹਿ ’ਚ 6 ਸਾਲ ਤੋਂ 18 ਸਾਲ ਤੱਕ ਦੀਆਂ 40 ਤੋਂ ਵੱਧ ਲੜਕੀਆ ਸਨ। ਘਟਨਾ ਨੂੰ ਲੈ ਕੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਮਾਮਲੇ ’ਚ ਤੁਰੰਤ ਐਕਸ਼ਨ ਲੈਣ ਦੀ ਮੰਗ ਕੀਤੀ ਹੈ। ਸ਼ਿਵਰਾਜ ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ’ਚ ਲਿਖਿਆ, ‘ਭੁਪਾਲ ਦੇ ਪਰਵਲੀਆ ਥਾਣਾ ਖੇਤਰ ’ਚ ਬਿਨਾਂ ਇਜਾਜ਼ਤ ਚੱਲ ਰਹੇ ਬਾਲ ਗ੍ਰਹਿ ’ਚੋਂ 26 ਬੱਚੀਆਂ ਦੇ ਗੁੰਮ ਹੋਣ ਦਾ ਮਾਮਲਾ ਮੇਰੇ ਧਿਆਨ ’ਚ ਆਇਆ ਹੈ। ਇਸ ਗੰਭੀਰ ਸੰਵੇਦਨਸ਼ੀਲ ਮਾਮਲੇ ਨੂੰ ਦੇਖਦੇ ਹੋਏ ਸਰਕਾਰ ਨੂੰ ਤੁਰੰਤ ਐਕਸ਼ਨ ਲੈਣ ਦੀ ਬੇਨਤੀ ਕਰਦਾ ਹਾਂ।’


