ਨਵੀਂ ਦਿੱਲੀ : ਆਈ ਪੀ ਐੱਸ ਅਧਿਕਾਰੀ ਸੰਜੈ ਕੁੰਡੂ ਨੇ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਉਸ ਹੁਕਮ ਖਿਲਾਫ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ, ਜਿਸ ’ਚ ਉਸ ਨੇ ਕੁੰਡੂ ਨੂੰ ਡੀ ਜੀ ਪੀ ਦੇ ਅਹੁਦੇ ਤੋਂ ਹਟਾਉਣ ਦੇ ਨਿਰਦੇਸ਼ ਨੂੰ ਵਾਪਸ ਲੈਣ ਦੀ ਮੰਗ ਵਾਲੀ ਪਟੀਸ਼ਨ ਰੱਦ ਕਰ ਦਿੱਤੀ ਸੀ। ਐਡਵੋਕੇਟ ਗੌਰਵ ਗੁਪਤਾ ਵੱਲੋਂ ਦਾਇਰ ਪਟੀਸ਼ਨ ਹਾਲੇ ਸੁਣਵਾਈ ਲਈ ਸੂਚੀਬੱਧ ਨਹੀਂ ਕੀਤੀ ਗਈ ਹੈ। ਇਸ ਤੋਂ ਪਹਿਲਾਂ 9 ਜਨਵਰੀ ਨੂੰ ਕੁੰਡੂ ਅਤੇ ਕਾਂਗੜਾ ਦੀ ਐੱਸ ਪੀ ਸ਼ਾਲਿਨੀ ਅਗਨੀਹੋਤਰੀ ਨੂੰ ਝਟਕਾ ਦਿੰਦੇ ਹੋਏ ਹਾਈ ਕੋਰਟ ਨੇ ਉਨ੍ਹਾਂ ਦੀ ਨਜ਼ਰਸਾਨੀ ਪਟੀਸ਼ਨ ਰੱਦ ਕਰ ਦਿੱਤੀ ਸੀ, ਜਿਸ ’ਚ 26 ਦਸੰਬਰ 2023 ਦੇ ਹੁਕਮ ਨੂੰ ਵਾਪਸ ਲੈਣ ਦੀ ਬੇਨਤੀ ਕੀਤੀ ਗਈ ਸੀ।
ਮੁਫਤੀ ਦੀ ਗੱਡੀ ਨੂੰ ਹਾਦਸਾ
ਸ੍ਰੀਨਗਰ : ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਸੰਗਮ ਵਿਖੇ ਵੀਰਵਾਰ ਪੀ ਡੀ ਪੀ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੀ ਗੱਡੀ ਕਾਰ ਨਾਲ ਟਕਰਾਅ ਗਈ। ਮੁਫਤੀ, ਜੋ ਅੱਗ ਦੀ ਘਟਨਾ ਦੇ ਪੀੜਤਾਂ ਨੂੰ ਮਿਲਣ ਖਾਨਾਬਲ ਜਾ ਰਹੀ ਸੀ, ਨੂੰ ਕੋਈ ਸੱਟ ਨਹੀਂ ਲੱਗੀ। ਹਾਲਾਂਕਿ ਉਨ੍ਹਾ ਦੀ ਨਿੱਜੀ ਸੁਰੱਖਿਆ ’ਚ ਲੱਗੇ ਪੁਲਸ ਅਧਿਕਾਰੀ ਨੂੰ ਮਾਮੂਲੀ ਸੱਟਾਂ ਲੱਗੀਆਂ। ਮੁਫਤੀ ਨੇ ਹਾਦਸੇ ਤੋਂ ਬਾਅਦ ਆਪਣੀ ਯਾਤਰਾ ਜਾਰੀ ਰੱਖੀ।
ਜ਼ੋਰਦਾਰ ਭੂਚਾਲ
ਨਵੀਂ ਦਿੱਲੀ : ਵੀਰਵਾਰ ਅਫਗਾਨਿਸਤਾਨ ’ਚ ਜ਼ੋਰਦਾਰ ਭੂਚਾਲ ਆਇਆ ਤੇ ਰਿਕਟਰ ਪੈਮਾਨੇ ’ਤੇ ਇਸ ਦੀ ਸ਼ਿੱਦਤ 6.1 ਨਾਪੀ ਗਈ। ਭੂਚਾਲ ਦੇ ਝਟਕੇ ਉੱਤਰੀ ਭਾਰਤ ’ਚ ਵੀ ਮਹਿਸੂਸ ਕੀਤੇ ਗਏ। ਭਾਰਤੀ ਸਮੇਂ ਅਨੁਸਾਰ ਬਾਅਦ ਦੁਪਹਿਰ 2.50 ਵਜੇ ਆਏ ਭੂਚਾਲ ਦਾ ਕੇਂਦਰ ਕਾਬੁਲ ਤੋਂ 241 ਕਿਲੋਮੀਟਰ ਉੱਤਰ-ਪੂਰਬ ਵੱਲ ਸੀ। ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ ’ਚ ਬਹੁਤ ਸਾਰੇ ਲੋਕਾਂ ਨੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ।
ਸਿੱਧੇ ਟੈਕਸਾਂ ਦੀ ਉਗਰਾਹੀ 19.41 ਫੀਸਦੀ ਵਧੀ
ਨਵੀਂ ਦਿੱਲੀ : ਸਿੱਧੇ ਟੈਕਸ ਦੀ ਉਗਰਾਹੀ ਚਾਲੂ ਵਿੱਤੀ ਸਾਲ ਵਿਚ ਹੁਣ ਤੱਕ 19.41 ਫੀਸਦੀ ਵਧ ਕੇ 14.70 ਲੱਖ ਕਰੋੜ ਰੁਪਏ ਹੋ ਗਈ ਹੈ। ਇਹ ਪੂਰੇ ਵਿੱਤੀ ਸਾਲ ਦੇ ਟੀਚੇ ਦਾ 81 ਫੀਸਦੀ ਹੈ। ਆਮਦਨ ਕਰ ਵਿਭਾਗ ਨੇ ਵੀਰਵਾਰ ਇਸ ਦੀ ਜਾਣਕਾਰੀ ਦਿੱਤੀ। ਸਰਕਾਰ ਨੇ ਚਾਲੂ ਵਿੱਤੀ ਸਾਲ 2023-24 ’ਚ ਸਿੱਧੇ ਟੈਕਸਾਂ ਤੋਂ 18.23 ਲੱਖ ਕਰੋੜ ਰੁਪਏ ਪ੍ਰਾਪਤ ਕਰਨ ਦਾ ਟੀਚਾ ਰੱਖਿਆ ਹੈ। ਇਹ ਪਿਛਲੇ ਵਿੱਤੀ ਸਾਲ 2022-23 ਦੇ 16.61 ਲੱਖ ਕਰੋੜ ਰੁਪਏ ਤੋਂ 9.75 ਫੀਸਦੀ ਜ਼ਿਆਦਾ ਹੈ। ਸਿੱਧੇ ਟੈਕਸਾਂ ’ਚ ਨਿੱਜੀ ਆਮਦਨ ਟੈਕਸ ਅਤੇ ਕੰਪਨੀ ਟੈਕਸ ਸ਼ਾਮਲ ਹਨ।




