ਇਕ ਰਾਜ ਨੇਤਾ ਮੰਦਰ ਦਾ ਉਦਘਾਟਨ ਕਰੇ ਤੇ ਸਾਧੂ-ਸੰਤ ਕੋਲ ਖੜ੍ਹੇ ਤਾੜੀਆਂ ਮਾਰਨ, ਇਹ ਮਨਜ਼ੂਰ ਨਹੀਂ : ਸ਼ੰਕਰਾਚਾਰੀਆ ਸਵਾਮੀ ਨਿਸ਼ਚਲਾਨੰਦ
ਨਵੀਂ ਦਿੱਲੀ : ਰਾਮ ਮੰਦਰ ’ਤੇ ਭਾਜਪਾ ਲਗਾਤਾਰ ਘਿਰਦੀ ਜਾ ਰਹੀ ਹੈ। ਚਾਰ ਸ਼ੰਕਰਾਚਾਰੀਆਂ ਦੇ 22 ਜਨਵਰੀ ਨੂੰ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਸਮਾਗਮ ਵਿਚ ਆਉਣ ਤੋਂ ਨਾਂਹ ਕਰਨ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਚਰਚਾ ਛਿੜ ਗਈ ਹੈ ਕਿ ਸ਼ੰਕਰਾਚਾਰੀਆਂ ਦੇ ਬਿਨਾਂ ਹਿੰਦੂਆਂ ਦੇ ਕਿਸੇ ਵੱਡੇ ਆਯੋਜਨ ਦਾ ਕੀ ਮਤਲਬ? ਅੱਗ ’ਤੇ ਘਿਓ ਪਾਉਣ ਦਾ ਕੰਮ ਚੰਪਤ ਰਾਇ ਦੇ ਬਿਆਨ ਨੇ ਕਰ ਦਿੱਤਾ ਹੈ, ਜੋ ਇਸ ਪੂਰੇ ਆਯੋਜਨ ਦੇ ਕੇਂਦਰ ਵਿਚ ਹੈ। ਉਸ ਨੇ ਕਿਹਾ ਕਿ ਇਸ ਪ੍ਰੋਗਰਾਮ ਵਿਚ ਰਾਮਾਨੰਦੀਆਂ ਦੇ ਇਲਾਵਾ ਸ਼ੈਵ, ਸ਼ਾਕਤ ਤੇ ਸੰਨਿਆਸੀਆਂ ਦਾ ਕੀ ਕੰਮ? ਪੁਰੀ ਦੇ ਸ਼ੰਕਰਾਚਾਰੀਆ ਸਵਾਮੀ ਨਿਸ਼ਚਲਾਨੰਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਹੈ ਕਿ ਸਾਰਾ ਆਯੋਜਨ ਸਿਆਸੀ ਹੈ, ਜਿਸ ਵਿਚ ਇਕ ਰਾਜ ਨੇਤਾ ਮੰਦਰ ਦਾ ਉਦਘਾਟਨ ਕਰੇਗਾ ਅਤੇ ਸਾਧੂ-ਸੰਤ ਸਾਹਮਣੇ ਖੜ੍ਹੇ ਹੋ ਕੇ ਤਾੜੀਆਂ ਮਾਰਨਗੇ। ਉਹ ਤਾੜੀ ਮਾਰਨ ਲਈ ਅਯੁੱਧਿਆ ਨਹੀਂ ਜਾਣਗੇ। ਇਹ ਨਾ ਸਿਰਫ ਸੰਤ ਸਮਾਜ ਦਾ ਅਪਮਾਨ ਹੈ, ਸਗੋਂ ਧਰਮ ਦੀ ਵੀ ਹਾਨੀ ਹੈ। ਜਗਤ ਗੁਰੂ ਸ਼ੰਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਾਨੰਦ ਨੇ ਕਿਹਾ ਹੈ ਕਿ ਜੇ ਇਹ ਮੰਦਰ ਰਾਮਾਨੰਦ ਭਾਈਚਾਰੇ ਦਾ ਹੈ ਤਾਂ ਫਿਰ ਚੰਪਤ ਰਾਇ ਉਥੇ ਕੀ ਕਰ ਰਹੇ ਹਨ? ਫਿਰ ਇਹ ਲੋਕ ਹਟਣ ਤੇ ਮੰਦਰ ਨੂੰ ਰਾਮਾਨੰਦ ਭਾਈਚਾਰੇ ਦੇ ਲੋਕਾਂ ਨੂੰ ਸੌਂਪ ਦੇਣ। ਇਹ ਕੰਮ ਉਨ੍ਹਾਂ ਨੂੰ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਕਰ ਦੇਣਾ ਚਾਹੀਦਾ ਸੀ। ਰਾਮਾਨੰਦ ਭਾਈਚਾਰੇ ਦੇ ਲੋਕ ਹੀ ਪ੍ਰਾਣ ਪ੍ਰਤਿਸ਼ਠਾ ਕਰਨ, ਇਹ ਉਨ੍ਹਾਂ ਨੂੰ ਮਨਜ਼ੂਰ ਹੈ। ਉਨ੍ਹਾ ਕਿਹਾ ਕਿ ਉਹ ਵਿਰੋਧੀ ਨਹੀਂ ਹਨ, ਪਰ ਉਹ ਧਰਮ ਸ਼ਾਸਤਰ ਦੇ ਵਿਰੋਧੀ ਵੀ ਨਹੀਂ ਹੋਣਾ ਚਾਹੁੰਦੇ। ਉਨ੍ਹਾ ਕਿਹਾ ਕਿ ਚਾਰੇ ਸ਼ੰਕਰਾਚਾਰੀਆ ਉੱਥੇ ਨਹੀਂ ਜਾ ਰਹੇ। ਕੋਈ ਈਰਖਾ ਕਰਕੇ ਨਹੀਂ, ਸਗੋਂ ਸ਼ੰਕਰਾਚਾਰੀਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਸ਼ਾਸਤਰ ਵਿਧੀ ਦੀ ਪਾਲਣਾ ਕਰਨ ਤੇ ਦੂਜਿਆਂ ਤੋਂ ਕਰਵਾਉਣ। ਉੱਥੇ ਸ਼ਾਸਤਰ ਵਿਧੀ ਨੂੰ ਅਣਗੌਲਿਆ ਜਾ ਰਿਹਾ ਹੈ। ਸਭ ਤੋਂ ਪਹਿਲੀ ਅਣਡਿਠਤਾ ਇਹ ਹੈ ਕਿ ਮੰਦਰ ਅਜੇ ਪੂਰਾ ਬਣਿਆ ਨਹੀਂ ਤੇ ਪ੍ਰਤਿਸ਼ਠਾ ਕੀਤੀ ਜਾ ਰਹੀ ਹੈ। ਕੋਈ ਅਜਿਹੇ ਹਾਲਾਤ ਨਹੀਂ ਹਨ ਕਿ ਪ੍ਰਤਿਸ਼ਠਾ ਦੀ ਕਾਹਲੀ ਪਾਈ ਜਾਵੇ। 22 ਦਸੰਬਰ ਦੀ ਰਾਤ ਨੂੰ ਉੱਥੇ ਮੂਰਤੀਆਂ ਰੱਖ ਦਿੱਤੀਆਂ ਗਈਆਂ। ਰਾਤ ਨੂੰ 12 ਵਜੇ ਜਾ ਕੇ ਕੁਝ ਕਰਕੇ ਦਿਖਾ ਦਿੱਤਾ। 1992 ਵਿਚ ਜਦੋਂ ਢਾਂਚਾ ਢਾਹਿਆ ਗਿਆ ਤਾਂ ਕੋਈ ਮਹੂਰਤ ਥੋੜ੍ਹੀ ਦੇਖਿਆ ਸੀ। ਹੁਣ 22 ਜਨਵਰੀ ਨੂੰ ਅਧੂਰੇ ਮੰਦਰ ਵਿਚ ਪ੍ਰਾਣ ਪ੍ਰਤਿਸ਼ਠਾ ਕੀਤੀ ਜਾ ਰਹੀ ਹੈ। ਸ਼ੰਕਰਾਚਾਰੀਆਂ ਨੂੰ ਮੋਦੀ ਵਿਰੋਧੀ ਕਿਹਾ ਜਾ ਰਿਹਾ ਹੈ। ਇਸ ਵਿਚ ਮੋਦੀ ਵਿਰੋਧ ਦੀ ਕਿਹੜੀ ਗੱਲ ਹੈ। ਉਹ ਮੋਦੀ ਵਿਰੋਧੀ ਨਹੀਂ, ਪਰ ਉਹ ਧਰਮ ਸ਼ਾਸਤਰ ਦੇ ਵਿਰੋਧੀ ਵੀ ਨਹੀਂ ਹੋਣਾ ਚਾਹੁੰਦੇ। ਉਨ੍ਹਾ ਕਿਹਾ ਕਿ ਜਦੋਂ ਚੰਦਾ ਇਕੱਠਾ ਕੀਤਾ ਜਾ ਰਿਹਾ ਸੀ ਤਾਂ ਕਿਉ ਨਹੀਂ ਕਿਹਾ ਗਿਆ ਕਿ ਰਾਮਾਨੰਦ ਭਾਈਚਾਰੇ ਦਾ ਮੰਦਰ ਹੈ, ਰਾਮਾਨੰਦ ਭਾਈਚਾਰੇ ਦੇ ਲੋਕ ਚੰਦਾ ਦਿੰਦੇ। ਉਸ ਵੇਲੇ ਤਾਂ ਸਾਰੇ ਦੇਸ਼ ਦੇ ਸਨਾਤਨ ਧਰਮੀਆਂ ਤੋਂ ਚੰਦਾ ਲੈ ਲਿਆ। ਉਨ੍ਹਾਂ ਵੀ ਚੰਦਾ ਦਿੱਤਾ। ਜਦ ਸ਼ੰਕਰਾਚਾਰੀਆਂ ਦਾ ਮੰਦਰ ਨਹੀਂ ਹੈ ਤਾਂ ਉਨ੍ਹਾਂ ਦਾ ਚੰਦਾ ਕਿਉ ਸਵੀਕਾਰ ਕੀਤਾ? ਉਸ ਚੰਦੇ ਦੇ ਉੱਪਰ ਚੰਪਤ ਰਾਇ ਵਰਗੇ ਟਰੱਸਟੀ ਬਣ ਕੇ ਬੈਠ ਗਏ, ਜਿਹੜੇ ਕਹਿ ਰਹੇ ਹਨ ਕਿ ਮੰਦਰ ਰਾਮਾਨੰਦ ਭਾਈਚਾਰੇ ਦਾ ਹੈ, ਇਹ ਗੈਰ-ਇਖਲਾਕੀ ਹੈ। ਚੰਪਤ ਰਾਇ ਵਿਚ ਥੋੜ੍ਹਾ ਜਿਹਾ ਵੀ ਇਖਲਾਕ ਬਚਿਆ ਹੈ ਤਾਂ ਅਸਤੀਫਾ ਦੇਵੇ ਤੇ ਟਰੱਸਟ ਨੂੰ ਰਾਮਾਨੰਦ ਭਾਈਚਾਰੇ ਦੇ ਸਾਧੂਆਂ ਹਵਾਲੇ ਕਰੇ। ਇਕ ਪਾਸੇ ਕਿਹਾ ਜਾ ਰਿਹਾ ਹੈ ਕਿ ਇਹ ਰਾਸ਼ਟਰ ਦਾ ਮੰਦਰ ਹੈ, ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ਸਿਰਫ ਰਾਮਾਨੰਦ ਭਾਈਚਾਰੇ ਦਾ ਮੰਦਰ ਹੈ। ਕਿੱਥੇ ਗਈ ਫਰਾਖਦਿਲੀ? ਹੁਣ ਸਨਾਤਨ ਧਰਮ ਦੇ ਅੰਦਰ ਤੇ ਹਿੰਦੂ ਧਰਮ ਦੇ ਅੰਦਰ ਭੇਦਭਾਵ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਗਲਤ ਹੈ। ਮੰਦਰ ਸਾਰੇ ਸਨਾਤਨ ਧਰਮੀਆਂ ਦਾ ਹੈ। ਇਸ ਤੋਂ ਪਹਿਲਾਂ ਰਾਮ ਮੰਦਰ ਅੰਦੋਲਨ ਵਿਚ ਅੱਗੇ ਹੋ ਕੇ ਹਿੱਸਾ ਲੈਣ ਵਾਲੇ ਸਾਬਕਾ ਸਾਂਸਦ ਤੇ ਬਜਰੰਗ ਦਲ ਦੇ ਆਗੂ ਰਹੇ ਵਿਨੈ ਕਟਿਆਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਸੀ ਕਿ ਰਾਮ ਮੰਦਰ ਦਾ ਸਿਹਰਾ ਅਡਵਾਨੀ ਸਣੇ ਸਾਰੇ ਸੋਇਮ ਸੇਵਕਾਂ ਨੂੰ ਜਾਂਦਾ ਹੈ। ਇਸ ਦਾ ਸਿਹਰਾ ਕਿਸੇ ਇਕ ਵਿਅਕਤੀ ਨੂੰ ਨਹੀਂ ਦਿੱਤਾ ਜਾ ਸਕਦਾ। ਉਨ੍ਹਾ ਅਯੁੱਧਿਆ ਵਿਚ ਹੋਣ ਵਾਲੇ ਆਯੋਜਨ ਦੀ ਸਾਰੀ ਪ੍ਰਕਿਰਿਆ ’ਤੇ ਹੀ ਸੁਆਲ ਖੜ੍ਹਾ ਕਰ ਦਿੱਤਾ ਸੀ।


