ਹੁਸ਼ਿਆਰਪੁਰ : ਪੰਜਾਬ ਦੀ ਕਮਿਊਨਿਸਟ ਲਹਿਰ ਤੇ ਹੁਸ਼ਿਆਰਪੁਰ ਦੀ ਕਮਿਊਨਿਸਟ ਪਾਰਟੀ ਨੂੰ ਉਦੋਂ ਬੜਾ ਵੱਡਾ ਘਾਟਾ ਪਿਆ, ਜਦੋਂ ਪ੍ਰਸਿੱਧ ਆਜ਼ਾਦੀ ਘੁਲਾਟੀਏ ਨਛੱਤਰ ਪਾਲ ਸਿੰਘ ਦੀ ਨਾਮੁਰਾਦ ਕੈਂਸਰ ਦੀ ਬਿਮਾਰੀ ਨਾਲ ਮੌਤ ਹੋ ਗਈ। ਸੋਮਵਾਰ ਉਨ੍ਹਾ ਦੀ ਦੇਹ ’ਤੇ ਕਮਿਊਨਿਸਟ ਪਾਰਟੀ ਦਾ ਝੰਡਾ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿ੍ਰਥੀਪਾਲ ਸਿੰਘ ਮਾੜੀਮੇਘਾ, ਜ਼ਿਲ੍ਹਾ ਸਕੱਤਰ ਅਮਰਜੀਤ ਸਿੰਘ, ਸੀ ਪੀ ਐੱਮ ਦੇ ਜ਼ਿਲ੍ਹਾ ਸਕੱਤਰ ਗੁਰਮੇਸ਼ ਸਿੰਘ, ਪੂਰਨ ਸਿੰਘ ਤੇ ਉਕਾਰ ਸਿੰਘ ਨੇ ਪਾਇਆ। ਉਨ੍ਹਾ ਆਪਣੀ ਜ਼ਿੰਦਗੀ ਦਾ ਪਲ-ਪਲ ਕਮਿਊਨਿਸਟ ਲਹਿਰ ਦੇ ਲੇਖੇ ਲਾਇਆ। ਉਨ੍ਹਾ ਹਕੂਮਤਾਂ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਤੇ ਲੋਕਾਂ ਦੀ ਜ਼ਿੰਦਗੀ ਖੁਸ਼ਹਾਲ ਬਣਾਉਣ ਵਾਸਤੇ ਕਈ ਵਾਰ ਤੇ ਲੰਮਾ ਸਮਾਂ ਜੇਲ੍ਹ ਕੱਟੀ। ਉਹ ਹਰਕਿਸ਼ਨ ਸਿੰਘ ਸੁਰਜੀਤ ਦੇ ਨੇੜਲੇ ਰਿਸ਼ਤੇਦਾਰ ਤੇ ਸਾਥੀ ਸਨ। ਉਨ੍ਹਾ ਦੇ ਘਰ ਸੁਰਜੀਤ ਜੀ ਦਾ ਆਮ ਹੀ ਆਉਣਾ-ਜਾਣਾ ਸੀ। ਉਹ ਭਾਵੇਂ ਸੁਰਜੀਤ ਦੇ ਰਿਸ਼ਤੇਦਾਰ ਸਨ, ਪਰ ਉਹ ਸੀ ਪੀ ਆਈ ਦੀ ਰਾਜਨੀਤਕ ਲਾਈਨ ਨੂੰ ਹੀ ਸਹੀ ਸਮਝਦੇ ਸਨ ਤੇ ਅੰਤਲੇ ਸਾਹਾਂ ਤੱਕ ਸੀ ਪੀ ਆਈ ਵਿੱਚ ਰਹੇ। ਉਨ੍ਹਾ ਦੇ ਇੱਥੇ ਅੰਤਮ ਸੰਸਕਾਰ ਵਿੱਚ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਵਰਕਰ ਤੇ ਹਮਦਰਦ ਸ਼ਾਮਲ ਹੋਏ, ਜਿਨ੍ਹਾਂ ਵਿੱਚ ਰਾਜ ਕੁਮਾਰ ਚੱਬੇਵਾਲ ਐੱਮ ਐੱਲ ਏ, ਡਾਕਟਰ ਅਜੈ ਬੱਗਾ, ਗੁਰਮੁਖ ਸਿੰਘ, ਤਰਸੇਮ ਨਾਗਰਾ, ਸ਼ਿਵਰੰਜਨ ਸਿੰਘ ਸਾਬਕਾ ਸਰਪੰਚ ਚੱਬੇਵਾਲ, ਗੁਰਮੇਲ ਸਿੰਘ ਸਾਬਕਾ ਐੱਸ ਡੀ ਓ, ਪੰਜਾਬ ਇਸਤਰੀ ਸਭਾ ਦੀ ਆਗੂ �ਿਸ਼ਨਾ ਦੇਵੀ ਤੇ ਪ੍ਰੀਤਮ ਸ਼ਰਮਾ ਆਦਿ ਹਨ। ਇਨ੍ਹਾਂ ਤੋਂ ਇਲਾਵਾ ਕਾਮਰੇਡ ਨਛੱਤਰ ਪਾਲ ਸਿੰਘ ਦਾ ਸਾਰਾ ਪਰਵਾਰ ਹਾਜ਼ਰ ਸੀ। ਉਨ੍ਹਾ ਨਮਿਤ ਸ਼ਰਧਾਂਜਲੀ ਸਮਾਗਮ 16 ਜਨਵਰੀ ਨੂੰ ਹੋਵੇਗਾ।





