ਰਾਜਪੁਰਾ : ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਮੈਂਬਰੀ ਦੀ ਸਹੁੰ ਚੁੱਕਣ ਵੀਰਵਾਰ ਦਿੱਲੀ ਜਾਂਦਿਆਂ ਸਿਮਰਨਜੀਤ ਸਿੰਘ ਮਾਨ ਦਾ ਰਾਜਪੁਰਾ ‘ਚ ਹਲਕਾ ਇੰਚਾਰਜ ਜਗਜੀਤ ਸਿੰਘ ਖਾਲਸਾ ਦੀ ਅਗਵਾਈ ਵਿਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਸਵਾਗਤ ਕੀਤਾ ਗਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਰਾਸ਼ਟਰਪਤੀ ਦੀ ਚੋਣ ਦੇ ਸੰਬੰਧ ਵਿਚ ਕਿਹਾ ਕਿ ਰਾਸ਼ਟਰਪਤੀ ਸਿੱਖਾਂ ਦਾ ਰਾਸ਼ਟਰਪਤੀ ਨਹੀਂ ਹੁੰਦਾ, ਸਿੱਖਾਂ ਦੇ ਰਾਸਟਰਪਤੀ ਸਿਰਫ ਗੁਰੂ ਗੋਬਿੰਦ ਸਿੰਘ ਜੀ ਹੀ ਹਨ | ਉਨ੍ਹਾ ਕਿਹਾ ਕਿ ਰਾਸ਼ਟਰਪਤੀ ਅਹੁਦੇ ਲਈ ਦੋਵੇਂ ਪ੍ਰਮੁੱਖ ਉਮੀਦਵਾਰਾਂ ਨੂੰ ਉਨ੍ਹਾ ਪੰਜਾਬ ਦੇ ਮਾਮਲਿਆਂ ‘ਤੇ ਸਵਾਲ ਪੁੱਛੇ ਹਨ, ਪਰ ਹਾਲੇ ਤੱਕ ਉਨ੍ਹਾਂ ਦਾ ਕੋਈ ਜਵਾਬ ਨਹੀਂ ਆਇਆ | ਉਹ 16 ਜੁਲਾਈ ਨੂੰ ਦੋਵਾਂ ਉਮੀਦਵਾਰਾਂ ਨੂੰ ਮਿਲਣਗੇ ਅਤੇ ਜਵਾਬ ਮੰਗਣਗੇ | ਉਨ੍ਹਾਂ ਵੱਲੋਂ ਦਿੱਤੇ ਜਵਾਬ ਤੋਂ ਬਾਅਦ ਹੀ ਵੋਟ ਪਾਉਣ ਦਾ ਫੈਸਲਾ ਲਿਆ ਜਾਵੇਗਾ | ਖਾਲਿਸਤਾਨ ਬਾਰੇ ਸਵਾਲ ਪੁੱਛਣ ‘ਤੇ ਉਨ੍ਹਾ ਆਪਣੀ ਮੁੱਛ ਨੂੰ ਤਾਅ ਦਿੰਦਿਆਂ ਕਿਹਾ ਕਿ ਉਨ੍ਹਾ ਦੇ ਜਿੱਤਣ ਨਾਲ ਖਾਲਿਸਤਾਨ ਦੀ ਮੰਗ ਨੂੰ ਤਾਕਤ ਮਿਲੀ ਹੈ | ਪੰਜਾਬ ਦੇ ਵਿਗੜਦੇ ਲਾਅ ਐਂਡ ਆਰਡਰ ‘ਤੇ ਉਨ੍ਹਾ ਕਿਹਾ ਕਿ ਉਸ ਲਈ ਪੰਜਾਬ ਦੇ ਲੋਕ ਜ਼ਿੰਮੇਵਾਰ ਹਨ, ਜਿਨ੍ਹਾਂ ਆਮ ਆਦਮੀ ਪਾਰਟੀ ਨੂੰ ਵੋਟ ਪਾਈ | ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵਿਧਾਨ ਸਭਾ ਲਈ ਵੱਖਰੀ ਜ਼ਮੀਨ ਮੰਗੇ ਜਾਣ ‘ਤੇ ਉਨ੍ਹਾ ਕਿਹਾ ਕਿ ਇਹ ਪਾਰਟੀ ਤੁਹਾਨੂੰ ਹਸਾ ਸਕਦੀ ਤੇ ਚੁਟਕੁਲੇ ਸੁਣਾ ਸਕਦੀ ਹੈ, ਇਨ੍ਹਾਂ ਨੂੰ ਰਾਜ ਚਲਾਉਣ ਬਾਰੇ ਨਹੀਂ ਪਤਾ | ਆਉਣ ਵਾਲੇ ਸਮੇਂ ਵਿਚ ਇਹ ਸਰਕਾਰ ਆਪਣਾ ਚੰਡੀਗੜ੍ਹ ਤੋਂ ਵੀ ਹੱਕ ਖੋਹ ਲਵੇਗੀ | ਉਨ੍ਹਾ ਕਿਹਾ ਕਿ ਸਾਡੇ ਬੱਚੇ ਪੜ੍ਹਨ ਲਈ ਚੀਨ, ਯੂਕਰੇਨ, ਅਮਰੀਕਾ ਜਾਂਦੇ ਹਨ, ਜੇ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਹੱਥੋਂ ਚਲੀ ਗਈ ਤਾਂ ਉਹ ਸਮਾਂ ਦੂਰ ਨਹੀਂ, ਜਦੋਂ ਲਾਹੌਰ ਵਿਚ ਸਥਿਤ ਪੰਜਾਬ ਯੂਨੀਵਰਸਿਟੀ ਵਿਚ ਪੜ੍ਹਨ ਜਾਣਾ ਪਵੇਗਾ | ਉਹ ਤਾਂ ਆਪਣੇ ਪੋਤੇ ਦਾ ਦਾਖਲਾ ਲਾਹੌਰ ਯੂਨੀਵਰਸਿਟੀ ਵਿਚ ਕਰਵਾ ਵੀ ਰਹੇ ਹਨ |