ਜ਼ੀਰਾ (ਨਰਿੰਦਰ ਅਨੇਜਾ)
ਐਤਵਾਰ ਰਾਤ ਵਾਰਡ ਨੰਬਰ-1 ਦੀ ਕੌਂਸਲਰ ਰੇਸ਼ਮ ਕੌਰ ਪਤਨੀ ਗੁਲਸ਼ਨ ਸਿੰਘ ਦੇ ਘਰ ਕੀਤੇ ਗਏ ਹਮਲੇ ਵਿਚ ਇਕ ਮਹਿਲਾ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਈ।
ਰੇਸ਼ਮ ਕੌਰ ਨੇ ਪੱਤਰਕਾਰਾਂ ਰਾਹੀ ਨਸ਼ਾ ਤਸਕਰਾਂ ਦਾ ਪਰਦਾ ਫਾਸ਼ ਕੀਤਾ ਸੀ ਅਤੇ ਕਿਹਾ ਸੀ ਕਿ ਚਿੱਟਾ ਇਸ ਮੁਹੱਲੇ ਵਿੱਚ ਸਰੇਆਮ ਵਿਕਦਾ ਹੈ, ਜਿਸ ਕਾਰਨ ਨਸ਼ਾ ਤਸਕਰ ਉਨ੍ਹਾ ਨਾਲ ਰੰਜਿਸ਼ ਰੱਖਦੇ ਸਨ ਤੇ ਧਮਕੀਆਂ ਦਿੰਦੇ ਰਹਿੰਦੇ ਸਨ। ਐਤਵਾਰ ਰੇਸ਼ਮ ਕੌਰ ਦੇ ਬੇਟੇ ਦਾ ਵਿਆਹ ਸੀ ਅਤੇ ਤਸਕਰਾਂ ਨੇ ਧਮਕੀ ਦਿੱਤੀ ਸੀ ਕਿ ਉਹ ਵਿਆਹ ਦੌਰਾਨ ਜਾਨੀ ਨੁਕਸਾਨ ਕਰਨਗੇ। ਇਸ ਬਾਰੇ ਪੁਲਸ ਨੂੰ ਵੀ ਦੱਸਿਆ ਹੋਇਆ ਸੀ, ਪਰ ਪੁਲਸ ਨੇ ਉਨ੍ਹਾਂ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਕੀਤੀ। ਨਸ਼ਾ ਤਸਕਰਾਂ ਖਿਲਾਫ ਪਹਿਲਾਂ ਵੀ ਕਈ ਐੱਫ ਆਈ ਆਰ ਦਰਜ ਹਨ। ਨਸ਼ਾ ਤਸਕਰਾਂ ਨੇ ਰੇਸ਼ਮ ਕੌਰ ਦੇ ਘਰ ਦੇ ਗੇਟ ਨੂੰ ਹਥੌੜਿਆਂ ਨਾਲ ਤੋੜਿਆ ਅਤੇ ਗੱਡੀ ਦੀ ਭੰਨਤੋੜ ਕੀਤੀ। ਅੰਨੇ੍ਹਵਾਹ ਫਾਇਰਿੰਗ ਵੀ ਕੀਤੀ। ਇੱਕ ਫਾਇਰ ਉਨ੍ਹਾ ਦੀ ਨਨਾਣ ਅਮਰਜੀਤ ਕੌਰ ਵਾਸੀ ਪਿੰਡ ਰੱਤਾ ਖੇੜਾ ਪੰਜਾਬ ਸਿੰਘ ਵਾਲਾ ਦੇ ਪੇਟ ਵਿੱਚ ਜਾ ਲੱਗਿਆ।ਪੁਲਸ ਨੇ ਮੌਕੇ ’ਤੇ ਪਹੁੰਚ ਕੇ ਅਮਰਜੀਤ ਕੌਰ ਨੂੰ ਹਸਪਤਾਲ ਦਾਖਲ ਕਰਵਾਇਆ, ਜੋ ਕਿ ਹੁਣ ਫਰੀਦਕੋਟ ਮੈਡੀਕਲ ਕਾਲਜ/ ਹਸਪਤਾਲ ਵਿੱਚ ਜ਼ਿੰਦਗੀ-ਮੌਤ ਨਾਲ ਜੂਝ ਰਹੀ ਹੈ। ਪੀੜਤ ਪਰਵਾਰ ਨੇ ਪੁਲਸ ਪ੍ਰਸ਼ਾਸਨ ਤੋਂ ਵਾਰਦਾਤ ਕਰਨ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।





