ਰਾਮ ਭਗਤੀ ’ਤੇ ਭਾਜਪਾ ਦਾ ਕਾਪੀਰਾਈਟ ਨਹੀਂ : ਉਮਾ ਭਾਰਤੀ

0
158

ਨਵੀਂ ਦਿੱਲੀ : ਸਾਬਕਾ ਕੇਂਦਰੀ ਮੰਤਰੀ, ਮੱਧ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਰਾਮ ਜਨਮ ਭੂਮੀ ਅੰਦੋਲਨ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਵਾਲੀ ਉਮਾ ਭਾਰਤੀ ਨੇ ਅਯੁੱਧਿਆ ’ਚ 22 ਜਨਵਰੀ ਨੂੰ ਹੋਣ ਵਾਲੀ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਵਿਚ ਆਪੋਜ਼ੀਸ਼ਨ ਆਗੂਆਂ, ਸਨਅਤਕਾਰਾਂ ਤੇ ਮਸ਼ਹੂਰ ਹਸਤੀਆਂ ਦੇ ਸ਼ਾਮਲ ਹੋਣ ਦੇ ਮੁੱਦੇ ’ਤੇ ਕਿਹਾ ਹੈ ਕਿ ਰਾਮ ਭਗਤੀ ਉੱਤੇ ਭਾਜਪਾ ਦੀ ਇਜਾਰੇਦਾਰੀ ਨਹੀਂ ਹੈ, ਸਗੋਂ ਭਗਵਾਨ ਰਾਮ ਸਭ ਦੇ ਹਨ। ਉਨ੍ਹਾ ਆਪੋਜ਼ੀਸ਼ਨ ਆਗੂਆਂ ਨੂੰ ਵੀ ਵੋਟ ਬੈਂਕ ਦੀ ਸਿਆਸਤ ਤੇ ਲੋਕ ਆਧਾਰ ਖਿਸਕਣ ਦੀ ਮਾਨਸਿਕਤਾ ਅਤੇ ਤੌਖਲਿਆਂ ਤੋਂ ਬਾਹਰ ਨਿਕਲਣ ਦਾ ਸੱਦਾ ਦਿੱਤਾ ਹੈ। ਸਰਕਰਦਾ ਅੰਗਰੇਜ਼ੀ ਅਖਬਾਰ ‘ਦੀ ਇੰਡੀਅਨ ਐਕਸਪ੍ਰੈਸ’ ਨੂੰ ਦਿੱਤੀ ਇੰਟਰਵਿਊ ਵਿਚ ਭਾਰਤੀ ਨੇ ਕਿਹਾ-ਪ੍ਰਾਣ ਪ੍ਰਤਿਸ਼ਠਾ ਵਿਚ ਸ਼ਾਮਲ ਹੋਣ ਦਾ ਸੱਦਾ ਦੇਣ ਦਾ ਫੈਸਲਾ ਰਾਮ ਮੰਦਰ ਤੀਰਥ ਸ਼ੇਤਰ ਨਿਆਸ ਦਾ ਹੈ। ਇਹ ਕੋਈ ਸਿਆਸੀ ਸੱਦਾ ਨਹੀਂ ਹੈ। ਰਾਮ ਭਗਤੀ ’ਤੇ ਸਾਡਾ ਕੋਈ ਕਾਪੀਰਾਈਟ ਨਹੀਂ ਹੈ। ਭਗਵਾਨ ਰਾਮ ਤੇ ਹਨੂੰਮਾਨ ਜੀ ਭਾਜਪਾ ਦੇ ਆਗੂ ਨਹੀਂ ਹਨ, ਸਗੋਂ ਉਹ ਸਾਡੇ ਰਾਸ਼ਟਰੀ ਗੌਰਵ ਹਨ। ਉਨ੍ਹਾਂ ਦੇ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਵਿਚ ਕੋਈ ਵੀ ਸ਼ਾਮਲ ਹੋ ਸਕਦਾ ਹੈ ਤੇ ਕਿਸੇ ਨੂੰ ਵੀ ਇਸ ਲਈ ਸੱਦਿਆ ਜਾ ਸਕਦਾ ਹੈ।
ਉਮਾ ਭਾਰਤੀ ਨੇ ਕਿਹਾ-ਮੈਂ ਸਾਰੇ ਸਿਆਸਤਦਾਨਾਂ ਨੂੰ ਵੀ ਕਹਾਂਗੀ ਕਿ ਇਸ ਨੂੰ ਸਿਆਸੀ ਨਜ਼ਰੀਏ ਨਾਲ ਨਾ ਦੇਖਣ। ਤੁਹਾਡੇ ਘਰਾਂ ਵਿਚ ਵੀ ਰਾਮ ਦੀਆਂ ਤਸਵੀਰਾਂ ਹਨ, ਤੁਹਾਡੇ ਨਾਂਅ ਨਾਲ ਵੀ ਰਾਮ ਹੋ ਸਕਦਾ ਹੈ। ਇਸ ਲਈ ਇਸ ਵਿਚ ਸਾਰੇ ਹਿੱਸਾ ਲੈਣ। ਇਸ ਕਰਕੇ ਤੁਸੀਂ ਨਾ ਡਰੋ ਕਿ ਤੁਹਾਨੂੰ ਵੋਟਾਂ ਨਹੀਂ ਮਿਲਣਗੀਆਂ। ਮੈਂ ਭਾਜਪਾ ਵਾਲਿਆਂ ਨੂੰ ਵੀ ਕਹਾਂਗੀ ਕਿ ਤੁਸੀਂ ਇਸ ਹੰਕਾਰ ਤੋਂ ਬਾਹਰ ਨਿਕਲੋ ਕਿ ਸਿਰਫ ਤੁਸੀਂ ਹੀ ਰਾਮ ਦੀ ਭਗਤੀ ਕਰ ਸਕਦੇ ਹੋ। ਲੱਗੇ ਹੱਥ ਮੈਂ ਆਪੋਜ਼ੀਸ਼ਨ ਨੂੰ ਵੀ ਕਹਾਂਗੀ ਕਿ ਆਪਣੇ ਆਪ ਨੂੰ ਇਸ ਡਰ ਤੋਂ ਮੁਕਤ ਕਰ ਲਓ ਕਿ ਤੁਹਾਡਾ ਉੱਥੇ ਜਾਣਾ ਠੀਕ ਨਹੀਂ ਰਹੇਗਾ। ਹੰਕਾਰ ਜਾਂ ਭੈਅ ਤੋਂ ਮੁਕਤ ਹੋ ਕੇ ਸਾਨੂੰ ਸਭ ਨੂੰ ਖੁਸ਼ੀ-ਖੁਸ਼ੀ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਵਿਚ ਹਿੱਸਾ ਲੈਣਾ ਚਾਹੀਦਾ ਹੈ। ਚੇਤੇ ਰਹੇ ਉਮਾ ਭਾਰਤੀ ਨੇ 12 ਸਾਲ ਦੀ ਉਮਰ ਵਿਚ ਮੰਦਰ ਅੰਦੋਲਨ ਵਿਚ ਸ਼ਿਰਕਤ ਕੀਤੀ ਸੀ। 6 ਦਸੰਬਰ 1992 ਨੂੰ ਜਦੋਂ ਬਾਬਰੀ ਮਸਜਿਦ ਦਾ ਢਾਂਚਾ ਮਿਸਮਾਰ ਕੀਤਾ ਜਾ ਰਿਹਾ ਸੀ, ਉਦੋਂ ਉਮਾ ਭਾਰਤੀ ਉਥੇ ਮੌਜੂਦ ਸੀ। ਉਹ ਉਨ੍ਹਾਂ 32 ਲੋਕਾਂ ਵਿਚ ਸ਼ਾਮਲ ਸੀ, ਜਿਨ੍ਹਾਂ ਨੂੰ ਬਾਬਰੀ ਮਸਜਿਦ ਦਾ ਢਾਂਚਾ ਢਾਹੁਣ ਦਾ ਮੁਲਜ਼ਮ ਬਣਾਇਆ ਗਿਆ ਸੀ। ਹਾਲਾਂਕਿ ਇਨ੍ਹਾਂ ਸਭ ਨੂੰ 2020 ਵਿਚ ਸੀ ਬੀ ਆਈ ਦੀ ਸਪੈਸ਼ਲ ਕੋਰਟ ਨੇ ਬਰੀ ਕਰ ਦਿੱਤਾ ਸੀ। ਬਾਅਦ ਵਿਚ ਇਲਾਹਾਬਾਦ ਹਾਈ ਕੋਰਟ ਨੇ ਇਨ੍ਹਾਂ ਨੂੰ ਬਰੀ ਕਰਨ ਖਿਲਾਫ ਅਪੀਲ ਰੱਦ ਕਰ ਦਿੱਤੀ ਸੀ। ਉਮਾ ਭਾਰਤੀ ਨੇ ਕਿਹਾ ਕਿ ਉਹ 18 ਜਨਵਰੀ ਤੋਂ ਅਯੁੱਧਿਆ ਵਿਚ ਰਹੇਗੀ।

LEAVE A REPLY

Please enter your comment!
Please enter your name here